ਇੱਕ ਰੋਜ਼ਾ ਕ੍ਰਿਕਟ: ਭਾਰਤ ਦੀ ਇਤਿਹਾਸਕ ਜਿੱਤ

ਇੱਕ ਰੋਜ਼ਾ ਕ੍ਰਿਕਟ: ਭਾਰਤ ਦੀ ਇਤਿਹਾਸਕ ਜਿੱਤ

ਤਿਰੂਵਨੰਤਪੁਰਮ- ਭਾਰਤ ਨੇ ਤੀਜੇ ਤੇ ਆਖ਼ਰੀ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਸ੍ਰੀਲੰਕਾ ਨੂੰ 317 ਦੌੜਾਂ ਨਾਲ ਹਰਾ ਕੇ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਅਤੇ ਨਾਲ ਹੀ ਤਿੰਨ ਮੈਚਾਂ ਦੀ ਲੜੀ ਵਿੱਚ 3-0 ਨਾਲ ਹੂੰਝਾ ਫੇਰ ਦਿੱਤਾ। ਇੱਕ ਰੋਜ਼ਾ ਕ੍ਰਿਕਟ ਵਿੱਚ ਇਸ ਤੋਂ ਪਹਿਲਾਂ ਦੌੜਾਂ ਦੇ ਹਿਸਾਬ ਨਾਲ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਨਿਊਜ਼ੀਲੈਂਡ ਦੇ ਨਾਮ ਸੀ। ਉਸ ਨੇ ਸਾਲ 2008 ਵਿੱਚ ਆਇਰਲੈਂਡ ਨੂੰ 290 ਦੌੜਾਂ ਨਾਲ ਹਰਾਇਆ ਸੀ। ਭਾਰਤ ਵੱਲੋਂ ਦਿੱਤੇ 391 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ੍ਰੀਲੰਕਾ ਦੀ ਟੀਮ 22 ਓਵਰਾਂ ਵਿੱਚ ਸਿਰਫ਼ 73 ਦੌੜਾਂ ਹੀ ਬਣਾ ਸਕੀ। ਇਹ ਮਹਿਮਾਨ ਟੀਮ ਦੇ ਇਤਿਹਾਸ ਦਾ ਚੌਥਾ ਸਭ ਤੋਂ ਘੱਟ ਸਕੋਰ ਹੈ। ਸ੍ਰੀਲੰਕਾ ਦਾ ਕੋਈ ਬੱਲੇਬਾਜ਼ 20 ਦੌੜਾਂ ਨਹੀਂ ਬਣਾ ਸਕਿਆ। ਮੁਹੰਮਦ ਸਿਰਾਜ ਨੇ (32 ਦੌੜਾਂ ਦੇ ਕੇ) ਚਾਰ, ਮੁਹੰਮਦ ਸ਼ਮੀ (20 ਦੌੜਾਂ) ਅਤੇ ਕੁਲਦੀਪ ਯਾਦਵ ਨੇ (16 ਦੌੜਾਂ) ਦੋ-ਦੋ ਵਿਕਟਾਂ ਝਟਕਾਈਆਂ। ਭਾਰਤ ਦੀ ਸ੍ਰੀਲੰਕਾ ਖ਼ਿਲਾਫ਼ ਇਹ 96ਵੀਂ ਜਿੱਤ ਹੈ। ਇਹ ਕਿਸੇ ਇੱਕ ਟੀਮ ਖ਼ਿਲਾਫ਼ ਦੂਸਰੀ ਟੀਮ ਦੀ ਸਭ ਤੋਂ ਵੱਧ ਜਿੱਤਾਂ ਦਾ ਵਿਸ਼ਵ ਰਿਕਾਰਡ ਹੈ।

ਇਸ ਤੋਂ ਪਹਿਲਾਂ ਇੱੱਥੇ ਗਰੀਨਫੀਲਡ ਕੌਮਾਂਤਰੀ ਸਟੇਡੀਅਮ ਵਿੱਚ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼ੁਭਮਨ ਗਿੱਲ ਅਤੇ ਵਿਰਾਟ ਕੋਹਲੀ ਦੇ ਸੈਂਕੜਿਆਂ ਸਦਕਾ ਮਹਿਮਾਨ ਟੀਮ ਨੂੰ 391 ਦਾ ਟੀਚਾ ਦਿੱਤਾ। ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਕਪਤਾਨ ਰੋਹਿਤ ਸ਼ਰਮਾ ਨਾਲ ਪਾਰੀ ਦੀ ਸ਼ੁਰੂੁਆਤ ਕੀਤੀ। ਗਿੱਲ (97 ਗੇਂਦਾਂ) ਨੇ 116 ਦੌੜਾਂ (14 ਚੌਕੇ ਤੇ ਦੋ ਛੱਕੇ) ਅਤੇ ਰੋਹਿਤ ਨੇ 42 ਦੌੜਾਂ ਬਣਾਈਆਂ। ਇਸ ਮਗਰੋਂ ਵਿਰਾਟ ਨੇ 110 ਗੇਂਦਾਂ ’ਤੇ ਨਾਬਾਦ 166 ਦੌੜਾਂ ਦੀ ਪਾਰੀ ਖੇਡਦਿਆਂ ਟੀਮ ਨੂੰ 390 ਦੌੜਾਂ ਤੱਕ ਪਹੁੰਚਾਇਆ। ਉਸ ਨੇ ਆਪਣੀ ਪਾਰੀ ਵਿੱਚ 13 ਚੌਕੇ ਅਤੇ 8 ਛੱਕੇ ਜੜੇ। ਸ਼੍ਰੇਅਸ ਅਈਅਰ ਨੇ 38 ਦੌੜਾਂ ਬਣਾਈਆਂ। ਸ੍ਰੀਲੰਕਾ ਵੱਲੋਂ ਕੁਸਨ ਰਜਿਤਾ ਅਤੇ ਲਹਿਰੂ ਕੁਮਰਾ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ, ਜਦਕਿ ਚਾਮਕਾ ਕਰੁਨਾਰਤਨੇ ਨੂੰ ਇੱਕ ਵਿਕਟ ਮਿਲੀ।