ਇੰਦੌਰ: ਸ਼੍ਰੋਮਣੀ ਕਮੇਟੀ ਦਾ ਵਫ਼ਦ ਸਿੰਧੀ ਸਮਾਜ ਦੇ ਨੁਮਾਇੰਦਿਆਂ ਨੂੰ ਮਿਲਿਆ

ਇੰਦੌਰ: ਸ਼੍ਰੋਮਣੀ ਕਮੇਟੀ ਦਾ ਵਫ਼ਦ ਸਿੰਧੀ ਸਮਾਜ ਦੇ ਨੁਮਾਇੰਦਿਆਂ ਨੂੰ ਮਿਲਿਆ

ਸਿੰਧੀ ਸਮਾਜ ਦੇ ਘਰਾਂ ’ਚੋਂ ਜਬਰੀ ਪਾਵਨ ਸਰੂਪ ਹਟਾਏ ਜਾਣ ’ਤੇ ਖੜ੍ਹਾ ਹੋਇਆ ਸੀ ਵਿਵਾਦ
ਅੰਮ੍ਰਿਤਸਰ-ਇੰਦੌਰ ਸਥਿਤ ਸਿੰਧੀ ਸਮਾਜ ਦੇ ਆਗੂਆਂ ਨਾਲ ਗੱਲਬਾਤ ਕਰਨ ਲਈ ਪੰਜਾਬ ਤੋਂ ਸ਼੍ਰੋਮਣੀ ਕਮੇਟੀ ਦਾ ਵਫ਼ਦ ਅੱਜ ਉਥੇ ਪੁੱਜ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਫ਼ਦ ਵੱਲੋਂ ਸਿੰਧੀ ਸਮਾਜ ਦੇ ਆਗੂਆਂ ਨਾਲ ਗੱਲਬਾਤ ਆਰੰਭੀ ਗਈ ਹੈ।

ਇਸ ਦੀ ਪੁਸ਼ਟੀ ਕਰਦਿਆਂ ਸਿੰਧੀ ਸੰਤ ਸਮਾਜ ਦੇ ਆਗੂਆਂ ਨੇ ਆਖਿਆ ਕਿ ਭਲਕੇ ਇਸ ਸਬੰਧ ਵਿੱਚ ਇਕ ਹੋਰ ਮੀਟਿੰਗ ਕੀਤੀ ਜਾਵੇਗੀ। ਸਿੱਖ ਵਫ਼ਦ ਵਿੱਚ ਸ਼ਾਮਲ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਨੇ ਕਿਹਾ ਕਿ ਸਿੰਧੀ ਸਮਾਜ ਨਾਲ ਸਦਭਾਵਨਾ ਵਾਲੇ ਮਾਹੌਲ ਵਿੱਚ ਗੱਲਬਾਤ ਹੋਈ ਹੈ ਅਤੇ ਚੰਗੇ ਨਤੀਜੇ ਸਾਹਮਣੇ ਆਉਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਕਾਰਕੁਨਾਂ ਵੱਲੋਂ ਇੰਦੌਰ ਰਹਿੰਦੇ ਸਿੰਧੀ ਭਾਈਚਾਰੇ ਦੇ ਘਰਾਂ ਅਤੇ ਧਾਰਮਿਕ ਅਸਥਾਨਾਂ ਤੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਹਟਾ ਦਿੱਤੇ ਗਏ ਸਨ। ਸਤਿਕਾਰ ਕਮੇਟੀ ਦੇ ਕਾਰਕੁਨਾਂ ਦਾ ਤਰਕ ਸੀ ਕਿ ਸਿੰਧੀ ਭਾਈਚਾਰੇ ਵੱਲੋਂ ਪਾਵਨ ਸਰੂਪਾਂ ਦੀ ਦੇਖਭਾਲ ਤੇ ਮਾਣ-ਸਤਿਕਾਰ ਮਰਿਆਦਾ ਅਨੁਸਾਰ ਨਹੀਂ ਕੀਤਾ ਜਾ ਰਿਹਾ। ਦੂਜੇ ਪਾਸੇ ਸਿੰਧੀ ਸਮਾਜ ਵੱਲੋਂ ਸਤਿਕਾਰ ਕਮੇਟੀ ਦੀ ਇਸ ਕਾਰਵਾਈ ਦਾ ਸਖ਼ਤ ਵਿਰੋਧ ਕਰਦਿਆਂ ਸਿੱਖ ਭਾਈਚਾਰੇ ਨਾਲ ਸਮਾਜਿਕ ਦੂਰੀ ਕਾਇਮ ਕਰ ਲਈ ਸੀ।

ਇਹ ਮਾਮਲਾ ਸ੍ਰੀ ਅਕਾਲ ਤਖ਼ਤ ’ਤੇ ਪੁੱਜਣ ਮਗਰੋਂ ਮੌਕੇ ਦੀ ਜਾਣਕਾਰੀ ਹਾਸਲ ਕਰਨ ਲਈ ਇਕ ਵਫ਼ਦ ਇੰਦੌਰ ਭੇਜਿਆ ਗਿਆ ਸੀ, ਜਿਸ ਵੱਲੋਂ ਦਿੱਤੀ ਗਈ ਰਿਪੋਰਟ ਦੇ ਆਧਾਰ ’ਤੇ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਉਕਤ ਵਫ਼ਦ ਨੂੰ ਗੱਲਬਾਤ ਲਈ ਭੇਜਿਆ ਗਿਆ ਹੈ।

ਇਸ ਵਫ਼ਦ ਵਿਚ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸੁਖਵਰਸ਼ ਸਿੰਘ ਪੰਨੂ, ਵਧੀਕ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਛੱਤੀਸਗੜ੍ਹ ਸਿੱਖ ਮਿਸ਼ਨ ਦੇ ਇੰਚਾਰਜ ਭਾਈ ਗੁਰਮੀਤ ਸਿੰਘ ਅਤੇ ਆਈਟੀ ਵਿਭਾਗ ਦੇ ਨੁਮਾਇੰਦੇ ਜਸਕਰਨ ਸਿੰਘ ਸ਼ਾਮਲ ਹਨ।

ਬੀਤੇ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਸੀ ਕਿ ਇਸ ਗੰਭੀਰ ਮਸਲੇ ਨੂੰ ਹੱਲ ਕਰਨ ਅਤੇ ਦੋਵੇਂ ਭਾਈਚਾਰਿਆਂ ਵਿਚਲੀ ਸਾਂਝ ਨੂੰ ਬਰਕਰਾਰ ਰੱਖਣ ਦੇ ਉਦੇਸ਼ ਲਈ ਸ਼੍ਰੋਮਣੀ ਕਮੇਟੀ ਵੱਲੋਂ ਵਫ਼ਦ ਭੇਜ ਕੇ ਸਿੰਧੀ ਸਮਾਜ ਦੇ ਨੁਮਾਇੰਦਿਆਂ ਨਾਲ ਵਿਚਾਰ-ਚਰਚਾ ਕਰਨ ਦਾ ਯਤਨ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਸਿੰਧੀ ਸਮਾਜ ਸਿੱਖ ਕੌਮ ਦਾ ਅਹਿਮ ਹਿੱਸਾ ਹੈ, ਜਿਸ ਦੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਨੂੰ ਸੱਟ ਨਹੀਂ ਵੱਜਣ ਦਿੱਤੀ ਜਾਵੇਗੀ।