ਇੰਦੌਰ ਟੈਸਟ: ਭਾਰਤ ਦੀ ਦੂਜੀ ਪਾਰੀ 163 ਦੌੜਾਂ ’ਤੇ ਸਿਮਟੀ; ਆਸਟਰੇਲੀਆ ਦੀ ਟੀਮ ਨੂੰ ਜਿੱਤ ਲਈ 76 ਦੌੜਾਂ ਦਾ ਟੀਚਾ

ਇੰਦੌਰ ਟੈਸਟ: ਭਾਰਤ ਦੀ ਦੂਜੀ ਪਾਰੀ 163 ਦੌੜਾਂ ’ਤੇ ਸਿਮਟੀ; ਆਸਟਰੇਲੀਆ ਦੀ ਟੀਮ ਨੂੰ ਜਿੱਤ ਲਈ 76 ਦੌੜਾਂ ਦਾ ਟੀਚਾ

ਇੰਦੌਰ: ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਤੀਸਰੇ ਟੈਸਟ ਮੈਚ ਦੇ ਦੂਜੇ ਦਿਨ ਵੀਰਵਾਰ ਨੂੰ ਚੇਤੇਸ਼ਵਰ ਪੁਜਾਰਾ ਦੇ ਅਰਧ ਸੈਂਕੜੇ ਦੇ ਬਾਵਜੂਦ ਭਾਰਤ ਦੀ ਦੂਜੀ ਪਾਰੀ 163 ਦੌੜਾਂ ’ਤੇ ਸਿਮਟ ਗਈ। ਆਸਟਰੇਲਿਆਈ ਗੇਂਦਬਾਜ਼ ਨਾਥਨ ਲਿਓਨ (64 ਦੌੜਾਂ ’ਤੇ 8 ਵਿਕਟਾਂ) ਦੀ ਫਿਰਕੀ ਗੇਂਦਬਾਜ਼ੀ ਅੱਗੇ ਭਾਰਤੀ ਬੱਲੇਬਾਜ਼ ਟਿਕ ਨਾ ਸਕੇ। ਆਸਟਰੇਲੀਆ ਦੀ ਟੀਮ ਨੂੰ ਹੁਣ 76 ਦੌੜਾਂ ਦਾ ਟੀਚਾ ਮਿਲਿਆ ਹੈ। ਆਸਟਰੇਲਿਆਈ ਟੀਮ ਸ਼ੁੱਕਰਵਾਰ ਨੂੰ ਮੈਚ ਦੇ ਤੀਸਰੇ ਦਿਨ ਟੀਚਾ ਹਾਸਲ ਕਰ ਕੇ ਜੂਨ ਵਿੱਚ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਪੱਕੀ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ। ਮੌਜੂਦਾ ਮੈਚ ’ਚ ਇੰਦੌਰ ਸਟੇਡੀਅਮ ਦੀ ਪਿੱਚ ਫਿਰਕੀ ਗੇਂਦਬਾਜ਼ੀ ਲਈ ਲਾਹੇਵੰਦ ਸਾਬਤ ਹੋ ਰਹੀ ਹੈ ਤੇ ਇਸ ਪਿੱਚ ’ਤੇ ਭਾਰਤੀ ਬੱਲੇਬਾਜ਼ ਸੰਘਰਸ਼ ਕਰਦੇ ਹੋਏ ਨਜ਼ਰ ਆਏ ਅਤੇ ਪੁਜਾਰਾ (142 ਗੇਂਦਾ ’ਤੇ 59 ਦੌੜਾਂ, ਪੰਜ ਚੌਕੇ, ਇਕ ਛੱਕਾ) ਤੋਂ ਇਲਾਵਾ ਵੀ ਕੋਈ ਵੀ ਬੱਲੇਬਾਜ਼ ਆਸਟਰੇਲੀਆ ਦੇ ਫਿਰਕੀ ਗੇਂਦਬਾਜ਼ ਨਾਥਨ ਲਿਓਨ ਦਾ ਡਟ ਕੇ ਸਾਹਮਣਾ ਨਾ ਕਰ ਸਕਿਆ। ਇਸ ਮੈਚ ਵਿੱਚ ਲਿਓਨ ਨੇ 99 ਦੌੜਾਂ ਦੇ ਕੇ 11 ਖਿਡਾਰੀ ਆਊਟ ਕੀਤੇ ਹਨ। ਪੁਜਾਰਾ ਤੋਂ ਇਲਾਵਾ ਸਿਰਫ ਸ਼੍ਰੇਅਸ ਅਈਅਰ (26) ਹੀ 20 ਦੌੜਾਂ ਦਾ ਅੰਕੜਾ ਪਾਰ ਕਰ ਸਕਿਆ। ਇਸੇ ਦੌਰਾਨ ਆਸਟੇਲੀਅਨ ਖਿਡਾਰੀਆਂ ਵੱਲੋਂ ਕੀਤੀ ਗਈ ਸ਼ਾਨਦਾਰ ਫੀਲਡਿੰਗ ਨੇ ਵੀ ਭਾਰਤ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਿਆ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਬੁੱਧਵਾਰ ਨੂੰ ਪਹਿਲੀ ਪਾਰੀ ਵਿੱਚ 109 ਦੌੜਾਂ ’ਤੇ ਆਊਟ ਹੋ ਗਈ ਸੀ ਜਿਸ ਮਗਰੋਂ ਵੀਰਵਾਰ ਨੂੰ ਟੀਮ ਇੰਡੀਆ ਨੇ ਆਸਟਰੇਲੀਅਨ ਟੀਮ ਨੂੰ 197 ਦੌੜਾਂ ’ਤੇ ਸਮੇਟ ਕੇ ਮੇਜ਼ਬਾਨ ਟੀਮ ਦੀ ਟੈਸਟ ਮੈਚ ਵਿੱਚ ਵਾਪਸੀ ਦੀ ਉਮੀਦ ਜਗਾਈ।