ਇੰਡੋਨੇਸ਼ੀਆ ਓਪਨ: ਸਾਤਵਿਕ ਤੇ ਚਿਰਾਗ ਦੀ ਜੋੜੀ ਫਾਈਨਲ ’ਚ

ਇੰਡੋਨੇਸ਼ੀਆ ਓਪਨ: ਸਾਤਵਿਕ ਤੇ ਚਿਰਾਗ ਦੀ ਜੋੜੀ ਫਾਈਨਲ ’ਚ

ਜਕਾਰਤਾ- ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਇੰਡੋਨੇਸ਼ੀਆ ਓਪਨ ਵਰਲਡ ਟੂਰ ਸੁਪਰ 1000 ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਹਾਲਾਂਕਿ, ਭਾਰਤੀ ਖਿਡਾਰੀ ਐੱਚਐੱਸ ਪ੍ਰਣੌਏ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ਵਿੱਚ ਹਾਰ ਕੇ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਿਆ। ਉਸ ਨੂੰ ਡੈੱਨਮਾਰਕ ਦੇ ਚੋਟੀ ਦਾ ਦਰਜਾ ਪ੍ਰਾਪਤ ਵਿਕਟਰ ਐਕਸਲਸੇਨ ਨੇ 15-21, 15-21 ਨਾਲ ਹਰਾਇਆ। ਇਸ ਤੋਂ ਪਹਿਲਾਂ ਸਾਤਵਿਕ ਤੇ ਚਿਰਾਗ ਦੀ ਭਾਰਤੀ ਜੋੜੀ ਨੂੰ ਫਾਈਨਲ ਵਿੱਚ ਪੁੱਜਣ ਲਈ ਕਾਫ਼ੀ ਸੰਘਰਸ਼ ਕਰਨਾ ਪਿਆ। ਉਸ ਨੇ ਸੈਮੀਫਾਈਨਲ ਵਿੱਚ ਕੋਰੀਆ ਦੇ ਮਿਨ ਹਿਊਕ ਕਾਂਗ ਅਤੇ ਸੇਂਗ ਜਾਏ ਸਿਓ ਦੀ ਜੋੜੀ ਨੂੰ ਸ਼ਿਕਸਤ ਦਿੱਤੀ। ਕੋਰਿਆਈ ਖਿਡਾਰੀਆਂ ਨੂੰ 17-21, 21-19, 21-18 ਨਾਲ ਹਰਾਉਣ ਲਈ ਸੱਤਵਾਂ ਦਰਜਾ ਪ੍ਰਾਪਤ ਭਾਰਤੀ ਜੋੜੀ ਨੂੰ ਇੱਕ ਘੰਟਾ ਸੱਤ ਮਿੰਟ ਤੱਕ ਜੂਝਣਾ ਪਿਆ। ਇਨ੍ਹਾਂ ਦੋਵਾਂ ਜੋੜੀਆਂ ਦਰਮਿਆਨ ਪੰਜ ਮੈਚਾਂ ਵਿੱਚ ਸਾਤਵਿਕ ਤੇ ਚਿਰਾਗ ਦੀ ਇਹ ਤੀਸਰੀ ਜਿੱਤ ਹੈ। ਵਿਸ਼ਵ ਦਰਜਾਬੰਦੀ ਵਿੱਚ ਛੇਵੇਂ ਸਥਾਨ ’ਤੇ ਕਾਬਜ਼ ਭਾਰਤੀ ਜੋੜੀ ਪਹਿਲੀ ਵਾਰ ਸੁਪਰ 1000 ਪੱਧਰ ਦੇ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚੀ ਹੈ। ਖ਼ਿਤਾਬੀ ਮੁਕਾਬਲੇ ਵਿੱਚ ਇਸ ਜੋੜੀ ਸਾਹਮਣੇ ਇੰਡੋਨੇਸ਼ੀਆ ਦੇ ਪ੍ਰਮੁਦਿਆ ਕੁਸੁਮਵਰਧਨਾ ਤੇ ਯੈਰੇਮੀਆ ਐਰਿਕ ਯੌਚੇ ਯਾਕੂਬ ਰਾਮਬਿਟਨ ਤੇ ਦੂਜਾ ਦਰਜਾ ਪ੍ਰਾਪਤ ਮਲੇਸ਼ੀਆ ਦੇ ਆਰੋਨ ਚੀਆ ਅਤੇ ਵੂਈ ਯਿਕ ਸੋਹ ਦੀ ਜੋੜੀ ਦਰਮਿਆਨ ਖੇਡੇ ਜਾਣ ਵਾਲੇ ਸੈਮੀਫਾਈਨਲ ਦੇ ਜੇਤੂ ਦੀ ਚੁਣੌਤੀ ਹੋਵੇਗੀ।