‘ਇੰਡੀਆ’ 14 ਟੀਵੀ ਐਂਕਰਾਂ ਦੇ ਸ਼ੋਅਜ਼ ਦਾ ਕਰੇਗਾ ਬਾਈਕਾਟ

‘ਇੰਡੀਆ’ 14 ਟੀਵੀ ਐਂਕਰਾਂ ਦੇ ਸ਼ੋਅਜ਼ ਦਾ ਕਰੇਗਾ ਬਾਈਕਾਟ

ਨਵੀਂ ਦਿੱਲੀ- ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਨੇ ਐਲਾਨ ਕੀਤਾ ਹੈ ਕਿ ਉਹ ਵੱਖ ਵੱਖ ਟੀਵੀ ਚੈਨਲਾਂ ਦੇ 14 ਐਂਕਰਾਂ ਦੇ ਸ਼ੋਅਜ਼ ਦਾ ਬਾਈਕਾਟ ਕਰੇਗਾ। ਭਾਜਪਾ ਨੇ ਇਸ ਫ਼ੈਸਲੇ ਦੀ ਐਮਰਜੈਂਸੀ ਨਾਲ ਤੁਲਨਾ ਕੀਤੀ ਹੈ। ‘ਇੰਡੀਆ’ ਦੀ ਮੀਡੀਆ ਕਮੇਟੀ ਨੇ 14 ਪੱਤਰਕਾਰਾਂ ਦੇ ਪ੍ਰੋਗਰਾਮਾਂ ਦਾ ਬਾਈਕਾਟ ਕਰਨ ਦਾ ਫ਼ੈਸਲਾ ਲਿਆ ਹੈ ਤੇ ਆਪਣੇ ਨੁਮਾਇੰਦਿਆਂ ਨੂੰ ਉਨ੍ਹਾਂ ਦੇ ਬਹਿਸ ਵਾਲੇ ਪ੍ਰੋਗਰਾਮਾਂ ’ਚ ਨਹੀ ਭੇਜਿਆ ਜਾਵੇਗਾ। ਕਾਂਗਰਸ ਤਰਜਮਾਨ ਪਵਨ ਖੇੜਾ ਨੇ ਇਸ ਐਕਸ਼ਨ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਕੁਝ ਚੈਨਲਾਂ ਨੇ ਪਿਛਲੇ 9 ਸਾਲਾਂ ਤੋਂ ‘ਨਫ਼ਰਤ ਦਾ ਬਾਜ਼ਾਰ’ ਫੈਲਾਇਆ ਹੋਇਆ ਹੈ। ‘ਇੰਡੀਆ’ ’ਚ ਸ਼ਾਮਲ ਪਾਰਟੀਆਂ ਨੇ ‘ਨਫ਼ਰਤ ਨਾਲ ਭਰੇ ਬਿਰਤਾਂਤ’ ਨੂੰ ਜਾਇਜ਼ ਨਾ ਠਹਿਰਾਉਣ ਦਾ ਫ਼ੈਸਲਾ ਲਿਆ ਹੈ ਜੋ ਸਮਾਜ ਨੂੰ ਖੋਰਾ ਲਾ ਰਿਹਾ ਹੈ। ਖੇੜਾ ਨੇ ਕਿਹਾ ਕਿ ਇਹ ਫ਼ੈਸਲਾ ਲੈਣ ਪਿੱਛੇ ਇਹੋ ਆਧਾਰ ਸੀ ਕਿਉਂਕਿ ਸਮਾਜ ’ਚ ਨਫ਼ਰਤ ਫੈਲਾਉਣ ਦੀ ਕਿਸੇ ਵੀ ਕਾਰਵਾਈ ’ਚ ਉਹ ਧਿਰ ਨਹੀਂ ਬਣਨਾ ਚਾਹੁੰਦੇ ਹਨ। ਖੇੜਾ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਐਂਕਰ ਨਾਲ ਕੋਈ ਵਿਰੋਧ ਨਹੀਂ ਹੈ ਪਰ ਉਹ ਕਿਸੇ ਵੀ ਅਜਿਹੀ ਕੋਸ਼ਿਸ਼ ’ਚ ਧਿਰ ਨਹੀਂ ਬਣਨਾ ਚਾਹੁਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਐਂਕਰ ਆਪਣੇ ਅੰਦਰ ਝਾਤ ਮਾਰ ਕੇ ਕੁਝ ਸਹੀ ਕਦਮ ਜ਼ਰੂਰ ਚੁਕਣਗੇ। ਉਧਰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ‘ਇੰਡੀਆ’ ਦੇ ਫ਼ੈਸਲੇ ਦੀ ਤੁਲਨਾ ਐਮਰਜੈਂਸੀ ਨਾਲ ਕਰਦਿਆਂ ਕਿਹਾ ਕਿ ਇਹ ਮੀਡੀਆ ਦੇ ਹੱਕਾਂ ’ਤੇ ਰੋਕ ਲਾਉਣ ਦੇ ਤੁੱਲ ਹੈ। ਉਨ੍ਹਾਂ ‘ਐਕਸ’ ’ਤੇ ਕਿਹਾ ਕਿ ਇਸ ਫ਼ੈਸਲੇ ਨਾਲ ‘ਇੰਡੀਆ’ ਦਾ ਅਸਲ ਚਿਹਰਾ ਸਾਹਮਣੇ ਆ ਗਿਆ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਐਂਕਰਾਂ ਦੇ ਸ਼ੋਅ ’ਚ ਨਾ ਜਾਣ ਦੇ ਫ਼ੈਸਲੇ ਨਾਲ ‘ਇੰਡੀਆ’ ਦੀ ਹਤਾਸ਼ਾ ਝਲਕਦੀ ਹੈ। ਇਸ ਦੌਰਾਨ ਨੈਸ਼ਨਲ ਯੂਨੀਅਨ ਆਫ਼ ਜਰਨਲਿਸਟਸ ਨੇ ਐਂਕਰਾਂ ਦੇ ਬਾਈਕਾਟ ਨੂੰ ਲੋਕਤੰਤਰ ’ਤੇ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਗਲਤ ਤੇ ਸਵੀਕਾਰਨਯੋਗ ਨਹੀਂ ਹੈ। ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਦੀ ਧੀ ਤੇ ਉਸ ਦੀ ਮੀਡੀਆ ਸਲਾਹਕਾਰ ਇਲਤਿਜਾ ਮੁਫ਼ਤੀ ਨੇ ਕਿਹਾ ਕਿ ਐਂਕਰਾਂ ਦੇ ਬਾਈਕਾਟ ਦਾ ਫ਼ੈਸਲਾ ਲੰਬਾ ਸਮਾਂ ਪਹਿਲਾਂ ਲੈ ਲਿਆ ਜਾਣਾ ਚਾਹੀਦਾ ਸੀ। ਉਸ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਗੋਦੀ ਮੀਡੀਆ ਦੇ ਐਂਕਰ ਆਪਣੇ ਸ਼ੋਅਜ਼ ਰਾਹੀਂ ਘੱਟ ਗਿਣਤੀਆਂ ਨੂੰ ਬੁਰਾ ਬਣਾ ਕੇ ਲੋਕਾਂ ’ਚ ਨਫ਼ਰਤ ਫੈਲਾ ਰਹੇ ਹਨ।