‘ਇੰਡੀਆ’ ਗੱਠਜੋੜ ਅਜੇ ਵੀ ਮਜ਼ਬੂਤ, ਸੀਟਾਂ ਦੀ ਵੰਡ ਬਾਰੇ ਫ਼ੈਸਲਾ ਛੇਤੀ: ਜੈਰਾਮ ਰਮੇਸ਼

‘ਇੰਡੀਆ’ ਗੱਠਜੋੜ ਅਜੇ ਵੀ ਮਜ਼ਬੂਤ, ਸੀਟਾਂ ਦੀ ਵੰਡ ਬਾਰੇ ਫ਼ੈਸਲਾ ਛੇਤੀ: ਜੈਰਾਮ ਰਮੇਸ਼

ਕੋਰਬਾ- ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਵਿਰੋਧੀ ਧਿਰਾਂ ਦਾ ਗੱਠਜੋੜ ‘ਇੰਡੀਆ’ ਅਜੇ ਵੀ ਮਜ਼ਬੂਤ ਹੈ ਅਤੇ ਸਾਰੀਆਂ ਪਾਰਟੀਆਂ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਛੇਤੀ ਅੰਤਿਮ ਰੂਪ ਦੇ ਦੇਣਗੀਆਂ। ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਦੇ ਪਿੰਡ ਬਰਪਾਲੀ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੈਰਾਮ ਰਮੇਸ਼ ਨੇ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਜੇਡੀ(ਯੂ) ਅਤੇ ਰਾਸ਼ਟਰੀ ਲੋਕ ਦਲ (ਆਰਐੱਲਡੀ) ਭਾਵੇਂ ਗੱਠਜੋੜ ਨੂੰ ਅਲਵਿਦਾ ਆਖ ਗਏ ਹਨ ਪਰ ਇਸ ਦਾ ‘ਇੰਡੀਆ’ ’ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਸਿਰਫ਼ ਦੋ ਪਾਰਟੀਆਂ ਨੇ ‘ਇੰਡੀਆ’ ਗੱਠਜੋੜ ਨੂੰ ਛੱਡਿਆ ਹੈ ਅਤੇ ‘ਆਪ’, ਡੀਐੱਮਕੇ, ਐੱਨਸੀਪੀ, ਊਧਵ ਠਾਕਰੇ ਦੀ ਅਗਵਾਈ ਹੇਠਲੀ ਸ਼ਿਵ ਸੈਨਾ (ਯੂਬੀਟੀ) ਅਤੇ ਮਮਤਾ ਬੈਨਰਜੀ ਨਾਲ ਸੀਟਾਂ ਦੀ ਵੰਡ ਬਾਰੇ ਗੱਲਬਾਤ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਕਾਂਗਰਸ ਆਗੂ ਨੇ ਕਿਹਾ ਕਿ ਉਹ (ਮੋਦੀ) ‘ਇਕ ਰਾਸ਼ਟਰ, ਇਕ ਟੈਕਸ’ ਅਤੇ ‘ਇਕ ਰਾਸ਼ਟਰ, ਇਕ ਚੋਣ’ ਦੀ ਗੱਲ ਕਰਦੇ ਹਨ ਪਰ ਹਕੀਕਤ ’ਚ ਇਹ ਨਾਅਰਾ ਪਿਛਲੇ 10 ਸਾਲਾਂ ’ਚ ‘ਇਕ ਰਾਸ਼ਟਰ, ਇਕ ਕੰਪਨੀ’ ਬਣ ਗਿਆ ਹੈ। ਉਨ੍ਹਾਂ ਲਾਲ ਕ੍ਰਿਸ਼ਨ ਅਡਵਾਨੀ ਨੂੰ ਭਾਰਤ ਮਿਲਣ ’ਤੇ ਮਖੌਲ ਕਰਦਿਆਂ ਕਿਹਾ ਕਿ ਟਾਈਪਿਸਟ ਨੇ ਗਲਤੀ ਨਾਲ ‘ਅਡਾਨੀ’ ਦੀ ਥਾਂ ’ਤੇ ਭਾਜਪਾ ਆਗੂ ਅਡਵਾਨੀ ਦਾ ਨਾਮ ਲਿਖ ਦਿੱਤਾ।

ਲੋਕ ਸਭਾ ਚੋਣਾਂ ’ਚ ਕਾਂਗਰਸ ਦੀ ਸਥਿਤੀ ਬਾਰੇ ਉਨ੍ਹਾਂ ਫਿਲਮ ‘ਬੀਸ ਸਾਲ ਬਾਦ’ ਦਾ ਜ਼ਿਕਰ ਕਰਦਿਆਂ ਕਿਹਾ ਕਿ 2003 ’ਚ ਪਾਰਟੀ ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ’ਚ ਚੋਣਾਂ ਹਾਰ ਗਈ ਸੀ ਪਰ 2004 ’ਚ ਕਾਂਗਰਸ ਦੀ ਅਗਵਾਈ ਹੇਠ ਯੂਪੀਏ ਨੇ ਕੇਂਦਰ ’ਚ ਸਰਕਾਰ ਬਣਾਈ ਸੀ ਅਤੇ ਹੁਣ 20 ਸਾਲਾਂ ਬਾਅਦ ਅਜਿਹੇ ਹਾਲਾਤ ਬਣੇ ਹੋਏ ਹਨ ਤੇ ਕਾਂਗਰਸ 2024 ’ਚ ਇਸ ਨੂੰ ਦੁਹਰਾਉਣ ਜਾ ਰਹੀ ਹੈ।