ਇੰਗਲੈਂਡ ਦੇ ਤਾਜਪੋਸ਼ੀ ਸਮਾਗਮ ’ਚ ਸ਼ਿਰਕਤ ਕਰਨਗੇ ਜਸਟਿਨ ਟਰੂਡੋ

ਇੰਗਲੈਂਡ ਦੇ ਤਾਜਪੋਸ਼ੀ ਸਮਾਗਮ ’ਚ ਸ਼ਿਰਕਤ ਕਰਨਗੇ ਜਸਟਿਨ ਟਰੂਡੋ

ਵੈਨਕੂਵਰ- ਇੰਗਲੈਂਡ ਦੇ ਸ਼ਾਹੀ ਤਖਤ ’ਤੇ ਬੈਠਣ ਵਾਲੇ ਮਹਾਰਾਜਾ ਚਾਰਲਸ ਤੀਜੇ ਦੇ 6 ਮਈ ਨੂੰ ਹੋਣ ਵਾਲੇ ਤਾਜਪੋਸ਼ੀ ਸਮਾਗਮ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਗਵਰਨਰ ਜਨਰਲ ਬੀਬੀ ਮੈਰੀ ਸਾਈਮਨ ਤੇ ਵਿੱਕ ਫ਼ਰੇਜ਼ਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣ ਲਈ ਲੰਡਨ ਪਹੁੰਚ ਰਹੇ ਹਨ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਸੂਚਨਾ ਅਨੁਸਾਰ ਪ੍ਰਧਾਨ ਮੰਤਰੀ ਦੀ ਪਤਨੀ ਸੋਫੀਆ ਟਰੂਡੋ ਵੀ ਉਨ੍ਹਾਂ ਨਾਲ ਹੋਣਗੇ। ਇਸ ਵਫ਼ਦ ਵਿੱਚ ਮੂਲ ਵਾਸੀ ਸੰਗਠਨਾਂ ਦੇ ਮੁਖੀਆਂ ਅਤੇ ਪ੍ਰਮੁੱਖ ਕਾਰਕੁਨਾਂ ਨੂੰ ਵੀ ਸ਼ਾਮਲ ਕੀਤੇ ਜਾਣ ਬਾਰੇ ਦੱਸਿਆ ਗਿਆ ਹੈ। ਕੈਨੇਡਾ ਵਿਚ ਤਾਜਪੋਸ਼ੀ ਸਮਾਗਮ ਦਾ ਸਿੱਧਾ ਪ੍ਰਸਾਰਨ ਦਿਖਾਏ ਜਾਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਮਹਾਰਾਣੀ ਐਲਿਜ਼ਾਬੈੱਥ ਦੀ ਪਿਛਲੇ ਸਾਲ ਸਤੰਬਰ ਵਿੱਚ ਹੋਈ ਮੌਤ ਕਾਰਨ ਲੰਡਨ ਵਿਚ ਤਾਜਪੋਸ਼ੀ ਸਮਾਗਮ 70 ਸਾਲ ਬਾਅਦ ਹੋ ਰਿਹਾ ਹੈ। ਜਾਰੀ ਪੱਤਰ ਅਨੁਸਾਰ ਕੈਨੇਡਾ ਸਰਕਾਰ ਵੱਲੋਂ ਤਾਜਪੋਸ਼ੀ ਸਬੰਧੀ 30 ਹਜ਼ਾਰ ਤਗ਼ਮੇ ਤਿਆਰ ਕਰਵਾ ਕੇ ਉਨ੍ਹਾਂ ਦੇਸ਼ ਵਾਸੀਆਂ ਨੂੰ ਦਿੱਤੇ ਜਾਣਗੇ, ਜਿਨ੍ਹਾਂ ਨੇ ਕੈਨੇਡਾ ਦੇ ਬਹੁ-ਸੱਭਿਆਚਾਰ, ਵਿੱਤੀ ਵਿਕਾਸ, ਭਾਈਚਾਰਕ ਸਾਂਝ ਅਤੇ ਹੋਰ ਕੰਮਾਂ ਵਿਚ ਅਹਿਮ ਯੋਗਦਾਨ ਪਾਇਆ ਹੈ।