ਇਸਰੋ ਵੱਲੋਂ ਉਪਗ੍ਰਹਿ ਇਨਸੈਟ-3ਡੀਐੱਸ ਦੀ ਸਫ਼ਲ ਲਾਂਚਿੰਗ

ਇਸਰੋ ਵੱਲੋਂ ਉਪਗ੍ਰਹਿ ਇਨਸੈਟ-3ਡੀਐੱਸ ਦੀ ਸਫ਼ਲ ਲਾਂਚਿੰਗ

ਸ੍ਰੀਹਰੀਕੋਟਾ- ਧਰਤੀ ਤੇ ਮਹਾਸਾਗਰ ਦੀ ਸਤ੍ਵਾ ਦਾ ਅਧਿਐਨ ਕਰਨ ਲਈ ਆਪਣੇ ਮਿਸ਼ਨ ਨੂੰ ਅੱਗੇ ਵਧਾਉਂਦਿਆਂ ਇਸਰੋ ਨੇ ਅੱਜ ਜੀਐੱਸਐੱਲਵੀ ਰਾਕੇਟ ’ਤੇ ਆਪਣਾ ਅਗਲੀ ਪੀੜ੍ਹੀ ਦਾ ਮੌਸਮ ਨਿਗਰਾਨ ਉਪਗ੍ਰਹਿ ‘ਇਨਸੈਟ-3ਡੀਐੱਸ’ ਸਫਲਤਾ ਨਾਲ ਪੁਲਾੜ ਦੇ ਪੰਧ ’ਚ ਸਥਾਪਤ ਕਰ ਦਿੱਤਾ ਹੈ। ਇਸ ਮਿਸ਼ਨ ਦੀ ਕਾਮਯਾਬੀ ਨਾਲ ਇਸਰੋ ਨੂੰ ਅੱਗੇ ਵਧਣ ਲਈ ਪ੍ਰੇਰਨਾ ਮਿਲੀ ਹੈ। ਇਸਰੋ ਦੇ ਚੇਅਰਮੈਨ ਐੱਸ ਸੋਮਨਾਥ ਨੇ ਕਿਹਾ ਕਿ ਇਸ ਕਾਮਯਾਬੀ ਨਾਲ ਪੁਲਾੜ ਏਜੰਸੀ ਦਾ ਹੌਸਲਾ ਵਧਿਆ ਹੈ ਅਤੇ ਹੁਣ ਜੀਐੱਸਐੱਲਵੀ ਨਾਸਾ ਦੇ ਸਹਿਯੋਗ ਨਾਲ ਐੱਨਆਈਐੱਸਏਆਰ ਮਿਸ਼ਨ ਨੂੰ ਲਾਂਚ ਕਰੇਗਾ। 2274 ਕਿਲੋਗ੍ਰਾਮ ਵਜ਼ਨੀ ਇਨਸੈਟ-3ਡੀਐੱਸ ਮੌਸਮ ਦੀ ਨਿਗਰਾਨੀ ਕਰਨ ਵਾਲਾ ਤੀਜੀ ਪੀੜ੍ਹੀ ਦਾ ਉਪਗ੍ਰਹਿ ਹੈ ਜਿਸ ਨੂੰ ਪੁਲਾੜ ਦੇ ਪੰਧ ’ਚ ਸਥਾਪਤ ਕੀਤਾ ਗਿਆ ਹੈ ਅਤੇ ਇਸ ਪ੍ਰਾਜੈਕਟ ਨੂੰ ਭੂ-ਵਿਗਿਆਨ ਮੰਤਰਾਲੇ ਨੂੰ ਫੰਡ ਦਿੱਤੇ ਗਏ ਹਨ। 52 ਮੀਟਰ ਦੀ ਲੰਬਾਈ ਵਾਲੇ ਜੀਐੱਸਐੱਲਵੀ ਰਾਕੇਟ ਨੂੰ ਅੱਜ ਸ਼ਾਮ 5.35 ਵਜੇ ਇੱਥੇ ਸਥਿਤ ਲਾਂਚਿੰਗ ਪੈਡ ਤੋਂ ਲਾਂਚ ਕੀਤਾ ਗਿਆ।

ਤਿੰਨ ਪੜਾਅ ਵਾਲਾ ਜੀਐੱਸਐੱਲਵੀ ਤਕਰੀਬਨ 20 ਮਿੰਟ ਦੀ ਉਡਾਣ ਤੋਂ ਬਾਅਦ ਯੋਜਨਾ ਅਨੁਸਾਰ ਰਾਕੇਟ ਤੋਂ ਵੱਖ ਹੋ ਗਿਆ ਅਤੇ ਉੱਪ ਗ੍ਰਹਿ ਨੂੰ ਨਿਰਧਾਰਤ ਪੰਧ ’ਚ ਸਥਾਪਤ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਹਾਜ਼ਰ ਲੋਕਾਂ ਨੇ ਰਾਕੇਟ ਲਾਂਚਿੰਗ ਹੋਣ ’ਤੇ ਤਾੜੀਆਂ ਮਾਰ ਕੇ ਖੁਸ਼ੀ ਜ਼ਾਹਿਰ ਕੀਤੀ। ਜ਼ਿਕਰਯੋਗ ਹੈ ਕਿ ਪਹਿਲੀ ਜਨਵਰੀ ਨੂੰ ਪੀਐੱਸਐੱਲਵੀ-ਸੀ58 ਮਿਸ਼ਨ ਦੀ ਕਾਮਯਾਬੀ ਤੋਂ ਬਾਅਦ 2024 ’ਚ ਇਸਰੋ ਲਈ ਇਹ ਦੂਜਾ ਮਿਸ਼ਨ ਹੈ।