ਇਮਰਾਨ ਖ਼ਾਨ ’ਤੇ ਜਾਨਲੇਵਾ ਹਮਲਾ

ਇਮਰਾਨ ਖ਼ਾਨ ’ਤੇ ਜਾਨਲੇਵਾ ਹਮਲਾ

ਸਾਬਕਾ ਪ੍ਰਧਾਨ ਮੰਤਰੀ ਦੀ ਲੱਤ ’ਚ ਲੱਗੀ ਗੋਲੀ; ਹਾਲਤ ਖ਼ਤਰੇ ਤੋਂ ਬਾਹਰ
ਇਸਲਾਮਾਬਾਦ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ (70) ਅੱਜ ਉਸ ਸਮੇਂ ਜ਼ਖ਼ਮੀ ਹੋ ਗਏ ਜਦੋਂ ਇਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੇ ਮਾਰਚ ਦੌਰਾਨ ਵਾਹਨ ’ਤੇ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ ਲਹਿੰਦੇ ਪੰਜਾਬ ਦੇ ਵਜ਼ੀਰਾਬਾਦ ਕਸਬੇ ਦੇ ਅੱਲ੍ਹਾਵਾਲਾ ਚੌਕ ਨੇੜੇ ਵਾਪਰੀ ਜਦੋਂ ਉਹ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਵੱਲੋਂ ਕੱਢੇ ਜਾ ਰਹੇ ਮਾਰਚ ਦੀ ਅਗਵਾਈ ਕਰ ਰਹੇ ਸਨ। ਪੁਲੀਸ ਮੁਤਾਬਕ ਹਮਲੇ ’ਚ ਸੱਤ ਵਿਅਕਤੀ ਜ਼ਖ਼ਮੀ ਹੋਏ ਹਨ ਅਤੇ ਇਕ ਵਿਅਕਤੀ ਮਾਰਿਆ ਗਿਆ ਹੈ। ਜੀਓ ਟੀਵੀ ਦੀ ਫੁਟੇਜ ’ਚ ਦਿਖਾਇਆ ਗਿਆ ਹੈ ਕਿ ਇਮਰਾਨ ਦੀ ਸੱਜੀ ਲੱਤ ’ਚ ਗੋਲੀ ਲੱਗੀ ਹੈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਹਮਲੇ ’ਚ ਇਮਰਾਨ ਦੇ ਨੇੜਲੇ ਸਾਥੀ ਸੈਨੇਟਰ ਫ਼ੈਸਲ ਜਾਵੇਦ ਦੇ ਜ਼ਖ਼ਮੀ ਹੋਣ ਦੀਆਂ ਵੀ ਰਿਪੋਰਟਾਂ ਹਨ। ਪੁਲੀਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਹਮਲੇ ਦੀ ਨਿਖੇਧੀ ਕਰਦਿਆਂ ਜਾਂਚ ਦੇ ਹੁਕਮ ਦਿੱਤੇ ਹਨ। ਸ਼ਰੀਫ਼ ਨੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਰਾਣਾ ਸਨਾਉੱਲ੍ਹਾ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਮਰਾਨ ’ਤੇ ਹੋਏ ਹਮਲੇ ਦੀ ਫੌਰੀ ਰਿਪੋਰਟ ਦੇਣ। ਪ੍ਰਧਾਨ ਮੰਤਰੀ ਨੇ ਗੋਲੀਬਾਰੀ ਦੀ ਘਟਨਾ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਮੁਲਤਵੀ ਕਰ ਦਿੱਤਾ ਜਿਸ ’ਚ ਉਨ੍ਹਾਂ ਆਪਣੇ ਚੀਨ ਦੌਰੇ ਬਾਰੇ ਜਾਣਕਾਰੀ ਦੇਣੀ ਸੀ। ਪਾਕਿਸਤਾਨੀ ਫ਼ੌਜ ਨੇ ਵੀ ਇਮਰਾਨ ’ਤੇ ਹੋਏ ਹਮਲੇ ਦੀ ਆਲੋਚਨਾ ਕੀਤੀ ਹੈ। ਰਾਸ਼ਟਰਪਤੀ ਆਰਿਫ਼ ਅਲਵੀ ਨੇ ਹਮਲੇ ਨੂੰ ਘਿਣਾਉਣੀ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ, ‘‘ਅੱਲ੍ਹਾ ਦਾ ਸ਼ੁਕਰਗੁਜ਼ਾਰ ਹਾਂ ਕਿ ਇਮਰਾਨ ਸੁਰੱਖਿਅਤ ਹੈ। ਇਹ ਹਮਲਾ ਕਾਇਰਾਨਾ ਹਰਕਤ ਹੈ। ਇਮਰਾਨ ਸਮੇਤ ਸਾਰੇ ਜ਼ਖ਼ਮੀਆਂ ਨੂੰ ਅੱਲ੍ਹਾ ਫੌਰੀ ਸਿਹਤਯਾਬ ਕਰੇ’’ ਵਿਦੇਸ਼ ਮੰਤਰੀ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਵੀ ਹਮਲੇ ਦੀ ਤਿੱਖੀ ਨਿਖੇਧੀ ਕੀਤੀ ਹੈ। ਮਨੁੱਖੀ ਹੱਕਾਂ ਬਾਰੇ ਮਾਮਲਿਆਂ ਦੀ ਸਾਬਕਾ ਮੰਤਰੀ ਸ਼ਿਰੀਨ ਮਜ਼ਾਰੀ ਨੇ ਹਮਲੇ ਲਈ ਅੰਦਰੂਨੀ ਮਾਮਲਿਆਂ ਦੇ ਮੰਤਰੀ ਨੂੰ ਦੋਸ਼ੀ ਠਹਿਰਾਉਂਦਿਆਂ ਉਸ ਦੀ ਗ੍ਰਿਫ਼ਤਾਰੀ ਮੰਗੀ ਹੈ। ਏਆਰਵਾਈ ਨਿਊਜ਼ ਨੂੰ ਇਮਰਾਨ ਦੀ ਪਾਰਟੀ ਦੇ ਸੀਨੀਅਰ ਆਗੂ ਅਸਦ ਉਮਰ ਨੇ ਦੱਸਿਆ ਕਿ ਹਮਲੇ ’ਚ ਸੱਤ ਵਿਅਕਤੀ ਜ਼ਖ਼ਮੀ ਹੋਏ ਹਨ ਜਿਨ੍ਹਾਂ ’ਚੋਂ ਸਥਾਨਕ ਆਗੂ ਅਹਿਮਦ ਚੱਠਾ ਸਮੇਤ ਦੋ ਗੰਭੀਰ ਰੂਪ ’ਚ ਫੱਟੜ ਹਨ। ਇਮਰਾਨ ਖ਼ਾਨ ਦਾ ਲਾਹੌਰ ਦੇ ਸ਼ੌਕਤ ਖਾਨਮ ਹਸਪਤਾਲ ’ਚ ਅਪਰੇਸ਼ਨ ਹੋਇਆ। ਉਂਜ ਉਸ ਨੇ ਹਮਲੇ ਲਈ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਹੈ। ਜੀਓ ਟੀਵੀ ਦੀ ਰਿਪੋਰਟ ਮੁਤਾਬਕ ਹਮਲਾਵਰ ਨੇ ਟਰੱਕ ’ਤੇ ਐਨ ਨੇੜਿਉਂ ਗੋਲੀਆਂ ਚਲਾਈਆਂ।