ਇਮਰਾਨ ਖ਼ਾਨ ਤੇ ਕੁਰੈਸ਼ੀ ਨੂੰ ਮਿਲੀ ਜੇਲ੍ਹ ਦੀ ਵਰਦੀ, ਕਰਨੀ ਹੋਵੇਗੀ ਮਜ਼ਦੂਰੀ

ਇਮਰਾਨ ਖ਼ਾਨ ਤੇ ਕੁਰੈਸ਼ੀ ਨੂੰ ਮਿਲੀ ਜੇਲ੍ਹ ਦੀ ਵਰਦੀ, ਕਰਨੀ ਹੋਵੇਗੀ ਮਜ਼ਦੂਰੀ

ਅੰਮ੍ਰਿਤਸਰ : ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ’ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੀਆਂ ਮੁਸ਼ਕਲਾਂ ਘੱਟਣ ਦੀ ਬਜਾਏ ਵਧਦੀਆਂ ਜਾ ਰਹੀਆਂ ਹਨ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਿਕ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਦੇ ਦੋਵੇਂ ਸੀਨੀਅਰ ਨੇਤਾਵਾਂ ਨੂੰ ਹਾਈ-ਪ੍ਰੋਫਾਈਲ ਕੈਦੀ ਹੋਣ ਦੇ ਬਾਵਜੂਦ ਜੇਲ੍ਹ ਅੰਦਰ ਮਜ਼ਦੂਰਾਂ ਵਜੋਂ ਕੰਮ ਕਰਨਾ ਪਵੇਗਾ। ਜੇਲ੍ਹ ਮੈਨੂਅਲ ਅਨੁਸਾਰ ਦੋਹਾਂ ਆਗੂਆਂ ਨੂੰ ਜੇਲ੍ਹ ’ਚ ਪਹਿਨਣ ਲਈ ਵਰਦੀਆਂ ਦੇ 2-2 ਸੈੱਟ ਦਿੱਤੇ ਗਏ ਹਨ। ਹਾਲਾਂਕਿ ਇਮਰਾਨ ਖ਼ਾਨ ਲਈ ਜੇਲ੍ਹ ਦੀ ਵਰਦੀ ਪਹਿਨਣੀ ਲਾਜ਼ਮੀ ਨਹੀਂ ਕਿਉਂਕਿ ਉਹ ਕਈ ਹੋਰ ਮਾਮਲਿਆਂ ’ਚ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਹਨ, ਪਰ ਕੁਰੈਸ਼ੀ ਨੂੰ ਜੇਲ੍ਹ ਦੀ ਵਰਦੀ ਪਹਿਨਣੀ ਹੋਵੇਗੀ। ਪਾਕਿ ਦੀ ਇਕ ਵਿਸ਼ੇਸ਼ ਅਦਾਲਤ ਨੇ ਦੋਹਾਂ ਨੇਤਾਵਾਂ ਨੂੰ ਸਾਈਫ਼ਰ ਮਾਮਲੇ ’ਚ ਦੋਸ਼ੀ ਕਰਾਰ ਦਿੰਦਿਆਂ 10-10 ਸਾਲ ਦੀ ਸਜ਼ਾ ਸੁਣਾਈ ਹੈ, ਹਾਲਾਂਕਿ ਖ਼ਾਨ ਨੂੰ ਇਸ ਸਜ਼ਾ ਤੋਂ ਇਲਾਵਾ 2 ਹੋਰ ਵੱਖ-ਵੱਖ ਮਾਮਲਿਆਂ ’ਚ 21 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਮਰਾਨ ਖਾਨ (71) ਤੇ ਸ਼ਾਹ ਮਹਿਮੂਦ ਕੁਰੈਸ਼ੀ (67) ਨੂੰ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ’ਚ ਹਾਈ-ਪ੍ਰੋਫਾਈਲ ਕੈਦੀਆਂ ਵਜੋਂ ਵੱਖਰੇ ਤੌਰ ’ਤੇ ਉੱਚ ਸ਼੍ਰੇਣੀ ਦੀ ਬੈਰਕ ’ਚ ਰੱਖਿਆ ਗਿਆ ਹੈ, ਜਿਥੇ ਉਹ ਸਹੂਲਤਾਂ ਦਾ ਲਾਭ ਲੈ ਸਕਣਗੇ। ਲਿਖਤੀ ਹੁਕਮਾਂ ਅਨੁਸਾਰ ਦੋਵੇਂ ਕੈਦੀਆਂ ਨੂੰ ਜੇਲ੍ਹ ਦੇ ਅੰਦਰ ਮਜ਼ਦੂਰੀ ਕਰਨੀ ਪਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਰਾਵਲਪਿੰਡੀ ਜ਼ਿਲ੍ਹਾ ਜੇਲ੍ਹ ਦੀ ਰਸੋਈ, ਹਸਪਤਾਲ, ਬਗੀਚੇ ਆਦਿ ’ਚ ਹਾਈ-ਪ੍ਰੋਫਾਈਲ ਕੈਦੀਆਂ ਨੂੰ ਆਮ ਕੈਦੀਆਂ ’ਚ ਰੱਖਣ ਦੀ ਸੰਭਾਵਨਾ ਨਹੀਂ ਹੈ। ਇਮਰਾਨ ਖ਼ਾਨ ਤੇ ਕੁਰੈਸ਼ੀ ਨੂੰ ਵੀ ਆਪਣੇ ਲਈ ਆਪ ਖਾਣਾ ਬਣਾਉਣਾ ਪੈ ਸਕਦਾ ਹੈ। ਦੱਸਣਯੋਗ ਹੈ ਕਿ ਇਮਰਾਨ ਖ਼ਾਨ ਪੀ. ਟੀ. ਆਈ. ਪਾਰਟੀ ਦੇ ਸੰਸਥਾਪਕ ਤੇ ਕੁਰੈਸ਼ੀ ਉਪ ਪ੍ਰਧਾਨ ਹਨ।