ਇਥੋਪੀਆ ਦਾ ਮੈਰਾਥਨ ਦੌੜਾਕ ਅਬੇਬੇ ਬਕੀਲਾ

ਇਥੋਪੀਆ ਦਾ ਮੈਰਾਥਨ ਦੌੜਾਕ ਅਬੇਬੇ ਬਕੀਲਾ

ਪ੍ਰਿੰ. ਸਰਵਣ ਸਿੰਘ

ਅਬੇਬੇ ਬਕੀਲਾ ਸਿਰੜ ਦਾ ਦੂਜਾ ਨਾਂ ਹੈ। ਉਹ ਪ੍ਰਥਮ ਦੌੜਾਕ ਸੀ ਜਿਹੜਾ ਲਗਾਤਾਰ ਦੋ ਵਾਰ ਓਲੰਪਿਕ ਖੇਡਾਂ ਦੀ ਮੈਰਾਥਨ ਦੌੜ ਜਿੱਤਿਆ। ਉਹ ਪਹਿਲਾ ਅਥਲੀਟ ਸੀ ਜਿਸ ਨੇ ਪੂਰਬੀ ਅਫ਼ਰੀਕੀ ਖਿਡਾਰੀਆਂ ਨੂੰ ਓਲੰਪਿਕ ਚੈਂਪੀਅਨ ਬਣਨ ਦੇ ਰਾਹ ਪਾਇਆ। ਉਸ ਪਿੱਛੋਂ ਅਨੇਕਾਂ ਅਫ਼ਰੀਕੀ ਦੌੜਾਕ ਓਲੰਪਿਕ ਖੇਡਾਂ ਦੇ ਜਿੱਤ ਮੰਚ ’ਤੇ ਚੜ੍ਹੇ। ਕਈਆਂ ਨੇ ਕਈ ਕਈ ਮੈਡਲ ਜਿੱਤੇ ਅਤੇ ਵਿਸ਼ਵ ਭਰ ਦੀਆਂ ਮੈਰਾਥਨ ਦੌੜਾਂ ਦਾ ਸ਼ਿੰਗਾਰ ਬਣੇ। ਕੀਨੀਆ ਦੇ ਦੌੜਾਕਾਂ ਨੇ ਤਾਂ ਜਿਵੇਂ ਮੈਰਾਥਨ ਤੇ ਲੰਮੀਆਂ ਦੌੜਾਂ ਜਿੱਤਣ ਦਾ ਅਸ਼ਟਾਮ ਹੀ ਆਪਣੇ ਨਾਂ ਕਰਾ ਲਿਆ ਹੋਵੇ!

ਰੋਮ ਦੀਆਂ ਓਲੰਪਿਕ ਖੇਡਾਂ-1960 ਵਿੱਚ ਅਬੇਬੇ ਬਕੀਲਾ ਨੰਗੇ ਪੈਰੀਂ ਦੌੜਿਆ। ਉਹ 2 ਘੰਟੇ 15 ਮਿੰਟ 16.2 ਸੈਕੰਡ ’ਚ ਮੈਰਾਥਨ ਪੂਰੀ ਕਰ ਕੇ ਓਲੰਪਿਕ ਚੈਂਪੀਅਨ ਬਣਿਆ। 1964 ਵਿੱਚ ਟੋਕੀਓ ਦੀਆਂ ਓਲੰਪਿਕ ਖੇਡਾਂ ’ਚ ਵੀ ਉਹ ਮੀਰੀ ਰਿਹਾ। ਟੋਕੀਓ ਵਿੱਚ ਉਸ ਨੇ 2 ਘੰਟੇ 12 ਮਿੰਟ 11.2 ਸਕਿੰਟ ਵਿੱਚ ਦੌੜ ਪੂਰੀ ਕੀਤੀ। ਦੋਵੇਂ ਵਾਰ ਉਸ ਨੇ ਓਲੰਪਿਕ ਤੇ ਵਿਸ਼ਵ ਰਿਕਾਰਡ ਨਵਿਆਏ। ਉਦੋਂ ਤੱਕ ਉਸ ਤੋਂ ਬਿਨਾਂ ਕਿਸੇ ਹੋਰ ਦੌੜਾਕ ਨੇ ਓਲੰਪਿਕ ਖੇਡਾਂ ਦੀ ਮੈਰਾਥਨ ਦੋ ਵਾਰ ਨਹੀਂ ਸੀ ਜਿੱਤੀ। ਪਰ ਕੁਦਰਤ ਦਾ ਭਾਣਾ ਵੇਖੋ, ਜਦੋਂ ਉਹ ਮੈਕਸੀਕੋ ਓਲੰਪਿਕ-1968 ਦੀਆਂ ਤਿਆਰੀਆਂ ’ਚ ਲੱਗਾ ਹੋਇਆ ਸੀ ਤਾਂ ਕਾਰ ਹਾਦਸੇ ਵਿੱਚ ਉਹਦਾ ਲੱਕੋਂ ਹੇਠਲਾ ਧੜ ਕੁਚਲਿਆ ਗਿਆ। ਜਿਹੜੀਆਂ ਲੱਤਾਂ ਨਾਲ ਉਹ ਲੱਖ ਮੀਲ ਤੋਂ ਵੀ ਵੱਧ ਦੌੜਿਆ ਸੀ ਉਨ੍ਹਾਂ ਨੂੰ ਨਕਾਰਾ ਹੋਈਆਂ ਵੇਖ ਉਹ ਬਹੁਤਾ ਚਿਰ ਜਿਉਂਦਾ ਨਾ ਰਹਿ ਸਕਿਆ ਤੇ 41 ਸਾਲ ਦੀ ਉਮਰੇ ਉਸ ਦਾ ਦੇਹਾਂਤ ਹੋ ਗਿਆ।

ਉਹਦਾ ਜਨਮ 7 ਅਗਸਤ 1932 ਨੂੰ ਜੱਤੋ, ਜ਼ਿਲ੍ਹਾ ਸ਼ੇਵਾ ਵਿੱਚ ਇੱਕ ਆਜੜੀ ਦੇਮਿੱਸੀ ਦੇ ਘਰ ਬੁਦਿਨੇਸ਼ ਬੇਨੇਬਰੂ ਦੀ ਕੁੱਖੋਂ ਹੋਇਆ ਸੀ। ਦੇਮਿੱਸੀ, ਬੁਦਿਨੇਸ਼ ਦਾ ਦੂਜਾ ਪਤੀ ਸੀ। ਇਸ ਨੂੰ ਮੌਕਾ ਮੇਲ ਕਹੋ ਜਾਂ ਕੁਝ ਹੋਰ ਕਿ ਜਿਸ ਦਿਨ ਅਬੇਬੇ ਦਾ ਜਨਮ ਹੋਇਆ ਉਸ ਦਿਨ ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ-1932 ਵਿੱਚ ਮੈਰਾਥਨ ਦੌੜ ਲੱਗ ਰਹੀ ਸੀ। ਉਦੋਂ ਕੀ ਪਤਾ ਸੀ ਕਿ ਉਸੇ ਦਿਨ ਇਥੋਪੀਆ ਦੇ ਇੱਕ ਗਰੀਬੜੇ ਘਰ ’ਚ ਜਨਮ ਲੈਣ ਵਾਲਾ ਬੱਚਾ ਵੱਡਾ ਹੋ ਕੇ ਇੱਕ ਵਾਰ ਨਹੀਂ ਬਲਕਿ ਦੋ ਵਾਰ ਮੈਰਾਥਨ ਦੌੜ ਦਾ ਓਲੰਪਿਕ ਚੈਂਪੀਅਨ ਬਣੇਗਾ ਤੇ ਨੰਗੇ ਪੈਰਾਂ ਨਾਲ ਦੌੜ ਦਾ ਨਵਾਂ ਵਿਸ਼ਵ ਰਿਕਾਰਡ ਰੱਖੇਗਾ।

1935-37 ਦੀ ਇਟਾਲੋ-ਇਥੋਪੀਅਨ ਜੰਗ ਦੌਰਾਨ ਅਬੇਬੇ ਦੇ ਪਰਿਵਾਰ ਨੂੰ ਇੱਕ ਉਜਾੜ ਪਿੰਡ ਗੋਰੋ ਜਾਣਾ ਪੈ ਗਿਆ ਸੀ। ਜੰਗ ਦੌਰਾਨ ਮਾਂ-ਬਾਪ ਦਾ ਤਲਾਕ ਹੋ ਗਿਆ। ਮਾਂ ਅਬੇਬੇ ਨੂੰ ਵਾਪਸ ਜੱਤੋ ਲੈ ਆਈ। ਉੱਥੇ ਉਨ੍ਹਾਂ ਦਾ ਛੋਟਾ ਜਿਹਾ ਫਾਰਮ ਸੀ। ਅਬੇਬੇ ਉੱਥੋਂ ਦੀਆਂ ਦੇਸੀ ਖੇਡਾਂ ਜੇਨਾ ਤੇ ਟੋਲੇ ਮਾਰਵੀਂ ਹਾਕੀ ਖੇਡਣ ਲੱਗਾ। 1952 ਵਿੱਚ ਉਹ ਇੰਪੀਰੀਅਲ ਗਾਰਡ ਦੀ ਪੰਜਵੀਂ ਇਨਫੈਂਟਰੀ ਰੈਜੀਮੈਂਟ ਵਿੱਚ ਭਰਤੀ ਹੋ ਗਿਆ। ਉੱਥੇ ਉਸ ਨੂੰ ਲੰਮੀਆਂ ਦੌੜਾਂ ਦੌੜਨ ਦੀ ਚੇਟਕ ਲੱਗ ਗਈ। ਉਹ ਸਲੂਟਾ ਦੀਆਂ ਪਹਾੜੀਆਂ ’ਤੇ ਹਰ ਰੋਜ਼ ਵੀਹ ਕਿਲੋਮੀਟਰ ਦੌੜਨ ਦੀ ਪ੍ਰੈਕਟਿਸ ਕਰਦਾ। ਸਵੀਡਨ ਦਾ ਓਨੀ ਨਿਸਕਾਨਿਨ ਉਸ ਦਾ ਕੋਚ ਬਣ ਗਿਆ। 1956 ਵਿੱਚ ਉਹ ਇਥੋਪੀਆ ਦੇ ਹਥਿਆਰਬੰਦ ਦਲਾਂ ਦੀ ਮੈਰਾਥਨ ਦੌੜ ’ਚ ਦੋਇਮ ਆਇਆ। 16 ਮਾਰਚ 1960 ਨੂੰ ਉਸ ਦਾ ਵਿਆਹ 15 ਸਾਲ ਦੀ ਯਵੇਬਦਰ ਵੋਲਡੇ ਨਾਲ ਹੋਇਆ ਜੋ ਅਖ਼ੀਰ ਤੱਕ ਨਿਭੀ। ਉਨ੍ਹਾਂ ਦੇ ਤਿੰਨ ਪੁੱਤਰ ਹਨ ਤੇ ਇੱਕ ਧੀ।

ਅਬੇਬੇ ਦਾ ਕੱਦ 1.77 ਮੀਟਰ ਸੀ ਤੇ ਵਜ਼ਨ 57 ਕਿਲੋਗ੍ਰਾਮ। ਓਲੰਪਿਕ ਖੇਡਾਂ ਤੱਕ ਪੁੱਜਣ ਲਈ ਨੰਗੇ ਪੈਰੀਂ ਦੌੜਦਾ ਉਹ ਪਤਾ ਨਹੀਂ ਕਿੰਨੀ ਵਾਰ ਹਫ਼ ਕੇ ਡਿੱਗਿਆ ਹੋਵੇਗਾ, ਬੇਹੋਸ਼ ਹੋਇਆ ਹੋਵੇਗਾ ਤੇ ਉੱਠ ਕੇ ਮੁੜ ਦੌੜਿਆ ਹੋਵੇਗਾ? ਅੰਦਾਜ਼ਾ ਲਾਉਣ ਵਾਲਿਆਂ ਦਾ ਅਨੁਮਾਨ ਹੈ ਕਿ ਉਹ ਘੱਟੋ ਘੱਟ ਸਵਾ ਲੱਖ ਮੀਲ ਤਾਂ ਦੌੜਿਆ ਹੀ ਹੋਵੇਗਾ। ਮੈਰਾਥਨ ਬਾਰੇ ਕਿਹਾ ਜਾਂਦਾ ਹੈ ਕਿ ਇਹ ਲਹੂ ਪੀਣੀ ਦੌੜ ਹੈ। ਤਦੇ ਮੈਰਾਥਨ ਦੌੜਾਕਾਂ ਦੇ ਜੁੱਸੇ ਮਾੜਚੂ ਜਿਹੇ ਹੁੰਦੇ ਹਨ। ਦੌੜਦੇ ਹੋਏ ਉਹ ਹਰ ਪਲ ਜ਼ਖ਼ਮੀ ਹੁੰਦੇ ਹਨ, ਪਰ ਉਨ੍ਹਾਂ ਦਾ ਸਿਰੜ ਉਨ੍ਹਾਂ ਨੂੰ ਰੁਕਣ ਨਹੀਂ ਦਿੰਦਾ। ਬੇਸ਼ੱਕ ਅਬੇਬੇ ਬਕੀਲਾ ਅਧਖੜ ਉਮਰ ਵਿੱਚ ਗੁਜ਼ਰ ਗਿਆ, ਫਿਰ ਵੀ ਲੱਖਾਂ ਦੌੜਾਕ ਮੈਰਾਥਨ ਦੌੜਾਂ ਦੌੜਦੇ ਹੋਏ ਬਾਬਾ ਫੌਜਾ ਸਿੰਘ ਵਾਂਗ ਲੰਮੀਆਂ ਉਮਰਾਂ ਜਿਉਂਦੇ ਹਨ। ਅਬੇਬੇ ਬਕੀਲਾ ਦੀ ਬਦਕਿਸਮਤੀ ਸੀ ਜੋ ਹਾਦਸੇ ਕਾਰਨ ਕੇਵਲ 41 ਸਾਲ ਹੀ ਜਿਉਂਦਾ ਰਹਿ ਸਕਿਆ। ਉਸ ਦੀ ਮੌਤ 25 ਅਕਤੂਬਰ 1973 ਨੂੰ ਹੋਈ। ਖੇਡ ਜਗਤ ਉਸ ਨੂੰ ਅਮਰ ਮੈਰਾਥਨ ਰਨਰ ਵਜੋਂ ਯਾਦ ਕਰਦਾ ਰਹੇਗਾ।

ਜੁਲਾਈ 1960 ਵਿੱਚ ਅਬੇਬੇ ਨੇ ਅਦੀਸ ਅਬਾਬਾ ਦੀ ਮੈਰਾਥਨ ਜਿੱਤ ਕੇ ਪਹਿਲੀ ਵੱਡੀ ਸਫਲਤਾ ਹਾਸਲ ਕੀਤੀ। ਇੱਕ ਮਹੀਨੇ ਬਾਅਦ ਉਸ ਨੇ ਮੈਰਾਥਨ ਦੌੜ 2 ਘੰਟੇ 21:23 ਮਿੰਟ ਵਿੱਚ ਲਾ ਕੇ ਐਮਿਲ ਜ਼ੈਟੋਪਿਕ ਦਾ ਓਲੰਪਿਕ ਰਿਕਾਰਡ ਤੋੜ ਦਿੱਤਾ। ਰੋਮ ਦੀਆਂ ਓਲੰਪਿਕ ਖੇਡਾਂ-1960 ਦੀ ਮੈਰਾਥਨ ਦੌੜ 10 ਸਤੰਬਰ ਨੂੰ ਦੌੜੀ ਜਾਣੀ ਸੀ। ਅਬੇਬੇ ਰੋਮ ਪੁੱਜਾ ਤੇ ਦੌੜਨ ਵਾਲੇ ਨਵੇਂ ਬੂਟ ਖਰੀਦੇ। ਜਦ ਉਹ ਬੂਟ ਪਾ ਕੇ ਦੌੜਨ ਲੱਗਾ ਤਾਂ ਬੂਟ ਫਿੱਟ ਨਾ ਬੈਠੇ ਜਿਨ੍ਹਾਂ ਨਾਲ ਉਸ ਦੇ ਪੈਰਾਂ ’ਤੇ ਛਾਲੇ ਹੋ ਗਏ। ਤਦੇ ਉਸ ਨੇ ਫੈਸਲਾ ਕਰ ਲਿਆ ਕਿ ਮੈਂ ਨੰਗੇ ਪੈਰੀਂ ਦੌੜਾਂਗਾ। ਰੋਮ ਵਿੱਚ ਉਹਨੀਂ ਦਿਨੀਂ ਗਰਮੀ ਬਹੁਤ ਸੀ। ਇਸ ਲਈ ਦੌੜ ਸ਼ਾਮ ਨੂੰ ਸ਼ੁਰੂ ਕੀਤੀ ਗਈ ਜੋ ਹਨੇਰੇ ਪਏ ਮੁੱਕੀ।

ਪਹਿਲੇ 5 ਕਿਲੋਮੀਟਰ ਤੋਂ 20ਵੇਂ ਕਿਲੋਮੀਟਰ ਤੱਕ ਦੌੜਾਕ ਅੱਗੇ ਪਿੱਛੇ ਦੌੜਦੇ ਰਹੇ। 25ਵੇਂ ਕਿਲੋਮੀਟਰ ਤੋਂ ਅਬੇਬੇ ਤੇ ਅਬਦੇਸਲਾਮ ਹੋਰਨਾਂ ਤੋਂ ਅੱਗੇ ਨਿਕਲ ਗਏ। ਉਹ ਅਖ਼ੀਰਲੇ 500 ਮੀਟਰਾਂ ਤੱਕ ਬਰਾਬਰ ਦੌੜਦੇ ਰਹੇ। ਰੋਮ ਦੀ ਗਰਮੀ ਨਾਲ ਤਪਦੀਆਂ ਸੜਕਾਂ ’ਤੇ ਨੰਗੇ ਪੈਰੀਂ ਦੌੜਦਿਆਂ ਅਬੇਬੇ ਦੇ ਪੈਰਾਂ ’ਤੇ ਛਾਲੇ ਉੱਭਰ ਆਏ। ਤਦ ਤੱਕ ਹਨੇਰਾ ਉਤਰ ਆਇਆ ਸੀ ਜਿਸ ਕਰਕੇ ਬੈਟਰੀਆਂ ਦੇ ਚਾਨਣ ਵਿੱਚ ਦੌੜ ਜਾਰੀ ਰਹੀ। ਆਖ਼ਰੀ 500 ਮੀਟਰ ਦੀ ਦੌੜ ਅਬੇਬੇ ਬਕੀਲਾ ਨੇ ਏਨੀ ਤੇਜ਼ ਲਾਈ ਕਿ ਅਬਦੇਸਲਾਮ ਨੂੰ ਕਾਫ਼ੀ ਪਿੱਛੇ ਛੱਡ ਗਿਆ। ਦੌੜ ਪੂਰੀ ਕਰਨ ਪਿੱਛੋਂ ਅਬੇਬੇ ਨੇ ਆਪਣੇ ਪੈਰ ਛੂਹੇ ਤੇ ਆਖਿਆ ਕਿ ਅਜੇ ਉਹ 10-15 ਕਿਲੋਮੀਟਰ ਹੋਰ ਵੀ ਦੌੜ ਸਕਦੈ! ਫੋਟੋਕਾਰਾਂ ਨੇ ਉਹਦੇ ਪੈਰਾਂ ਦੀਆਂ ਫੋਟੋ ਖਿੱਚੀਆਂ ਜਿਨ੍ਹਾਂ ਦੀਆਂ ਤਲ਼ੀਆਂ ’ਤੇ ਰੱਟਣ ਪਏ ਤੇ ਛਾਲੇ ਉੱਭਰੇ ਹੋਏ ਸਨ। ਪੈਰਾਂ ’ਤੇ ਭਾਵੇਂ ਛਾਲੇ ਸਨ, ਪਰ ਮੂੰਹ ’ਤੇ ਜਿੱਤ ਦੀ ਮੁਸਕਰਾਹਟ ਖਿੜ ਰਹੀ ਸੀ। ਇਥੋਪੀਆ ਦਾ ਗਰੀਬ ਤੇ ਗੁੰਮਨਾਮ ਦੌੜਾਕ ਰਾਤੋ ਰਾਤ ਕੁਲ ਦੁਨੀਆ ’ਚ ਮਸ਼ਹੂਰ ਹੋ ਗਿਆ।

ਏਡੀ ਵੱਡੀ ਜਿੱਤ ਨਾਲ ਅਬੇਬੇ ਨੂੰ ਸੋਲਜਰ ਤੋਂ ਕਾਰਪੋਰਲ ਬਣਾ ਦਿੱਤਾ ਗਿਆ। ਇਥੋਪੀਆ ਦੇ ਸ਼ਹਿਨਸ਼ਾਹ ਨੇ ਉਸ ਨੂੰ ‘ਸਟਾਰ ਆਫ ਇਥੋਪੀਆ’ ਦਾ ਸਨਮਾਨ ਦਿੱਤਾ। ਉਸ ਨੂੰ ਥਾਓਂ ਥਾਈਂ ਸਲਾਮੀਆਂ ਮਿਲਣ ਲੱਗੀਆਂ। ਉਹਦੀ ਜਿੱਤ ਦੇ ਜਲੂਸ ਕੱਢੇ ਗਏ ਤੇ ਜਸ਼ਨ ਮਨਾਏ ਗਏ। ਨੰਗੇ ਪੈਰਾਂ ਨਾਲ ਦੌੜਨ ਵਾਲੇ ਨਾਇਕ ਨੂੰ ਡਰਾਈਵਰ ਸਮੇਤ ਵੱਡੀ ਵੈਨ ਦਿੱਤੀ ਗਈ। ਡਰਾਈਵਰ ਇਸ ਲਈ ਦਿੱਤਾ ਕਿ ਉਹ ਅਜੇ ਕਾਰ ਚਲਾਉਣੀ ਨਹੀਂ ਸੀ ਜਾਣਦਾ।

1961 ਵਿੱਚ ਏਥਨਜ਼ ਦੀ ਕਲਾਸੀਕਲ ਮੈਰਾਥਨ ਉਸ ਨੇ ਫਿਰ ਨੰਗੇ ਪੈਰੀਂ ਦੌੜਦਿਆਂ ਜਿੱਤੀ। ਉਸੇ ਸਾਲ ਉਸ ਨੇ ਜਪਾਨ ਵਿੱਚ ਉਸਾਕਾ ਤੇ ਕੋਸੀ ਦੀਆਂ ਮੈਰਾਥਨਾਂ ਜਿੱਤੀਆਂ। ਜਪਾਨ ਦੀ ਸ਼ੂਅ ਕੰਪਨੀ ਓਨਿਟਸੂਕਾ ਟਾਈਗਰ ਨੇ ਉਸ ਨੂੰ ਆਪਣੇ ਬੂਟ ਪਹਿਨਾਉਣ ਦੀ ਪੇਸ਼ਕਸ਼ ਕੀਤੀ ਜੋ ਉਹਦੇ ਕੋਚ ਨੇ ਠੁਕਰਾ ਦਿੱਤੀ, ਪਰ ਪਿਊਮਾ ਸ਼ੂਅ ਵਾਲੇ ਕਾਮਯਾਬ ਹੋ ਗਏ। ਉਹਦੇ ਪਹਿਨੇ ਪਿਊਮਾ ਬੂਟਾਂ ਨਾਲ ਕੰਪਨੀ ਦੇ ਬੂਟ ਧੜਾਧੜ ਵਿਕਣ ਲੱਗੇ। 1963 ਵਿੱਚ ਉਹ ਬੋਸਟਨ ਦੀ ਜਗਤ ਪ੍ਰਸਿੱਧ ਮੈਰਾਥਨ ਦੌੜਿਆ ਜਿਸ ਵਿੱਚ ਪੰਜਵੇਂ ਸਥਾਨ ’ਤੇ ਰਿਹਾ, ਪਰ 1964 ਵਿੱਚ ਅਦੀਸ ਅਬਾਬਾ ਦੀ ਮੈਰਾਥਨ 2:23:14.4 ਵਿੱਚ ਜਿੱਤ ਗਿਆ। ਫਿਰ 1964 ਦੀਆਂ ਓਲੰਪਿਕ ਖੇਡਾਂ ਆ ਗਈਆਂ ਜੋ ਟੋਕੀਓ ’ਚ ਹੋਣੀਆਂ ਸਨ। ਖੇਡਾਂ ਸ਼ੁਰੂ ਹੋਣ ਤੋਂ 40 ਦਿਨ ਪਹਿਲਾਂ ਪ੍ਰੈਕਟਿਸ ਦੌਰਾਨ ਅਬੇਬੇ ਦੇ ਪੇਟ ਵਿੱਚ ਸਖ਼ਤ ਦਰਦ ਹੋਣਾ ਸ਼ੁਰੂ ਹੋ ਗਿਆ ਜਿਸ ਨਾਲ ਉਹਦਾ ਖੇਡਾਂ ’ਚ ਭਾਗ ਲੈਣਾ ਖ਼ਤਰੇ ’ਚ ਪੈ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਹਸਪਤਾਲ ਤੋਂ ਹਫ਼ਤੇ ਬਾਅਦ ਛੁੱਟੀ ਮਿਲੀ ਤਾਂ ਖੇਡਾਂ ਸ਼ੁਰੂ ਹੋਣ ’ਚ ਥੋੜ੍ਹੇ ਦਿਨ ਹੀ ਬਾਕੀ ਸਨ। ਲੱਗਦਾ ਨਹੀਂ ਸੀ ਕਿ ਉਹ ਰੋਮ ਵਰਗੀ ਕਾਰਗੁਜ਼ਾਰੀ ਵਿਖਾ ਸਕੇਗਾ।

21 ਅਕਤੂਬਰ ਨੂੰ ਮੈਰਾਥਨ ਦੌੜ ਲੱਗਣੀ ਸੀ। ਐਤਕੀਂ ਨੰਗੇ ਪੈਰਾਂ ਦੀ ਥਾਂ ਉਹ ਪਿਊਮਾ ਦਾ ਜੋੜਾ ਪਹਿਨ ਕੇ ਲਾਈਨ ਉਤੇ ਜਾ ਖੜ੍ਹਾ ਹੋਇਆ। 10 ਕਿਲੋਮੀਟਰ ਉਹ ਇੱਕ ਟੋਲੀ ਮਗਰ ਦੌੜਿਆ। ਫਿਰ ਉਸ ਨੇ ਕਦਮ ਹੋਰ ਤੇਜ਼ ਕੀਤੇ ਤੇ 15 ਕਿਲੋਮੀਟਰ ਦੇ ਨਿਸ਼ਾਨ ’ਤੇ ਤੀਜੇ ਥਾਂ ਪਹੁੰਚ ਗਿਆ। 20ਵੇਂ ਕਿਲੋਮੀਟਰ ਦੇ ਨਿਸ਼ਾਨ ’ਤੇ ਉਹ ਮੂਹਰਲੇ ਦੋਹਾਂ ਦੇ ਬਰਾਬਰ ਜਾ ਚੜ੍ਹਿਆ। 40 ਕਿਲੋਮੀਟਰ ਦੇ ਨਿਸ਼ਾਨ ਤੱਕ ਪੁੱਜਦਿਆਂ ਉਹ ਸਭ ਤੋਂ ਮੂਹਰੇ ਦੌੜਦਾ ਕਾਫ਼ੀ ਲੀਡ ਲੈ ਗਿਆ। ਸਟੇਡੀਅਮ ’ਚ ਪੁੱਜਣ ਸਮੇਂ ਉਹ ਇਕੱਲਾ ਸੀ, ਬਾਕੀ ਦੌੜਾਕ ਕਾਫ਼ੀ ਪਿੱਛੇ ਸਨ। 75000 ਦਰਸ਼ਕ ਉਸ ਨੂੰ ਹੱਲਾਸ਼ੇਰੀ ਦਿੰਦੇ ਤਾੜੀਆਂ ਮਾਰਨ ਲੱਗੇ। ਉਹ ਹੋਰ ਤੇਜ਼ ਦੌੜਨ ਲੱਗਾ ਤੇ 42.195 ਕਿਲੋਮੀਟਰ ਦੀ ਮੈਰਾਥਨ 2 ਘੰਟੇ 12 ਮਿੰਟ 11.2 ਸੈਕੰਡ ਵਿੱਚ ਪੂਰੀ ਕਰ ਕੇ ਨਵਾਂ ਓਲੰਪਿਕ ਤੇ ਨਵਾਂ ਵਿਸ਼ਵ ਰਿਕਾਰਡ ਰੱਖ ਗਿਆ। ਦੂਜੇ ਨੰਬਰ ’ਤੇ ਆਉਣ ਵਾਲਾ ਦੌੜਾਕ ਉਸ ਤੋਂ 4 ਮਿੰਟ 8 ਸੈਕਿੰਡ ਪਿੱਛੋਂ ਪਹੁੰਚਿਆ ਤਾਂ ਅਬੇਬੇ ਬਕੀਲਾ ਜੇਤੂ ਗੇੜੀ ਲਾ ਰਿਹਾ ਸੀ ਤੇ ਆਪਣੇ ਪੈਰ ਛੋਂਹਦਾ ਰਿਲੈਕਸ ਹੋ ਰਿਹਾ ਸੀ। ਉਹ ਓਲੰਪਿਕ ਖੇਡਾਂ ਦੇ ਇਤਿਹਾਸ ’ਚ ਪਹਿਲਾ ਦੌੜਾਕ ਬਣ ਗਿਆ ਸੀ ਜਿਸ ਨੇ ਉੱਤੋੜੁਤੀ ਦੋ ਵਾਰ ਮੈਰਾਥਨ ਦੌੜਾਂ ਜਿੱਤ ਲਈਆਂ ਸਨ ਤੇ ਉਹ ਵੀ ਵਿਸ਼ਵ ਰਿਕਾਰਡਾਂ ਨਾਲ। ਦੇਸ਼ ਵਾਪਸੀ ’ਤੇ ਉਹਦਾ ਸ਼ਾਹੀ ਸਵਾਗਤ ਹੋਇਆ ਤੇ ਉਸ ਨੂੰ ਸ਼ਹਿਨਸ਼ਾਹ ਦੇ ਸੁਰੱਖਿਆ ਦਸਤੇ ਵਿੱਚ ਸ਼ੈਂਬਲ ਯਾਨੀ ਕੈਪਟਨ ਬਣਾ ਦਿੱਤਾ ਗਿਆ।

1965 ਵਿੱਚ ਉਹ ਨਿਊ ਯਾਰਕ ਦੇ ਵਿਸ਼ਵ ਮੇਲੇ ਵਿੱਚ ਮਹਿਮਾਨ ਬਣ ਕੇ ਪਹੁੰਚਿਆ ਤੇ ਜਪਾਨ ਵਿੱਚ ਮੈਨਚੀ ਮੈਰਾਥਨ ਜਿੱਤੀ। 1966 ਵਿੱਚ ਉਹ ਲਗਾਤਾਰ ਮੈਰਾਥਨਾਂ ਦੌੜਦਾ ਰਿਹਾ। ਜੁਲਾਈ 1967 ਵਿੱਚ ਮੈਰਾਥਨ ਲਾਉਂਦਿਆਂ ਉਹਦਾ ਹੈਮਸਟਰਿੰਗ (ਪੱਠਾ) ਖਿੱਚਿਆ ਗਿਆ। ਇਹ ਸੱਟ ਉਸ ਨੂੰ ਸਦਾ ਲਈ ਲੈ ਬੈਠੀ। 1966 ਵਿੱਚ ਸਿਓਲ ’ਚ ਲਾਈ ਇੰਚੀਓਨ ਦੀ ਮੈਰਾਥਨ ਉਸ ਦੀ ਆਖ਼ਰੀ ਮੈਰਾਥਨ ਰਹੀ। ਉਹਦਾ 1968 ਦੀਆਂ ਓਲੰਪਿਕ ਖੇਡਾਂ ਵਿੱਚ ਕੁਝ ਹੋਰ ਕਰ ਵਿਖਾਉਣ ਦਾ ਸੁਪਨਾ ਅਧੂਰਾ ਹੀ ਰਿਹਾ।

22 ਮਾਰਚ 1969 ਦੀ ਰਾਤ ਨੂੰ ਕਾਰ ਹਾਦਸੇ ਵਿੱਚ ਉਹ ਅਪਾਹਜ ਹੋ ਗਿਆ। ਇੰਗਲੈਂਡ ਤੋਂ ਕਰਾਏ ਇਲਾਜ ਨਾਲ ਉਹਦੇ ਸਰੀਰ ਦਾ ਉੱਪਰਲਾ ਹਿੱਸਾ ਹੀ ਹਰਕਤ ਕਰਨ ਜੋਗਾ ਰਹਿ ਗਿਆ। ਹਜ਼ਾਰਾਂ ਮੀਲ ਦੌੜਨ ਵਾਲੀਆਂ ਲੱਤਾਂ ਇੱਕ ਕਦਮ ਵੀ ਪੁੱਟਣ ਜੋਗੀਆਂ ਨਾ ਰਹੀਆਂ। ਇੰਗਲੈਂਡੋ ਕਰਾਏ ਇਲਾਜ ਨਾਲ ਉਹ ਬੈਠਾ ਬੈਠਾ ਤੀਰ ਅੰਦਾਜ਼ੀ ਤੇ ਟੇਬਲ ਟੈਨਿਸ ਖੇਡਣ ਦੇ ਕਾਬਲ ਜ਼ਰੂਰ ਹੋਇਆ ਅਤੇ 1970 ਵਿੱਚ ਲੰਡਨ ਦੀਆਂ ਸਟੋਕ ਮੈਂਡੇਵਿੱਲ ਗੇਮਜ਼ ਵਿੱਚ ਹਿੱਸਾ ਲੈ ਸਕਿਆ। ਉਸ ਨੇ 1971 ਵਿੱਚ ਵੀ ਦੋਹਾਂ ਖੇਡਾਂ ਵਿੱਚ ਭਾਗ ਲਿਆ। ਮਿਉਨਿਖ-1972 ਦੀਆਂ ਓਲੰਪਿਕ ਖੇਡਾਂ ਵਿੱਚ ਉਸ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸੱਦਿਆ ਗਿਆ ਜਿੱਥੇ ਦਰਸ਼ਕਾਂ ਨੇ ਭਰਪੂਰ ਤਾੜੀਆਂ ਨਾਲ ਉਸ ਦਾ ਸਵਾਗਤ ਕੀਤਾ।

ਆਖ਼ਰ 25 ਅਕਤੂਬਰ 1973 ਨੂੰ ਉਹ ਦੁਨੀਆ ਨੂੰ ਅਲਵਿਦਾ ਕਹਿ ਗਿਆ। ਜਿਸ ਦਿਨ ਉਸ ਦਾ ਸਸਕਾਰ ਹੋਇਆ ਉਸ ਦਿਨ ਇਥੋਪੀਆ ’ਚ ਕੌਮੀ ਸੋਗ ਦਿਵਸ ਮਨਾਇਆ ਗਿਆ। ਇਥੋਪੀਆ ਦੇ ਸ਼ਹਿਨਸ਼ਾਹ ਹੈਲੀ ਸੇਲਾਸੀ ਸਣੇ 65000 ਸੋਗਵਾਰ ਉਹਦੇ ਸਸਕਾਰ ’ਚ ਸ਼ਾਮਲ ਹੋਏ। ਸ਼ਾਹੀ ਤੋਪਾਂ ਨੇ ਗਰਜ ਕੇ ਸਲਾਮੀ ਦਿੱਤੀ। ਉਹਦੀ ਯਾਦ ਵਿੱਚ ਡਾਕ ਟਿਕਟ ਜਾਰੀ ਕੀਤੀ ਗਈ, ਨੈਸ਼ਨਲ ਸਟੇਡੀਅਮ, ਪੁਲ, ਸਕੂਲਾਂ ਤੇ ਹੋਰ ਯਾਦਗਾਰੀ ਸਥਾਨਾਂ ਨਾਲ ਅਬੇਬੇ ਬਕੀਲਾ ਦਾ ਨਾਂ ਜੋੜਿਆ ਗਿਆ। ਹਾਲ ਆਫ ਫੇਮ ਵਿੱਚ ਉਹਦਾ ਨਾਂ ਸਥਾਪਿਤ ਕੀਤਾ ਗਿਆ। ਉਹਦੇ ਬਾਰੇ ਫਿਲਮਾਂ ਬਣੀਆਂ, ਜੀਵਨੀਆਂ ਲਿਖੀਆਂ ਗਈਆਂ ਤੇ ਉਹਦੇ ਨਾਂ ’ਤੇ ਮੈਰਾਥਨ ਦੌੜਾਂ ਲਾਈਆਂ ਜਾ ਰਹੀਆਂ ਹਨ। 21 ਮਾਰਚ 2010 ਨੂੰ ਉਹਦੀ 50ਵੀਂ ਬਰਸੀ ’ਤੇ ਰੋਮ ਵਿੱਚ ਮੈਰਾਥਨ ਦੌੜ ਲਵਾਈ ਗਈ। ਉਸ ਵਿੱਚ ਜੇਤੂ ਇਥੋਪੀਆ ਦਾ ਹੀ ਸਿਰਾਜ ਜੇਨਾ ਰਿਹਾ। ਅਬੇਬੇ ਬਕੀਲਾ ਦੇ ਸਤਿਕਾਰ ਵਿੱਚ ਉਹ ਮੈਰਾਥਨ ਦੌੜ ਦੇ ਆਖ਼ਰੀ 300 ਮੀਟਰ ਨੰਗੇ ਪੈਰੀਂ ਦੌੜਿਆ।

ਅਬੇਬੇ ਬਕੀਲਾ ਟੋਕੀਓ ਦੀਆਂ ਓਲੰਪਿਕ ਖੇਡਾਂ ਸਮੇਂ ਆਪਣੀ ਮੁੰਦਰੀ ਬਾਥਰੂਮ ’ਚੋਂ ਚੁੱਕਣੀ ਭੁੱਲ ਗਿਆ ਸੀ। ਉਹ ਜਪਾਨ ਦੀ ਸਫ਼ਾਈ ਸੇਵਕਾ ਨੇ ਸੰਭਾਲ ਲਈ ਸੀ। ਸਫ਼ਾਈ ਸੇਵਕਾ ਆਪਣੇ ਹੱਥੀਂ ਮੁੰਦਰੀ ਅਬੇਬੇ ਬਕੀਲਾ ਨੂੰ ਵਾਪਸ ਕਰਨਾ ਚਾਹੁੰਦੀ ਸੀ। ਵਿਚਾਰੀ ਅਬੇਬੇ ਨੂੰ ਉਡੀਕਦੀ ਮਰ ਗਈ। ਆਖ਼ਰ ਉਹ ਮੁੰਦਰੀ ਆਪਣੇ ਪਰਿਵਾਰ ਨੂੰ ਫੜਾ ਗਈ ਕਿ ਜਦੋਂ ਵਿਧ ਬਣੇ ਤਾਂ ਅਬੇਬੇ ਦੇ ਪਰਿਵਾਰ ਨੂੰ ਦੇ ਦੇਣੀ। ਦਸੰਬਰ 2019 ਵਿੱਚ ਜਪਾਨ ਦੇ ਸ਼ਹਿਰ ਕਸਾਮਾ ਸਿਟੀ ਵਿਖੇ ਅਬੇਬੇ ਦੀ ਯਾਦ ਵਿੱਚ ਕਰਾਈ ਮੈਰਾਥਨ ਦੌੜ ਦੇ ਮੁੱਖ ਮਹਿਮਾਨ ਵਜੋਂ ਉਹਦੇ ਪੁੱਤਰ ਯੇਤਨਾਯੇਤ ਨੂੰ ਸੱਦਿਆ ਗਿਆ। ਉੱਥੇ ਉਹਦੇ ਪਿਤਾ ਦੀ ਮੁੰਦਰੀ ਉਸ ਨੂੰ ਸੌਂਪੀ ਗਈ ਜਿਸ ਨਾਲ ਜਪਾਨ ਦੀ ਗੁਜ਼ਰ ਚੁੱਕੀ ਸਫ਼ਾਈ ਸੇਵਕਾ ਦੇ ਸਿਰੋਂ ਭਾਰ ਲਹਿ ਗਿਆ ਤੇ ਉਹਦੀ ਰੂਹ ਸ਼ਾਂਤ ਹੋ ਗਈ।