‘ਇਤਿਹਾਸ ਵਿੱਚ ਸਿੱਖ ਬੀਬੀਆਂ’ ਵਿਸ਼ੇ ’ਤੇ ਲੈਕਚਰ

‘ਇਤਿਹਾਸ ਵਿੱਚ ਸਿੱਖ ਬੀਬੀਆਂ’ ਵਿਸ਼ੇ ’ਤੇ ਲੈਕਚਰ

ਨਵੀਂ ਦਿੱਲੀ- ਸਿੱਖ ਇਤਿਹਾਸ ਦੇ ਪ੍ਰਚਾਰ-ਪ੍ਰਸਾਰ ਲਈ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਸਿੱਖ ਹਿਸਟਰੀ ਐਂਡ ਗੁਰਬਾਣੀ ਫ਼ੋਰਮ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਭਵਨ ਵਿੱਚ ਅੱਜ ‘ਇਤਿਹਾਸ ਵਿੱਚ ਸਿੱਖ ਬੀਬੀਆਂ’ ਲੜੀ ਤਹਿਤ ਪੰਜਵਾਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਦੌਰਾਨ ਮਾਤਾ ਖੀਵੀ ਜੀ ਦੇ ਜੀਵਨ ’ਤੇ ਚਾਨਣਾ ਪਾਇਆ ਗਿਆ। ਗੁਰੂ ਨਾਨਕ ਪਬਲਿਕ ਸਕੂਲ ਰਜੌਰੀ ਗਾਰਡਨ ਦੇ ਵਿਦਿਆਰਥੀਆਂ ਨੇ ਸ਼ਬਦ ਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਮੁੱਖ ਬੁਲਾਰੇ ਡਾ. ਕੁਲਦੀਪ ਕੌਰ ਪਾਹਵਾ ਨੇ ਦੱਸਿਆ ਕਿ ਮਾਤਾ ਖੀਵੀ ਜੀ ਦੀ ਉਪਮਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਉਹ ਲੰਗਰ ਦੀ ਸੇਵਾ ਦੇ ਸਾਰੇ ਪ੍ਰਬੰਧ ਸੰਭਾਲਦੇ ਹੋਏ ਸੰਗਤ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਛਕਾਉਂਦੇ ਸਨ। ਮਾਤਾ ਖੀਵੀ ਜੀ ਨੇ ਲੰਗਰ ਦੀ ਸੇਵਾ ਤੋਂ ਇਲਾਵਾ ਸਭ ਲਈ ਪ੍ਰੇਮ ਭਰਿਆ ਵਾਤਾਵਰਨ ਵੀ ਸਿਰਜਿਆ। ਆਪਣੇ ਗ੍ਰਹਿਸਥ ਦੀਆਂ ਜ਼ਿੰਮੇਵਾਰੀ ਵੀ ਚੰਗੀ ਤਰ੍ਹਾਂ ਨਿਭਾਉਂਦਿਆਂ ਉਨ੍ਹਾਂ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਬਹੁਤ ਵਧੀਆ ਢੰਗ ਨਾਲ ਕੀਤਾ। ਡਾ. ਜਸਪਾਲ ਸਿੰਘ ਨੇ ਡਾ. ਪਾਹਵਾ ਵੱਲੋਂ ਦਿੱਤੀ ਜਾਣਕਾਰੀ ਬਾਰੇ ਟਿੱਪਣੀਆਂ ਕੀਤੀਆਂ ਤੇ ਗੁਰੂ ਮਾਤਾਵਾਂ, ਗੁਰੂ ਮਹਿਲਾਂ, ਗੁਰੂ ਪੁੱਤਰੀਆਂ ਅਤੇ ਇਤਿਹਾਸਿਕ ਸਿੱਖ ਬੀਬੀਆਂ ਦੇ ਜੀਵਨ ਇਤਿਹਾਸ ਨੂੰ ਸੰਗਤ ਸਾਹਮਣੇ ਲਿਆਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਸੁਰਿੰਦਰ ਕੌਰ (ਪ੍ਰਿੰਸੀਪਲ ਗੁਰੂ ਤੇਗ ਬਹਾਦਰ ਖਾਲਸਾ ਕਾਲਜ) ਨੇ ਮਾਤਾ ਖੀਵੀ ਜੀ ਦੇ ਜੀਵਨ ਬਾਰੇ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਉੱਘੀ ਕਵਿਤਰੀ ਇੰਦਰਜੀਤ ਕੌਰ ਦੀ ਪੁਸਤਕ ‘ਸੋਚਾਂ ਦੀ ਉਡਾਰੀ’ ਸੰਗਤ ਨੂੰ ਸਮਰਪਿਤ ਕੀਤੀ।