‘ਇਤਿਹਾਸ ਵਿੱਚ ਸਿੱਖ ਬੀਬੀਆਂ’ ਵਿਸ਼ੇ ’ਤੇ ਭਾਸ਼ਣ

‘ਇਤਿਹਾਸ ਵਿੱਚ ਸਿੱਖ ਬੀਬੀਆਂ’ ਵਿਸ਼ੇ ’ਤੇ ਭਾਸ਼ਣ

ਨਵੀਂ ਦਿੱਲੀ- ਸਿੱਖ ਇਤਿਹਾਸ ਦੇ ਪ੍ਰਚਾਰ-ਪ੍ਰਸਾਰ ਲਈ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਸਿੱਖ ਹਿਸਟਰੀ ਐਂਡ ਗੁਰਬਾਣੀ ਫੋਰਮ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਭਵਨ ਵਿੱਚ ‘ਇਤਿਹਾਸ ਵਿੱਚ ਸਿੱਖ ਬੀਬੀਆਂ’ ਲੜੀ ਤਹਿਤ ਤੀਜਾ ਵਿਸ਼ੇਸ਼ ਲੈਕਚਰ ਬੇਬੇ ਨਾਨਕੀ ਜੀ ਦੇ ਜੀਵਨ ’ਤੇ ਕਰਵਾਇਆ ਗਿਆ।

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰਿਗੋਬਿੰਦ ਐਨਕਲੇਵ ਦੇ ਵਿਦਿਆਰਥੀਆਂ ਦੇ ਕੀਰਤਨੀ ਜਥੇ ਵੱਲੋਂ ਗਾਏ ਗੁਰਬਾਣੀ ਸ਼ਬਦ ਤੋਂ ਬਾਅਦ ਮੁੱਖ ਮਹਿਮਾਨ ਪ੍ਰੋਫ਼ੈਸਰ ਡਾਕਟਰ ਚਰਨ ਸਿੰਘ, ਮੁੱਖ ਵਕਤਾ ਡਾ. ਰਵਿੰਦਰ ਕੌਰ ਬੇਦੀ, ਲੈਕਚਰ ਦੀ ਪ੍ਰਧਾਨਗੀ ਕਰ ਰਹੇ ਡਾ. ਰੋਮਿੰਦਰ ਕੌਰ ਰੰਧਾਵਾ ਅਤੇ ਡਾ. ਹਰਪ੍ਰੀਤ ਕੌਰ ਨੇ ਵਿਚਾਰ ਸਾਂਝੇ ਕੀਤੇ। ਡਾ. ਰਵਿੰਦਰ ਕੌਰ ਬੇਦੀ ਨੇ ਦੱਸਿਆ ਕਿ ਬੇਬੇ ਨਾਨਕੀ ਨੇ ਗੁਰੂ ਨਾਨਕ ਨੂੰ ‘ਵੀਰ’ ਕਰ ਕੇ ਨਹੀਂ ‘ਪੀਰ’ ਕਰਕੇ ਜਾਣਿਆ। ਗੁਰੂ ਸਾਹਿਬ ਵੀ ਆਪਣੀ ਭੈਣ ਦਾ ਕਿਹਾ ਕਦੇ ਨਹੀਂ ਸੀ ਮੋੜਦੇ। ਜਦੋਂ ਗੁਰੂ ਨਾਨਕ ਦੇਵ ਜੀ ਇਸ ਲੋਕਾਈ ਨੂੰ ਸੋਧਣ ਲਈ ਉਦਾਸੀਆਂ ’ਤੇ ਚੱਲੇ ਤਾਂ ਬੇਬੇ ਨਾਨਕੀ ਨੇ ਹੀ ਭਾਈ ਮਰਦਾਨਾ ਨੂੰ ਨਵੀਂ ਰਬਾਬ ਫਿਰੰਦੇ ਕੋਲੋਂ ਬਣਵਾ ਕੇ ਦਿੱਤੀ ਸੀ। ਇਸੇ ਤਰ੍ਹਾਂ ਇਤਿਹਾਸ ਵਿੱਚ ਹੋਰ ਵੀ ਸਿੱਖ ਬੀਬੀਆਂ ਦਾ ਅਹਿਮ ਯੋਗਦਾਨ ਹੈ, ਜਨਿ੍ਹਾਂ ਬਾਰੇ ਸਾਨੂੰ ਆਪਣੇ ਬੱਚਿਆਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ। ਡਾ. ਰੋਮਿੰਦਰ ਕੌਰ ਅਤੇ ਮਾਤਾ ਸੁੰਦਰੀ ਕਾਲਜ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਬੇਬੇ ਨਾਨਕੀ ਦੇ ਜੀਵਨ ਬਾਰੇ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਵੱਖ-ਵੱਖ ਸਕੂਲਾਂ, ਕਾਲਜਾਂ ਦੇ ਪ੍ਰਿੰਸੀਪਲਾਂ, ਪ੍ਰੋਫ਼ੈਸਰਾਂ, ਵਿਦਵਾਨਾਂ, ਅਧਿਆਪਕਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ’ਚ ਹਾਜ਼ਰੀ ਭਰੀ।