ਇਤਿਹਾਸ ਦੇ ਝਰੋਖੇ ਵਿਚੋਂ – ਪੱਛਮ ’ਚੋਂ ਉੱਗਿਆ ਸੂਰਜ

ਸ੍ਰ. ਗੁਰਚਰਨਜੀਤ ਸਿੰਘ ਲਾਂਬਾ
ਬੱਚਿਆਂ ਦੀ ਇਕ ਜਮਾਤ ਵਿਚ ਕਿਸੇ ਮਾਸਟਰ ਨੇ ਪੁੱਛਿਆ, ‘ਬੱਚਿਓ! ਜੇ ਤੁਹਾਡੇ ਕੋਲ ਪੰਜ ਅੰਬ ਹੋਣ ਤੇ ਮੈਂ ਤੁਹਾਨੂੰ ਸੱਤ ਅੰਬ ਹੋਰ ਦੇ ਦਿਆ ਤਾਂ ਤੁਹਾਡੇ ਕੋਲ ਕਿੰਨੇ ਅੰਬ ਹੋ ਜਾਣਗੇ।’ ਇਕ ਸਿਆਣੇ ਬੱਚੇ ਨੇ ਨਾਲ ਵਾਲੇ ਨੂੰ ਕੂਹਣੀ ਮਾਰ ਕੇ ਕਿਹਾ, ‘ਵੇਖੀਂ ਓਏ, ਇਹ ਮਾਸਟਰ ਅੰਬਾਂ ਦੇ ਲਾਲਚ ਵਿਚ ਹਿਸਾਬ ਪੜ੍ਹਾਈ ਜਾਂਦਾ ਈ।’
ਬਿਲਕੁਲ ਇਹੋ ਕੰਮ ਸਾਬਕਾ ਕਸਟਮ ਅਫ਼ਸਰ ਸਰਦਾਰ ਹਰਭਜਨ ਸਿੰਘ ਉਰਫ਼ ਸਿਰੀ ਸਿੰਘ ਸਾਹਿਬ ਉਰਫ਼ ਯੋਗੀ ਹਰਭਜਨ ਸਿੰਘ ਖਾਲਸਾ ਨੇ ਪੱਛਮੀ ਸਭਿਆਚਾਰ ਵਿਚ ਜਾ ਕੇ ਕੀਤਾ। ਉਨ੍ਹਾਂ ਨੇ ਕੁੰਡਲਿਨੀ ਯੋਗਾ, ਹੈਲਦੀ, ਹੋਲੀ, ਹੈਪੀਨੈਸ ਦੇ ਕਲਿਸ਼ਟ, ਪਰ ਦਿਲਕਸ਼ ਨਾਅਰਿਆਂ ਰਾਹੀਂ ਵਿਦੇਸ਼ ਵਸਦੇ ਲੋਕਾਂ ਦਾ ਨਾਤਾ ਬਾਣਾ-ਬਾਣੀ, ਗੁਰਸਿੱਖੀ, ਸ੍ਰੀ ਹਰਿਮੰਦਰ ਸਾਹਿਬ, ਗੁਰੂ ਰਾਮਦਾਸ ਨਾਲ ਜੋੜ ਦਿੱਤਾ।
ਸਿੱਖ ਅਤੇ ਸਿੱਖੀ ਦੀ ਪਹਿਲੀ ਪਛਾਣ ਅਤੇ ਜ਼ਰੂਰਤ ਕੇਸਾਂ ਦੀ ਸੰਭਾਲ ਨੂੰ ਜਿਥੇ ਸਿੱਖੀ ਦੇ ਘਰ ਪੰਜਾਬ ਦੀ ਧਰਤੀ ’ਤੇ ਵੀ ਯੋਗ ਮਾਣ ਸਤਿਕਾਰ ਨਾ ਮਿਲ ਸਕਿਆ, ਉਸ ‘ਸਾਬਤ ਸੂਰਤ ਦਸਤਾਰ ਸਿਰਾ’ ਦੇ ਸੰਕਲਪ ਨੂੰ ਅਧਿਆਤਮਕ ਤੌਰ ’ਤੇ ਪੱਛਮ ਦੀ ਉਸ ਬੰਜਰ ਧਰਤੀ ਵਿਚ ਬੀਜਣ ਦਾ ਸੰਕਲਪ ਯੋਗੀ ਹਰਭਜਨ ਸਿੰਘ ਦੀ ਦਿ੍ਰੜ੍ਹਤਾ, ਭਰੋਸੇ ਅਤੇ ਦੂਰ-ਦਿ੍ਰਸ਼ਟੀ ਦਾ ਲਖਾਇਕ ਹੈ।
ਭਾਰਤ ਦੇ ਦਾਰਸ਼ਨਿਕ ‘ਚਾਰਵਾਕ’ ਦਾ ਆਕਰਸ਼ਕ ਨਿਯਮ ਕਿ ‘ਘਿਉ ਪੀਉ, ਰੋਜ਼ ਪੀਉ, ਕਰਜ਼ਾ ਲੈ ਕੇ ਪੀਉ, ਜਦੋਂ ਸਰੀਰ ਭਸਮੀ ਭੂਤ ਹੋ ਗਿਆ ਫਿਰ ਕਿਸੇ ਨੇ ਮੰਗਣਾ ਹੈ ਕਿ ਕਿਸ ਨੇ ਦੇਣਾ ਹੈ, ਨੂੰ ਪੱਛਮ ਵਾਸੀਆਂ ਨੇ ਬਾਖੂਬੀ ਅਪਣਾਇਆ। ਜਿਸ ਨੇ ਪਦਾਰਥਵਾਦ ਤੇ ਪੂੰਜੀਵਾਦ ਅਧਾਰਿਤ ਸਮਾਜ ਦੀ ਸਿਰਜਨਾ ਕੀਤੀ, ਜਿਸ ਵਿਚ ਧਰਮ, ਇਖਲਾਕ, ਪਾਪ, ਪੁੰਨ, ਪੁਨਰ ਜਨਮ ਕੋਈ ਮਹੱਤਵ ਨਹੀਂ ਸਨ ਰੱਖਦੇ। ਇਸ ਨਾਲ ਪਰਿਵਾਰ ਅਤੇ ਸਮਾਜ ਵਿਚ ਤਰੇੜਾਂ ਅਤੇ ਦਰਾਰਾਂ ਪੈਦਾ ਹੋਈਆਂ ਜਿਸ ਨੇ ਪਦਾਰਥਕ ਸੁਖ ਸੰਪਦਾ ਅਤੇ ਸਾਧਨ ਸੰਪੰਨ ਹੋਣ ਦੇ ਬਾਵਜੂਦ ਮਾਨਸਿਕ ਤਣਾਅ ਨੂੰ ਜਨਮ ਦਿੱਤਾ। ਇਸ ਸੜਦੇ ਹੋਏ ਸਮਾਜ ਅਤੇ ਬੰਜਰ ਧਰਤੀ ਵਿਚ ਯੋਗੀ ਹਰਭਜਨ ਸਿੰਘ ਦੀ ਤਿੱਖੀ ਨਜ਼ਰ ਨੇ ਸਿੱਖੀ ਸਰੂਪ ਦੇ ਬੂਟੇ ਦਾ ਸੰਕਲਪ ਲਿਆ ਅਤੇ ਸਿੱਖੀ ਦੇ ਘਰ ਪੰਜਾਬ ਦੀ ਧਰਤੀ ਤੋਂ ਇਸ ਦੀ ਕਲਮ ਲਿਆ ਕੇ ਲਗਾ ਦਿੱਤੀ। ਅੱਜ ਇਸ ਬੂਟੇ ਦੀਆਂ ਸਾਖਾਂ ਅਤੇ ਕਲਪਾਂ ਨਿਕਲ ਆਈਆਂ ਹਨ ਅਤੇ ਇਸ ਵਿਚ ਲੱਗੇ ਫੁੱਲ ਵੀ ਮਹਿਕ ਰਹੇ ਹਨ। ਨਵੇਂ ਸਜੇ ਸਿੱਖਾਂ ਦੀ ਹੁਣ ਦੂਜੀ ਪੁਸ਼ਤ ਵੀ ਤਿਆਰ ਹੋ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਯੋਗੀ ਹਰਭਜਨ ਸਿੰਘ ਦੁਆਰਾ ਸੰਸਥਾਪਤ ਇਸ ਸੰਸਥਾ ਵਿਚ ਹੁਣ ਪੜ੍ਹੇ-ਲਿਖੇ ਅਤੇ ਚੰਗੇ ਪੇਸ਼ਾਵਰ ਲੋਕ ਵੀ ਸਿੱਖੀ ਦੇ ਸਿਧਾਂਤਾਂ ਨੂੰ ਸਮਝ ਕੇ ਸ਼ਾਮਲ ਹੋ ਰਹੇ ਹਨ। ਮੁਬਾਰਕ!
ਯੋਗੀ ਹਰਭਜਨ ਸਿੰਘ ਦੇ ਇਸ ਮਿਸ਼ਨ ਦੀ ਕਾਇਮੀ ਅਤੇ ਕਾਮਯਾਬੀ ਵਿਚ ਕੇਂਦਰੀ ਸਿੱਖ ਲੀਡਰਸ਼ਿਪ ਨੇ ਪੂਰਨ ਅਤੇ ਭਰਪੂਰ ਬਲਕਿ ਮੰਗ ਅਤੇ ਲੋੜ ਤੋਂ ਵੱਧ ਸਹਿਯੋਗ ਦਿੱਤਾ। ਇਹ ਸਹਿਯੋਗ ਹਾਸਲ ਕਰਨ ਦੀ ਜਾਚ, ਚੱਜ ਅਤੇ ਸਾਧਨ ਯੋਗੀ ਜੀ ਕੋਲ ਮੌਜੂਦ ਸਨ, ਜਿਸ ਦਾ ਉਨ੍ਹਾਂ ਨੇ ਭਰਪੂਰ ਫਾਇਦਾ ਉਠਾਇਆ। ਪਰ ਇਸ ਦੇ ਬਾਵਜੂਦ ਯੋਗੀ ਜੀ ਨੇ ਇਨ੍ਹਾਂ ਅਮਰੀਕਨ ਸਿੱਖਾਂ ਜਿਨ੍ਹਾਂ ਵਿਚ ਕਾਲੇ, ਗੋਰੇ, ਹਿਸਪੈਨਿਕਸ ਅਤੇ ਹੋਰ ਨਸਲਾਂ ਦੇ ਸ਼ਾਮਲ ਸਨ, ਉਨ੍ਹਾਂ ਸਾਰਿਆਂ ਨੂੰ ਖਾਲਸਾ, ਕੀਰਤਨ, ਹਰਿਮੰਦਰ ਸਾਹਿਬ, ਗੁਰੂ ਰਾਮਦਾਸ, ਸਾਬਤ ਸੂਰਤ ਦੇ ਸੰਕਲਪ ਵਿਚ ਓਤ-ਪੋਤ ਹੋਣ ਦੀ ਪ੍ਰੇਰਨਾ ਅਤੇ ਅਗਵਾਈ ਦਿੱਤੀ। ਜ਼ਾਹਿਰਾ ਤੌਰ ’ਤੇ ਇਹ ਜਥਾ ਹੁਣ ਇਨ੍ਹਾਂ ਸਿਧਾਂਤਾਂ ਨਾਲ ਸਰਾਬੋਰ ਹੈ। ਸੂਰਜ ਵੀ ਜਦੋਂ ਪੂਰਬ ਵਿਚੋਂ ਸਫ਼ਰ ਕਰਦਾ ਪੱਛਮ ਵੱਲ ਪੁੱਜਦਾ ਹੈ ਤਾਂ ਗ਼ਰੂਬ ਹੋ ਜਾਂਦਾ ਹੈ, ਡੁੱਬ ਜਾਂਦਾ ਹੈ। ਤਾਂ ਫਿਰ ਕੀ ਹੈਰਾਨੀ ਕਿ ਪੱਛਮੀ ਸਭਿਅਤਾ ’ਚੋਂ ਕੋਈ ਬਚ ਕੇ ਵਾਪਸ ਆ ਜਾਏ। ਪਰ ਯੋਗੀ ਹਰਭਜਨ ਸਿੰਘ ਦੀ ਇਹ ਦੇਣ ‘ਪੱਛਮ ’ਚੋਂ ਸੂਰਜ’ ਦੇ ਪ੍ਰਗਟ ਹੋਣ ਤੁਲ ਹੈ।
‘ਗੁਰ ਸੰਗਤ ਕੀਨੀ ਖਾਲਸਾ’ ਦੇ ਸਿਧਾਂਤ ਮੁਤਾਬਿਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਗਤ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਬਣਾ ਦਿੱਤਾ। ਖਾਲਸਾ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ। ਹਾਂ ਯੋਗੀ ਜੀ ਦੀ ਅਗਵਾਈ ਵਿਚ ਇਨ੍ਹਾਂ ਵਿਦੇਸ਼ੀ ਸਿੱਖਾਂ ਦਾ ਇਹ ਸੁੰਦਰ ਜਥਾ ਵੀ ਵਾਹਿਗੁਰੂ ਜੀ ਕਾ ਖ਼ਾਲਸਾ ਹੈ। ਯੋਗੀ ਹਰਭਜਨ ਸਿੰਘ ਇਸ ਜਥੇ ਦਾ ਪ੍ਰਭਾਵਸ਼ਾਲੀ ਜਥੇਦਾਰ ਸੀ।
ਹੁਣ ਲੋੜ ਹੈ ਇਸ ਨਵਜਾਤ ਜਥੇ ਨੂੰ ਵਿਸ਼ਾਲ ਪੰਥ ਦਾ ਅੰਗ ਮੰਨਣ ਯੋਗ ਸਤਿਕਾਰ ਦਿੰਦਿਆਂ ਕਿ ਦੀਦਾਰ ਅਨੁਰੂਪ ਗੁਫ਼ਤਾਰ ਤੇ ਕਿਰਦਾਰ ਨੂੰ ਅਮਲੀ ਰੂਪ ਦੇਣ ਦੀ ਤਾਂ ਕਿ ਜਹਾਂ ਜਹਾਂ ਖ਼ਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਮੁਤਾਬਿਕ ਖ਼ਾਲਸੇ ਦੀ ਚੜ੍ਹਦੀ ਕਲਾ ਦਾ ਪਰਚਮ ਤਿੰਨਾਂ ਲੋਕਾਂ ’ਤੇ ਝੂਲੇ। ਯੋਗੀ ਹਰਭਜਨ ਸਿੰਘ ਨੂੰ ਅਦਾਰਾ ‘ਸੰਤ ਸਿਪਾਹੀ’ ਦੀ ਸ਼ਰਧਾਂਜਲੀ।