ਇਟਲੀ ਚੋਣਾਂ: ਮੈਲੋਨੀ ਦੀ ਪਾਰਟੀ ਨੂੰ ਬਹੁਮਤ

ਰੋਮ: ਫਾਸ਼ੀਵਾਦੀ ਪਾਰਟੀ ‘ਦਿ ਬ੍ਰਦਰਜ਼ ਆਫ ਇਟਲੀ’ ਨੇ ਇਟਲੀ ਵਿੱਚ ਹੋਈਆਂ ਕੌਮੀ ਚੋਣਾਂ ਦੌਰਾਨ ਸਭ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਹਨ। ਦੂਜੇ ਵਿਸ਼ਵ ਯੁੱਧ ਮਗਰੋਂ ਇਟਲੀ ਵਿੱਚ ਪਹਿਲੀ ਵਾਰ ਫਾਸ਼ੀਵਾਦੀ ਸਰਕਾਰ ਬਣਨ ਜਾ ਰਹੀ ਹੈ। ਚੋਣ ਜਿੱਤਣ ਮਗਰੋਂ ਜੌਰਜੀਆ ਮੈਲੋਨੀ ਇਟਲੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਹੋਵੇਗੀ। ਹੁਣ ਤੱਕ ਪ੍ਰਾਪਤ ਹੋਏ ਚੋਣ ਨਤੀਜਿਆਂ ਅਨੁਸਾਰ ਕੇਂਦਰੀ ਸੱਜੇ ਪੱਖੀ ਗੱਠਜੋੜ ਨੇ ਕਰੀਬ 44 ਫ਼ੀਸਦੀ ਵੋਟਾਂ ਹਾਸਲ ਕੀਤੀਆਂ, ਜਦਕਿ ਮੈਲੋਨੀ ਦੇ ‘ਬ੍ਰਦਰਜ਼ ਆਫ ਇਟਲੀ’ ਨੂੰ ਕਰੀਬ 26 ਫ਼ੀਸਦੀ ਵੋਟਾਂ ਪਈਆਂ। ਦੇਸ਼ ਵਿੱਚ ਕਰੀਬ 64 ਫ਼ੀਸਦੀ ਵੋਟਿੰਗ ਹੋਈ। ਮੈਲੋਨੀ ਨੇ ਕਿਹਾ, ‘‘ਜੇਕਰ ਸਾਨੂੰ ਇਸ ਦੇਸ਼ ’ਤੇ ਸ਼ਾਸਨ ਕਰਨ ਲਈ ਸੱਦਾ ਮਿਲਦਾ ਹੈ ਤਾਂ ਅਸੀਂ ਇਟਲੀ ਦੇ ਸਾਰੇ ਨਾਗਰਿਕਾਂ ਨੂੰ ਧਿਆਨ ਵਿੱਚ ਰੱਖ ਕੇ ਸਰਕਾਰ ਚਲਾਵਾਂਗੇ।’’ ਸਰਕਾਰ ਦੇ ਗਠਨ ਵਿੱਚ ਹਾਲੇ ਕਈ ਹਫ਼ਤੇ ਲੱਗਣਗੇ ਅਤੇ ਇਸ ਲਈ ਪਾਰਟੀ ਦੇ ਆਗੂਆਂ ਤੇ ਰਾਸ਼ਟਰਪਤੀ ਸਰਜੀਓ ਮਟਰੇਲਾ ਨਾਲ ਸਲਾਹ ਮਸ਼ਵਰਾ ਕੀਤਾ ਜਾਵੇਗਾ। ਇਸੇ ਦੌਰਾਨ ਮੌਜੂਦਾ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਨੂੰ ਅਗਲੇ ਹੁਕਮਾਂ ਤੱਕ ਦੇਸ਼ ਦੀ ਵਾਗਡੋਰ ਸੰਭਾਲਣਗੇ।