ਇਜ਼ਰਾਈਲ-ਹਮਾਸ ਜੰਗ ’ਚ ਹੁਣ ਤੱਕ ਹਜ਼ਾਰਾਂ ਮੌਤਾਂ

ਇਜ਼ਰਾਈਲ-ਹਮਾਸ ਜੰਗ ’ਚ ਹੁਣ ਤੱਕ ਹਜ਼ਾਰਾਂ ਮੌਤਾਂ

  • ਗਾਜ਼ਾ ’ਚ ਇਜ਼ਰਾਇਲੀ ਫ਼ੌਜ ਵੱਲੋਂ ਕੀਤੇ ਹਮਲੇ ’ਚ ਸੈਂਕੜੇ ਇਮਾਰਤਾਂ ਜ਼ਮੀਨਦੋਜ਼

ਯੇਰੂਸ਼ਲਮ : ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਹਮਾਸ ਦੇ ਡਾਊਨਟਾਊਨ ਗਾਜ਼ਾ ਸ਼ਹਿਰ, ਜੋ ਹਮਾਸ ਦੇ ਸਰਕਾਰੀ ਕੇਂਦਰਾਂ ਦਾ ਘਰ ਹੈ, ’ਚ ਲਗਾਤਾਰ ਬੰਬਾਰੀ ਕੀਤੀ। ਜਾਰੀ ਯੁੱਧ ਵਿਚ ਹੁਣ ਤੱਕ 2200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਜ਼ਰਾਈਲ ਵਿਚ ਦਹਾਕਿਆਂ ’ਚ ਇਹ ਪਹਿਲੀ ਵਾਰ ਹੈ ਕਿ ਉਸ ਦੀਆਂ ਸੜਕਾਂ ’ਤੇ ਲੜਾਈ ਹੋਈ ਹੋਵੇ ਅਤੇ ਗਾਜ਼ਾ ਦੇ ਨੇੜਲੇ ਇਲਾਕੇ ਮਲਬੇ ’ਚ ਤਬਦੀਲ ਹੋ ਗਏ। ਹਮਾਸ ਨੇ ਵੀ ਬਿਨਾਂ ਚਿਤਾਵਨੀ ਦਿੱਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ’ਤੇ ਬੰਧਕ ਬਣਾਏ ਗਏ ਇਜ਼ਰਾਈਲੀਆਂ ਨੂੰ ਮਾਰਨ ਦਾ ਪ੍ਰਣ ਕੀਤਾ ਹੈ, ਜਿਸ ਨਾਲ ਟਕਰਾਅ ਵਧ ਗਿਆ ਹੈ। ਇਜ਼ਰਾਈਲੀ ਫ਼ੌਜ ਨੇ ਕਿਹਾ ਕਿ ਉਸ ਨੂੰ ਇਜ਼ਰਾਈਲ ਦੇ ਖੇਤਰ ’ਚ ਲਗਭਗ 1500 ਹਮਾਸ ਅੱਤਵਾਦੀਆਂ ਦੀਆਂ ਲਾਸ਼ਾਂ ਮਿਲੀਆਂ ਹਨ, ਕਿਉਂਕਿ ਇਸ ਨੇ ਦੱਖਣੀ ਖੇਤਰ ’ਚ ਪ੍ਰਭਾਵਸ਼ਾਲੀ ਕੰਟਰੋਲ ਹਾਸਿਲ ਕਰ ਲਿਆ ਹੈ ਅਤੇ ਸਰਹੱਦ ’ਤੇ ਪੂਰਾ ਕੰਟਰੋਲ ਬਹਾਲ ਕਰ ਲਿਆ ਹੈ। ਇਹ ਤੁਰੰਤ ਸਪੱਸ਼ਟ ਨਹੀਂ ਹੋਇਆ ਕਿ ਕੀ ਇਹ ਗਿਣਤੀ ਫਿਲਸਤੀਨੀ ਅਧਿਕਾਰੀਆਂ ਵਲੋਂ ਪਹਿਲਾਂ ਦੱਸੀਆਂ ਗਈਆਂ ਮੌਤਾਂ ਨਾਲ ਮੇਲ ਖਾਂਦੀ ਹੈ। ਇਜ਼ਰਾਈਲ ਨੇ ਕਿਹਾ ਕਿ ਹਮਾਸ ਤੇ ਗਾਜ਼ਾ ’ਚ ਹੋਰ ਅੱਤਵਾਦੀ ਸਮੂਹਾਂ ਨੇ ਇਜ਼ਰਾਈਲ ’ਚੋਂ ਫੜੇ 150 ਸੈਨਿਕਾਂ ਅਤੇ ਨਾਗਰਿਕਾਂ ਨੂੰ ਬੰਧਕ ਬਣਾਇਆ ਹੋਇਆ ਹੈ। ਜਿਵੇਂ ਹੀ ਇਜ਼ਰਾਈਲੀ ਸੈਨਾ ਨੇ ਵੱਡੇ ਪੱਧਰ ’ਤੇ ਲਾਮਬੰਦੀ ’ਚ 300,000 ਰਾਖਵੇਂ ਰੱਖੇ ਸੈਨਿਕਾਂ ਨੂੰ ਸਰਗਰਮ ਕੀਤਾ, ਤਾਂ ਇਕ ਵੱਡਾ ਸਵਾਲ ਇਹ ਸੀ ਕਿ ਕੀ ਉਹ ਛੋਟੇ ਭੂ ਮੱਧ ਸਾਗਰੀ ਤੱਟੀ ਖੇਤਰ ’ਚ ਜ਼ਮੀਨੀ ਹਮਲਾ ਸ਼ੁਰੂ ਕਰੇਗਾ। ਗਾਜ਼ਾ ਨੇੜਲੇ ਦਰਜਨ ਤੋਂ ਜ਼ਿਆਦਾ ਸ਼ਹਿਰਾਂ ’ਚੋਂ ਹਜ਼ਾਰਾਂ ਇਜ਼ਰਾਈਲੀਆਂ ਨੂੰ ਬਚਾਇਆ ਗਿਆ ਅਤੇ ਕਿਸੇ ਵੀ ਨਵੀਂ ਘੁਸਪੈਠ ਤੋਂ ਗਾਜ਼ਾ ਸਰਹੱਦ ’ਤੇ ਵਾੜ ਨੂੰ ਸੰਨ੍ਹ ਤੋਂ ਬਚਾਉਣ ਲਈ ਟੈਂਕ ਅਤੇ ਡਰੋਨ ਤਾਇਨਾਤ ਕੀਤੇ ਗਏ। ਗਾਜ਼ਾ ਵਿਚ ਹਵਾਈ ਹਮਲਿਆਂ ਨਾਲ ਇਮਾਰਤਾਂ ਦੇ ਜ਼ਮੀਨਦੋਜ਼ ਹੋਣ ਕਾਰਨ ਹਜ਼ਾਰਾਂ ਲੋਕ ਆਪਣੇ ਘਰ ਛੱਡ ਕੇ ਭੱਜ ਗਏ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਟੀ. ਵੀ. ’ਤੇ ਰਾਸ਼ਟਰ ਨੂੰ ਦਿੱਤੇ ਭਾਸ਼ਨ ਵਿਚ ਕਿਹਾ ਕਿ ਅਸੀਂ ਸਿਰਫ ਹਮਾਸ ’ਤੇ ਹਮਲਾ ਕਰਨਾ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਜੋ ਅਸੀਂ ਆਪਣੇ ਦੁਸ਼ਮਣਾਂ ਨਾਲ ਕਰਾਂਗੇ ਉਹ ਪੀੜ੍ਹੀਆਂ ਤੱਕ ਗੂੰਜਦਾ ਰਹੇਗਾ। ਇਜ਼ਰਾਈਲੀ ਸੈਨਾ ਨੇ ਕਿਹਾ ਕਿ ਉਸ ਨੇ ਰਾਤ ਭਰ ਗਾਜ਼ਾ ਦੇ ਸ਼ਹਿਰ ਰਿਮਲ, ਜੋ ਕਿ ਹਮਾਸ ਦੇ ਮੰਤਰਾਲਿਆਂ ਅਤੇ ਸਰਕਾਰੀ ਇਮਾਰਤਾਂ ਦਾ ਘਰ ਹੈ, ’ਚ ਹਮਾਸ ਦੇ ਸੈਂਕੜੇ ਟਿਕਾਣਿਆਂ ’ਤੇ ਹਮਲੇ ਕੀਤੇ। ਰਿਮਲ ’ਚ ਭਾਰੀ ਤਬਾਹੀ ਨੇ ਸੰਕੇਤ ਦਿੱਤਾ ਕਿ ਗਾਜ਼ਾ ’ਚ ਇਜ਼ਰਾਈਲ ਦੀ ਨਵੀਂ ਰਣਨੀਤੀ ਕੀ ਹੋ ਸਕਦੀ ਹੈ: ਨਾਗਰਿਕਾਂ ਨੂੰ ਕੁਝ ਖੇਤਰਾਂ ਨੂੰ ਛੱਡਣ ਦੀ ਚਿਤਾਵਨੀ ਦੇਣਾ ਅਤੇ ਫਿਰ ਉਨ੍ਹਾਂ ਖੇਤਰਾਂ ’ਤੇ ਬੇਮਿਸਾਲ ਤੀਬਰਤਾ ਨਾਲ ਹਮਲੇ ਕਰਨਾ। ਹਫ਼ਤੇ ਦੇ ਅੰਤ ’ਚ ਇਜ਼ਰਾਈਲ ਦੀ ਸਰਹੱਦ ਨਾਲ ਲਗਦੇ ਗਾਜ਼ਾ ਦੇ ਖੇਤਰਾਂ ’ਚ ਸ਼ੁਰੂ ਹੋਈ ਬੰਬਾਰੀ ਰਾਤੋ-ਰਾਤ ਗਾਜ਼ਾ ਸ਼ਹਿਰ ਦੇ ਕੇਂਦਰ ’ਚ ਤਬਦੀਲ ਹੋ ਗਈ। ਬਰੀਫਿੰਗ ’ਚ ਹੇਚਟ ਨੇ ਸੁਝਾਅ ਦਿੱਤਾ ਕਿ ਫਿਲਸਤੀਨੀਆਂ ਨੂੰ ਮਿਸਰ ਦੇ ਨਾਲ ਲਗਦੀ ਰਾਫਾਹ ਸਰਹੱਦ ਕਰਾਸਿੰਗ ਰਾਹੀਂ ਨਿਕਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਪਰ ਬਾਅਦ ਵਿਚ ਸੈਨਾ ਨੇ ਕਿਹਾ ਕਿ ਕਰਾਸਿੰਗ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਇਜ਼ਰਾਈਲ ਹਮਾਸ ਦੀ ਸਿਵਲ ਸਰਕਾਰ ਜਿਵੇਂ ਕਿ ਸੰਸਦ ਅਤੇ ਮੰਤਰਾਲਿਆਂ ਨੂੰ ਆਪਣੇ ਨਿਸ਼ਾਨੇ ਮੰਨਦਾ ਹੈ ਤਾਂ ਹੇਚਟ ਨੇ ਕਿਹਾ ਕਿ ਜੇਕਰ ਉਨ੍ਹਾਂ ਸਥਾਨਾਂ ਤੋਂ ਕੋਈ ਬੰਦੂਕਧਾਰੀ ਰਾਕਟ ਦਾਗਦਾ ਹੈ ਤਾਂ ਉਹ ਥਾਂ ਵੀ ਫ਼ੌਜ ਦਾ ਨਿਸ਼ਾਨਾ ਬਣਨਗੇ।