ਇਜ਼ਰਾਈਲ-ਹਮਾਸ ਜੰਗ ’ਚ ਹੁਣ ਤੱਕ 900 ਮੌਤਾਂ

ਇਜ਼ਰਾਈਲ-ਹਮਾਸ ਜੰਗ ’ਚ ਹੁਣ ਤੱਕ 900 ਮੌਤਾਂ

ਗਾਜ਼ਾ ’ਚ ਇਜ਼ਰਾਇਲੀ ਫ਼ੌਜ ਵੱਲੋਂ ਕੀਤੇ ਹਮਲੇ ’ਚ ਕਈ ਇਮਾਰਤਾਂ ਜ਼ਮੀਨਦੋਜ਼
ਤਲ ਅਵੀਵ- ਦਹਿਸ਼ਤੀ ਗੁੱਟ ਹਮਾਸ ਵੱਲੋਂ ਕੀਤੇ ਗਏ ਹਮਲੇ ’ਚ 600 ਤੋਂ ਵੱਧ ਇਜ਼ਰਾਇਲੀਆਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਜ਼ਖ਼ਮੀ ਹੋ ਗਏ ਹਨ। ਇਜ਼ਰਾਈਲ ਵੱਲੋਂ ਗਾਜ਼ਾ ’ਚ ਕੀਤੀ ਗਈ ਜਵਾਬੀ ਕਾਰਵਾਈ ’ਚ 313 ਵਿਅਕਤੀ ਮਾਰੇ ਗਏ ਹਨ। ਹਮਲੇ ’ਚ ਗਾਜ਼ਾ ’ਚ ਕਈ ਇਮਾਰਤਾਂ ਜ਼ਮੀਨਦੋਜ਼ ਹੋ ਗਈਆਂ ਹਨ। ਇਜ਼ਰਾਈਲ ਦੇ ਉੱਤਰ ’ਚ ਥੋੜ੍ਹੀ ਸ਼ਾਂਤੀ ਹੋ ਗਈ ਹੈ ਪਰ ਦੱਖਣ ’ਚ ਜੰਗ ਜਾਰੀ ਹੈ। ਇਜ਼ਰਾਈਲ ਨੇ ਹਮਾਸ ਦੇ ਖ਼ਾਤਮੇ ਦਾ ਅਹਿਦ ਲਿਆ ਹੈ। ਇਸ ਦੌਰਾਨ ਇਜ਼ਰਾਈਲ ਨੇ ਬੰਦੀਆਂ ਦੀ ਰਿਹਾਈ ਲਈ ਮਿਸਰ ਕੋਲ ਪਹੁੰਚ ਕੀਤੀ ਹੈ। ਉਧਰ ਐਤਵਾਰ ਨੂੰ ਲਬਿਨਾਨ ਦੇ ਅਤਵਿਾਦੀ ਗੁੱਟ ਹਿਜ਼ਬੁੱਲਾ ਨੇ ਵੀ ਇਕ ਵਵਿਾਦਤ ਇਲਾਕੇ ’ਚ ਇਜ਼ਰਾਈਲ ਦੇ ਤਿੰਨ ਟਿਕਾਣਿਆਂ ਉਪਰ ਹਮਲੇ ਕੀਤੇ। ਇਸ ਨਾਲ ਜੰਗ ਦਾ ਘੇਰਾ ਹੋਰ ਵਧਣ ਦਾ ਖ਼ਦਸ਼ਾ ਵਧ ਗਿਆ ਹੈ। ਇਜ਼ਰਾਈਲ ’ਚ ਹਮਾਸ ਦੇ ਹਮਲੇ ’ਚ ਹੁਣ ਤੱਕ 44 ਫ਼ੌਜੀਆਂ ਸਮੇਤ 600 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਹਮਲੇ ’ਚ 2 ਹਜ਼ਾਰ ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋਏ ਹਨ। ਉਧਰ ਗਾਜ਼ਾ ’ਚ ਅਧਿਕਾਰੀਆਂ ਮੁਤਾਬਕ ਉਨ੍ਹਾਂ ਦੇ ਇਲਾਕੇ ’ਚ 313 ਵਿਅਕਤੀ ਮਾਰੇ ਗਏ ਹਨ। ਫਲਸਤੀਨੀ ਸਿਹਤ ਮੰਤਰਾਲੇ ਨੇ ਕਿਹਾ ਕਿ ਮ੍ਰਿਤਕਾਂ ’ਚ 20 ਬੱਚੇ ਸ਼ਾਮਲ ਹਨ ਅਤੇ ਜ਼ਖ਼ਮੀਆਂ ਦੀ ਗਿਣਤੀ ਦੋ ਹਜ਼ਾਰ ਦੇ ਕਰੀਬ ਹੈ। ਉਂਜ ਇਜ਼ਰਾਈਲ ਦੇ ਇਕ ਅਧਿਕਾਰੀ ਨੇ ਕਿਹਾ ਕਿ ਫ਼ੌਜ ਨੇ 400 ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਹੈ ਅਤੇ ਦਰਜਨਾਂ ਹੋਰਾਂ ਨੂੰ ਬੰਦੀ ਬਣਾ ਲਿਆ ਹੈ। ਇਜ਼ਰਾਇਲੀ ਟੈਲੀਵਿਜ਼ਨ ਨੇ ਬੰਦੀ ਜਾਂ ਲਾਪਤਾ ਲੋਕਾਂ ਦੇ ਰਿਸ਼ਤੇਦਾਰਾਂ ਦੇ ਕਈ ਵੀਡੀਓਜ਼ ਨਸ਼ਰ ਕੀਤੇ ਹਨ ਜੋ ਉਨ੍ਹਾਂ ਦੀ ਜਾਨ ਬਖ਼ਸ਼ਣ ਦੀਆਂ ਅਪੀਲਾਂ ਕਰ ਰਹੇ ਹਨ। ਗਾਜ਼ਾ ’ਚ ਸਰਹੱਦ ਨੇੜੇ ਇਜ਼ਰਾਇਲੀ ਹਮਲਿਆਂ ਤੋਂ ਬਚਣ ਲਈ ਲੋਕ ਆਪਣੇ ਘਰਾਂ ਨੂੰ ਛੱਡ ਕੇ ਭੱਜ ਗਏ। ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਕਿ ਗੁਆਂਢੀ ਮੁਲਕ ਮਿਸਰ ਦੇ ਐਗਜ਼ੈਂਡਰੀਆ ’ਚ ਇਕ ਪੁਲੀਸ ਕਰਮੀ ਨੇ ਦੋ ਇਜ਼ਰਾਇਲੀ ਸੈਲਾਨੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਿਸਰ ਨੇ ਦਹਾਕੇ ਪਹਿਲਾਂ ਇਜ਼ਰਾਈਲ ਨਾਲ ਸ਼ਾਂਤੀ ਸਮਝੌਤਾ ਕੀਤਾ ਸੀ ਪਰ ਮੁਲਕ ’ਚ ਇਜ਼ਰਾਈਲ ਵਿਰੋਧੀ ਭਾਵਨਾਵਾਂ ਅਜੇ ਵੀ ਕਾਇਮ ਹਨ। ਇਜ਼ਰਾਈਲ ਦੀ ਉੱਤਰੀ ਸਰਹੱਦ ’ਤੇ ਇਸ ਹਮਲੇ ਨਾਲ ਉਸ ਦੇ ਇਕ ਕੱਟੜ ਦੁਸ਼ਮਣ ਹਿਜ਼ਬੁੱਲਾ ਦੇ ਜੰਗ ’ਚ ਸਰਗਰਮੀ ਨਾਲ ਸ਼ਾਮਲ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ ਜਿਸ ਨੂੰ ਇਰਾਨ ਦੀ ਹਮਾਇਤ ਹਾਸਲ ਹੈ ਅਤੇ ਉਸ ਕੋਲ ਹਜ਼ਾਰਾਂ ਰਾਕੇਟ ਹੋਣ ਦਾ ਅੰਦਾਜ਼ਾ ਹੈ। ਹਿਜ਼ਬੁੱਲਾ ਨੇ ਸੀਰੀਆ ’ਚ ਇਜ਼ਰਾਈਲ ਦੇ ਕਬਜ਼ੇ ਵਾਲੇ ਗੋਲਾਨ ਹਾਈਟਸ ਨਾਲ ਲਗਦੀ ਮੁਲਕ ਦੀ ਸਰਹੱਦ ’ਤੇ ਇਕ ਵਵਿਾਦਤ ਇਲਾਕੇ ’ਚ ਇਜ਼ਰਾਈਲ ਦੇ ਟਿਕਾਣਿਆਂ ’ਤੇ ਐਤਵਾਰ ਨੂੰ ਕਈ ਰਾਕੇਟ ਦਾਗ਼ੇ ਅਤੇ ਗੋਲਾਬਾਰੀ ਕੀਤੀ। ਇਜ਼ਰਾਇਲੀ ਫ਼ੌਜ ਨੇ ਜਵਾਬੀ ਕਾਰਵਾਈ ਕਰਦਿਆਂ ਵਵਿਾਦਤ ਇਲਾਕੇ ’ਚ ਹਿਜ਼ਬੁੱਲਾ ਦੇ ਟਿਕਾਣਿਆਂ ’ਤੇ ਡਰੋਨਾਂ ਨਾਲ ਹਮਲੇ ਕੀਤੇ। ਲਬਿਨਾਨ ’ਚ ਦੋ ਬੱਚੇ ਮਾਮੂਲੀ ਤੌਰ ’ਤੇ ਜ਼ਖ਼ਮੀ ਹੋ ਗਏੇ। ਇਜ਼ਰਾਈਲ ਦੇ ਰੀਅਰ ਐਡਮਿਰਲ ਡੈਨੀਅਲ ਹੇਗਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉੱਤਰੀ ਸਰਹੱਦ ’ਚ ਹਾਲਾਤ ਸ਼ਾਂਤ ਹਨ ਪਰ ਦੱਖਣ ’ਚ ਅਜੇ ਵੀ ਜੰਗ ਜਾਰੀ ਹੈ। ਉਨ੍ਹਾਂ ਕਿਹਾ ਕਿ ਫ਼ੌਜ ਗਾਜ਼ਾ ਫਰੰਟੀਅਰ ਨੇੜੇ ਲੋਕਾਂ ਕੋਲ ਪਹੁੰਚ ਗਈ ਹੈ ਜਿਥੇ ਸਾਰੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣਾ ਸ਼ੁਰੂ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਜਦੋਂ ਤੱਕ ਇਜ਼ਰਾਇਲੀ ਇਲਾਕੇ ’ਚ ਸਾਰੇ ਅਤਵਿਾਦੀ ਮਾਰੇ ਨਹੀਂ ਜਾਂਦੇ, ਫ਼ੌਜ ਪਿੱਛੇ ਨਹੀਂ ਹਟੇਗੀ। ਉਨ੍ਹਾਂ ਕਿਹਾ ਕਿ ਜਿਹੜੇ ਵੀ ਘਰ ’ਚ ਅਤਵਿਾਦੀ ਲੁਕੇ ਹੋਣਗੇ, ਉਸ ਨੂੰ ਇਜ਼ਰਾਇਲੀ ਗੋਲੀ ਦਾ ਸਾਹਮਣਾ ਕਰਨਾ ਪਵੇਗਾ। ਹਮਾਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਜ਼ਰਾਇਲੀ ਇਲਾਕੇ ਅੰਦਰ ਆਪਣੇ ਜਵਾਨ ਅਤੇ ਹਥਿਆਰ ਲਗਾਤਾਰ ਭੇਜੇ ਜਾ ਰਹੇ ਹਨ। ਹਮਾਸ ਨਾਲ ਜੁੜੇ ਮੀਡੀਆ ਅਦਾਰੇ ਨੇ ਕਿਹਾ ਕਿ ਸੀਨੀਅਰ ਸਿਆਸੀ ਆਗੂ ਨਿਜ਼ਾਰ ਅਵਦੱਲਾ ਦਾ ਪੁੱਤਰ ਵੀ ਹਮਲੇ ’ਚ ਮਾਰਿਆ ਗਿਆ ਹੈ। ਇਸਲਾਮਿਕ ਦਹਿਸ਼ਤੀ ਗੁੱਟ ਨੇ ਕਿਸੇ ਵੀ ਸੀਨੀਅਰ ਮੈਂਬਰ ਦੇ ਮਾਰੇ ਜਾਂ ਫੜੇ ਜਾਣ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਫਲਸਤੀਨੀਆਂ ਬਾਰੇ ਸੰਯੁਕਤ ਰਾਸ਼ਟਰ ਏਜੰਸੀ ਯੂਐੱਨਆਰਡਬਲਿਊਏ ਨੇ ਕਿਹਾ ਕਿ 20 ਹਜ਼ਾਰ ਤੋਂ ਜ਼ਿਆਦਾ ਫਲਸਤੀਨੀ ਗਾਜ਼ਾ ਸਰਹੱਦੀ ਖ਼ਿੱਤਾ ਛੱਡ ਕੇ ਸੁਰੱਖਿਅਤ ਇਲਾਕੇ ਅੰਦਰ ਚਲੇ ਗਏ ਹਨ ਅਤੇ ਉਨ੍ਹਾਂ ਸੰਯੁਕਤ ਰਾਸ਼ਟਰ ਦੇ ਸਕੂਲਾਂ ’ਚ ਪਨਾਹ ਲਈ ਹੈ।
ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਨੇ ਸ਼ਨਿਚਰਵਾਰ ਰਾਤ ਨੂੰ ਟੀਵੀ ’ਤੇ ਆਪਣੇ ਸੰਬੋਧਨ ’ਚ ਕਿਹਾ ਕਿ ਫ਼ੌਜ ਹਮਾਸ ਨੂੰ ਤਬਾਹ ਕਰਨ ਲਈ ਆਪਣੀ ਪੂਰੀ ਤਾਕਤ ਦੀ ਵਰਤੋਂ ਕਰੇਗੀ। ਇਜ਼ਰਾਈਲ ਨੇ ਸ਼ਨਿਚਰਵਾਰ ਰਾਤ ਗਾਜ਼ਾ ਦੀ ਬਿਜਲੀ ਕੱਟ ਦਿੱਤੀ ਅਤੇ ਕਿਹਾ ਕਿ ਇਲਾਕੇ ’ਚ ਬਿਜਲੀ, ਈਂਧਣ ਜਾਂ ਹੋਰ ਵਸਤਾਂ ਦੀ ਹੁਣ ਸਪਲਾਈ ਨਹੀਂ ਹੋਣ ਦਿੱਤੀ ਜਾਵੇਗੀ। ਹਮਾਸ ਦੇ ਸਿਆਸੀ ਬਿਊਰੋ ਦੇ ਉਪ ਮੁਖੀ ਸਾਲੇਹ ਅਲ-ਅਰੋਊਰੀ ਨੇ ਅਲ-ਜ਼ਜ਼ੀਰਾ ਟੀਵੀ ਨੂੰ ਦੱਸਿਆ ਕਿ ਉਹ ਲੰਬੀ ਜੰਗ ਲੜਨ ਲਈ ਤਿਆਰ ਹਨ। ਮਿਸਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਜ਼ਰਾਈਲ ਨੇ ਬੰਦੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਾਹਿਰਾ ਤੋਂ ਸਹਾਇਤਾ ਮੰਗੀ ਹੈ ਜਿਸ ਮਗਰੋਂ ਮਿਸਰ ਦੇ ਖ਼ੁਫ਼ੀਆ ਏਜੰਸੀ ਦੇ ਮੁਖੀ ਨੇ ਹਮਾਸ ਅਤੇ ਹੋਰ ਜਹਾਦੀ ਗੁੱਟਾਂ ਨਾਲ ਸੰਪਰਕ ਕੀਤਾ ਹੈ। ਮਿਸਰ ਬੀਤੇ ’ਚ ਦੋਵੇਂ ਧਿਰਾਂ ਵਿਚਕਾਰ ਵਿਚੋਲਗੀ ਕਰਦਾ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਫਲਸਤੀਨੀ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਬੰਦੀਆਂ ਦੀ ਅਜੇ ਪੂਰੀ ਜਾਣਕਾਰੀ ਨਹੀਂ ਹੈ ਪਰ ਜਨਿ੍ਹਾਂ ਨੂੰ ਗਾਜ਼ਾ ਲਿਆਂਦਾ ਜਾਵੇਗਾ, ਉਨ੍ਹਾਂ ਨੂੰ ਸੁਰੱਖਿਅਤ ਟਿਕਾਣੇ ’ਤੇ ਭੇਜਿਆ ਜਾਵੇਗਾ। ਅਧਿਕਾਰੀ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ’ਤੇ ਕਿਹਾ ਕਿ ਇਕ ਗੱਲ ਸਪੱਸ਼ਟ ਹੈ ਕਿ ਉਨ੍ਹਾਂ ਕੋਲ ਵੱਡੀ ਗਿਣਤੀ ਸ਼ਾਇਦ ਕਈ ਦਰਜਨਾਂ ਬੰਦੀ ਹਨ। ਮਿਸਰ ਨੇ ਦੋਵੇਂ ਧਿਰਾਂ ਨਾਲ ਗੋਲੀਬੰਦੀ ਬਾਰੇ ਵੀ ਗੱਲਬਾਤ ਕੀਤੀ ਹੈ ਪਰ ਅਧਿਕਾਰੀ ਮੁਤਾਬਕ ਇਜ਼ਰਾਈਲ ਅਜੇ ਇਸ ਮੁਕਾਮ ’ਤੇ ਸੁਲ੍ਹਾ ਨਹੀਂ ਚਾਹੁੰਦਾ ਹੈ।