ਇਜ਼ਰਾਈਲ ਵੱਲੋਂ ਰਾਫਾਹ ’ਤੇ ਹਵਾਈ ਹਮਲੇ, 22 ਹਲਾਕ

ਇਜ਼ਰਾਈਲ ਵੱਲੋਂ ਰਾਫਾਹ ’ਤੇ ਹਵਾਈ ਹਮਲੇ, 22 ਹਲਾਕ

ਮ੍ਰਿਤਕਾਂ ਵਿੱਚ ਪੰਜ ਦਿਨਾਂ ਦਾ ਬੱਚਾ ਵੀ ਸ਼ਾਮਲ; ਐਂਟਨੀ ਬਲਿੰਕਨ ਵੱਲੋਂ ਮੱਧ ਪੂਰਬ ’ਚ ਸੱਤਵਾਂ ਕੂਟਨੀਤਕ ਮਿਸ਼ਨ ਸ਼ੁਰੂ
ਯੇਰੂਸ਼ਲਮ- ਇਜ਼ਰਾਈਲ ਵੱਲੋਂ ਦੱਖਣੀ ਗਾਜ਼ਾ ਦੇ ਸ਼ਹਿਰ ਰਾਫਾਹ ’ਤੇ ਕੀਤੇ ਗਏ ਹਵਾਈ ਹਮਲਿਆਂ ’ਚ ਘੱਟੋ-ਘੱਟ 22 ਵਿਅਕਤੀ ਮਾਰੇ ਗਏ ਹਨ ਜਿਨ੍ਹਾਂ ’ਚ ਛੇ ਮਹਿਲਾਵਾਂ ਤੇ ਪੰਜ ਬੱਚੇ ਵੀ ਸ਼ਾਮਲ ਹਨ। ਇਹ ਜਾਣਕਾਰੀ ਫਲਸਤੀਨ ਦੇ ਸਿਹਤ ਅਧਿਕਾਰੀਆਂ ਨੇ ਦਿੱਤੀ। ਸਾਰੀ ਰਾਤ ਕੀਤੇ ਗਏ ਹਵਾਈ ਹਮਲਿਆਂ ’ਚ ਮਾਰੇ ਗਏ ਇੱਕ ਬੱਚੇ ਦੀ ਉਮਰ ਸਿਰਫ ਪੰਜ ਦਿਨ ਦੀ ਸੀ।

ਇਜ਼ਰਾਈਲ ਨੇ ਜੰਗ ਦੀ ਸ਼ੁਰੂਆਤ ਤੋਂ ਹੀ ਰਾਫਾਹ ’ਤੇ ਲਗਾਤਾਰ ਹਵਾਈ ਹਮਲੇ ਕੀਤੇ ਹਨ ਅਤੇ ਜ਼ਮੀਨੀ ਸੈਨਾ ਭੇਜਣ ਦੀ ਧਮਕੀ ਦਿੰਦਿਆਂ ਕਿਹਾ ਹੈ ਕਿ ਰਾਫਾਹ ਤੱਟੀ ਖੇਤਰ ’ਚ ਹਮਾਸ ਦਾ ਆਖਰੀ ਅਹਿਮ ਗੜ੍ਹ ਹੈ। ਦਸ ਲੱਖ ਤੋਂ ਵੱਧ ਫਲਸਤੀਨੀਆਂ ਨੇ ਮਿਸਰ ਦੀ ਸਰਹੱਦ ’ਤੇ ਸਥਿਤ ਸ਼ਹਿਰ ’ਚ ਪਨਾਹ ਮੰਗੀ ਹੈ। ਸੰਯੁਕਤ ਰਾਜ ਅਮਰੀਕਾ ਅਤੇ ਹੋਰ ਲੋਕਾਂ ਨੇ ਮਨੁੱਖੀ ਤਬਾਹੀ ਦੇ ਡਰੋਂ ਇਜ਼ਰਾਈਲ ਨੂੰ ਹਮਲਾ ਨਾ ਕਰਨ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਮਾਰੇ ਗਏ ਵਿਅਕਤੀਆਂ ਵਿੱਚ ਚਾਰ ਭੈਣ-ਭਰਾ ਵੀ ਸ਼ਾਮਲ ਹਨ ਜਿਨ੍ਹਾਂ ਦੀ ਉਮਰ 9 ਤੋਂ 27 ਸਾਲ ਦੇ ਵਿਚਾਲੇ ਹੈ।

ਦੂਜੇ ਪਾਸੇ ਛੇ ਮਹੀਨੇ ਤੋਂ ਵੱਧ ਸਮਾਂ ਪਹਿਲਾਂ ਸ਼ੁਰੂ ਹੋਈ ਇਜ਼ਰਾਈਲ-ਹਮਾਸ ਜੰਗ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਜ ਮੱਧ ਪੂਰਬ ’ਚ ਆਪਣਾ ਸੱਤਵਾਂ ਕੂਟਨੀਤਕ ਮਿਸ਼ਨ ਸ਼ੁਰੂ ਕੀਤਾ ਹੈ। ਬਲਿੰਕਨ ਦੀ ਯਾਤਰਾ ਮੱਧ ਪੂਰਬ ’ਚ ਵਧ ਰਹੇ ਸੰਘਰਸ਼ ਬਾਰੇ ਨਵੀਆਂ ਚਿੰਤਾਵਾਂ ਵਿਚਾਲੇ ਹੋ ਰਹੀ ਹੈ। ਇਜ਼ਰਾਈਲ-ਸਾਊਦੀ ਮੇਲ ਮਿਲਾਪ ਦੀਆਂ ਸੰਭਾਵਨਾਵਾਂ ਰੁਕੀਆਂ ਹੋਈਆਂ ਹਨ ਕਿਉਂਕਿ ਇਜ਼ਰਾਈਲ ਨੇ ਸਾਊਦੀ ਦੀਆਂ ਮੁੱਖ ਸ਼ਰਤਾਂ ’ਚੋਂ ਇੱਕ ‘ਫਲਸਤੀਨੀ ਰਾਜ ਦਾ ਨਿਰਮਾਣ’ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਫੋਨ ’ਤੇ ਗੱਲਬਾਤ ਕੀਤੀ ਸੀ ਤਾਂ ਜੋ ਇਜ਼ਰਾਈਲ ਤੇ ਹਮਾਸ ਨੂੰ ਜੰਗਬੰਦੀ ਦੇ ਸਮਝੌਤੇ ਦੇ ਨੇੜੇ ਲਿਆਉਣ ਲਈ ਦਬਾਅ ਬਣਾਇਆ ਜਾ ਸਕੇ।

ਇਸੇ ਵਿਚਾਲੇ ਇਜ਼ਰਾਈਲ ਦੇ ਅਧਿਕਾਰੀ ਅੱਜ ਇਸ ਗੱਲ ਨੂੰ ਲੈ ਕੇ ਚਿੰਤਤ ਨਜ਼ਰ ਆਏ ਕਿ ਕੌਮਾਂਤਰੀ ਅਪਰਾਧ ਅਪਾਲਦ ਦੇਸ਼ ਦੇ ਆਗੂਆਂ ਖ਼ਿਲਾਫ਼ ਵਾਰੰਟ ਜਾਰੀ ਕਰ ਸਕਦਾ ਹੈ ਕਿਉਂਕਿ ਗਾਜ਼ਾ ਪੱਟੀ ’ਚ ਹਮਾਸ ਨਾਲ ਚੱਲ ਰਹੀ ਜੰਗ ਨੂੰ ਲੈ ਕੇ ਕੌਮਾਂਤਰੀ ਦਬਾਅ ਵਧ ਰਿਹਾ ਹੈ। ਅਦਾਲਤ ਵੱਲੋਂ ਹਾਲਾਂਕਿ ਇਸ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।