ਇਜ਼ਰਾਈਲ ਨੂੰ ਹੱਲਾਸ਼ੇਰੀ ਕਿਉਂ

ਇਜ਼ਰਾਈਲ ਨੂੰ ਹੱਲਾਸ਼ੇਰੀ ਕਿਉਂ

ਰਾਜੇਸ਼ ਰਾਮਚੰਦਰਨ

ਜੇ ਇਜ਼ਰਾਈਲ ਦੀ ਹੋਂਦ ਨਾ ਹੁੰਦੀ ਤਾਂ ਸੰਯੁਕਤ ਰਾਜ ਅਮਰੀਕਾ ਨੂੰ ਖਿੱਤੇ ਅੰਦਰ ਆਪਣੇ ਹਿੱਤਾਂ ਦੀ ਰਾਖੀ ਲਈ ਇਜ਼ਰਾਈਲ ਦੀ ਰਚਨਾ ਕਰਨੀ ਪੈਣੀ ਸੀ। ਤਿੰਨ ਅਰਬ ਡਾਲਰ ਦਾ ਜੋ ਅਸੀਂ ਨਿਵੇਸ਼ ਕੀਤਾ ਹੈ, ਇਸ ਤੋਂ ਵਧੀਆ ਹੋਰ ਗੱਲ ਕੀ ਹੋ ਸਕਦੀ ਸੀ।

-ਸੈਨੇਟਰ ਜੋਅ ਬਾਇਡਨ

5 ਜੂਨ, 1986

ਸ ਤਰ੍ਹਾਂ ਦਾ ਬਿਆਨ ਵਿੰਸਟਨ ਚਰਚਿਲ ਜਾਂ ਉਸ ਤੋਂ ਬਾਅਦ ਆਉਣ ਵਾਲਾ ਕੋਈ ਵੀ ਹੋਰ ਬਸਤੀਵਾਦੀ ਦੇ ਸਕਦਾ ਸੀ ਜਿਸ ਵਿਚ ਏਸ਼ੀਆ ਦੇ ਬਸਤੀਵਾਦ ਤੋਂ ਬਾਅਦ ਦੇ ਲਾਚਾਰ ਸਮਾਜਾਂ ਉਪਰ ਪੱਛਮੀ ਦੇਸ਼ਾਂ ਵਲੋਂ ਜੰਗ ਤੋਂ ਬਾਅਦ ਠੋਸੀ ਗਈ ਵਿਸ਼ਵ ਵਿਵਸਥਾ ਦੀ ਧੁਨ ਸੁਣਾਈ ਦਿੰਦੀ ਹੈ। ਯਹੂਦੀ ਵਿਸਤਾਰਵਾਦੀ ਸਟੇਟ ਲਗਾਤਾਰ ਘਟ ਰਹੇ ਇਕ ਪੁਰਾਤਨ ਭਾਈਚਾਰੇ ਨੂੰ ਪਿਛਾਂਹ ਧੱਕ ਰਹੀ ਹੈ ਤਾਂ ਕਿ ਉਨ੍ਹਾਂ ਇਲਾਕਿਆਂ ਅੰਦਰ ਪੱਛਮੀ ਬਸਤੀਵਾਦੀਆਂ ਨੂੰ ਵਸਾਇਆ ਜਾ ਸਕੇ। ਇਹ ਸਭ ਕੁਝ ਉਸੇ ਤਰਜ਼ ’ਤੇ ਕੀਤਾ ਜਾ ਰਿਹਾ ਹੈ ਜਿਵੇਂ ਬਸਤੀਵਾਦੀਆਂ ਨੇ ਬਰੇ-ਸਗੀਰ ਦੀ ਵੰਡ ਦੀਆਂ ਲਕੀਰਾਂ ਵਾਹੀਆਂ ਸਨ ਅਤੇ ਸ਼ੈਤਾਨੀ ਸਾਮਰਾਜ ਨੇ ਪਿਛਾਂਹ ਹਟਦੇ ਹੋਏ ਸਾਰੀਆਂ ਬਸਤੀਆਂ ਵਿਚ ਜੰਗਾਂ ਦੇ ਬੀਜ ਖਿਲਾਰੇ ਸਨ ਜਿਸ ਕਰ ਕੇ ਭਾਰਤ ਅਤੇ ਪਾਕਿਸਤਾਨ ਵਿਚ ਦਸ ਲੱਖ ਲੋਕ ਮਾਰੇ ਗਏ ਸਨ ਅਤੇ ਕਰੀਬ ਇਕ ਕਰੋੜ ਬੇਘਰ ਹੋ ਗਏ ਸਨ।

ਓਟੋਮਨ ਸਾਮਰਾਜ ਉਪਰ ਆਪਣੀ ਜਿੱਤ ਤੋਂ ਬਾਅਦ 100 ਸਾਲਾਂ ਤੋਂ ਵੱਧ ਅਰਸੇ ਦੌਰਾਨ ਅੰਗਰੇਜ਼ਾਂ ਨੇ ਜੋ ਸ਼ਨਾਖ਼ਤ ਦੀਆਂ ਲੜਾਈਆਂ ਵਿੱਢੀਆਂ ਸਨ, ਉਹ ਸਾਰੀਆਂ ਹਿੰਦੋਸਤਾਨੀ ਖ਼ਾਸਕਰ ਪੰਜਾਬੀ ਫ਼ੌਜੀਆਂ ਦੇ ਖੂਨ ਨਾਲ ਜਿੱਤੀਆਂ ਗਈਆਂ ਸਨ ਅਤੇ ਅਜੇ ਤੱਕ ਇਹ ਮਾਂਦ ਨਹੀਂ ਪੈ ਸਕੀਆਂ। ਹੁਣ ਤਾਂ ਪੁਰਾਣੇ ਸਾਮਰਾਜ ਦੇ ਵਾਰਸ ਮੌਤ ਦੇ ਇਸ ਤਾਂਡਵ ਵਿਚ ਤਰਫ਼ਦਾਰੀ ਕਰਨ ਲੱਗਿਆਂ ਕੋਈ ਪਰਦਾਦਾਰੀ ਦੀ ਰਸਮ ਨਹੀਂ ਨਿਭਾ ਰਹੇ। ਇਜ਼ਰਾਈਲ ਦੇ ਦੌਰੇ ’ਤੇ ਪੁੱਜੇ ਅਮਰੀਕੀ ਰਾਸ਼ਟਰਪਤੀ ਅਤੇ ਬਰਤਾਨਵੀ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਏਸ਼ੀਆ ਅੰਦਰ ਬਰਤਾਨਵੀ ਬਸਤੀਵਾਦੀਆਂ ਵਲੋਂ ਕਾਇਮ ਕੀਤੀ ਗਈ ‘ਨੇਮ ਆਧਾਰਿਤ ਵਿਵਸਥਾ’ ਕਾਇਮ ਦਾਇਮ ਹੈ ਅਤੇ ਇਸ ਦੀਆਂ ਵਿਰੋਧਭਾਸੀ ਧਾਰਮਿਕ ਪਛਾਣਾਂ ਦੀਆਂ ਨੀਂਹਾਂ ਨੂੰ ਸਮੇਂ ਸਮੇਂ ’ਤੇ ਮਜ਼ਬੂਤ ਕੀਤਾ ਜਾਂਦਾ ਹੈ।

ਧਰਮਾਂ ਦੇ ਆਧਾਰ ’ਤੇ ਸ਼ਨਾਖਤ ਦੀ ਰਾਜਨੀਤੀ ਦੀ ਈਜਾਦ ਬਰਤਾਨਵੀ ਰਾਜਤੰਤਰ ਨੇ ਕੀਤੀ ਸੀ ਅਤੇ ਅੱਗੇ ਚੱਲ ਕੇ ਇਸ ਨੇ ਨਫ਼ਰਤ ਦੀ ਰਾਜਨੀਤੀ ਦਾ ਰੂਪ ਵਟਾ ਲਿਆ ਸੀ। ਇਸ ਵਿਚ ਅਜੇ ਵੀ ਰਾਸ਼ਟਰੀ ਖਾਹਸ਼ਾਂ ਨੂੰ ਮਧੋਲਣ ਅਤੇ ਇਨ੍ਹਾਂ ਨੂੰ ਦੂਜਿਆਂ ਪ੍ਰਤੀ ਨਫ਼ਰਤ ਦੇ ਪੱਧਰ ’ਤੇ ਲੈ ਕੇ ਜਾਣ ਦੀ ਸ਼ਕਤੀ ਤੇ ਸੰਭਾਵਨਾ ਮੌਜੂਦ ਹੈ। ਮਸਲਨ, ਭਾਰਤ ਵਿਚ ਯਾਸਿਰ ਅਰਾਫ਼ਾਤ ਨੂੰ ਇਨਸਾਫ਼ ਅਤੇ ਵਤਨ ਦੀ ਤਲਾਸ਼ ਵਿਚ ਜੁਟੀ ਅਵਾਮ ਦੇ ਨਾਇਕ ਵਜੋਂ ਪ੍ਰਵਾਨ ਕੀਤਾ ਜਾਂਦਾ ਸੀ ਜਦਕਿ ਹਮਾਸ ਦੇ ਆਗੂ ਅਹਿਮਦ ਯਾਸੀਨ ਨੂੰ ਮੱਧਯੁਗੀ ਬੁਰਾਈ ਦੇ ਪ੍ਰਚਾਰਕ ਵਜੋਂ ਹੀ ਪਛਾਣਿਆ ਜਾ ਸਕਦਾ ਹੈ ਜੋ ਨੌਜਵਾਨਾਂ ਦੇ ਮਨਾਂ ਵਿਚ ਜ਼ਹਿਰ ਭਰਨ ਅਤੇ ਉਨ੍ਹਾਂ ਨੂੰ ਯਕੀਨਨ ਮੌਤ ਦੇ ਰਾਹ ’ਤੇ ਪਾਉਣ ਦੀਆਂ ਕੋਸ਼ਿਸ਼ਾਂ ਕਰਦਾ ਹੈ। ਸਮੂਹਿਕ ਧਾਰਨਾਵਾਂ ਨੂੰ ਪਛਾੜਦਿਆਂ, ਪੁਰਾਣੇ ਸਾਮਰਾਜ ਦੇ ਜਾਨਸ਼ੀਨ ਧਾਰਮਿਕ ਪਛਾਣ ਦੇ ਅਜਿਹੀਆਂ ਤਰੇੜਾਂ ਪਾਉਣ ਵਿਚ ਸਫ਼ਲ ਹੋ ਗਏ ਕਿ ਇਕ ਫਿਰਕੇ ਦੇ ਮੈਂਬਰਾਂ ਤੋਂ ਇਲਾਵਾ ਹੋਰ ਕੋਈ ਇਨ੍ਹਾਂ ਦੀ ਪ੍ਰੋੜਤਾ ਨਹੀਂ ਕਰ ਸਕਦਾ। ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਅਰਾਫ਼ਾਤ ਤੋਂ ਉਲਟ ਯਾਸੀਨ ਅਮਨ ਜਾਂ ਆਪਣਾ ਵਤਨ ਨਹੀਂ ਚਾਹੁੰਦਾ ਸਗੋਂ ਉਹ ਨਿਰੰਤਰ ਤੇ ਪਵਿੱਤਰ ਯੁੱਧ ਲੜਨਾ ਚਾਹੁੰਦਾ ਹੈ।

ਇਜ਼ਰਾਇਲੀ ਕੱਟੜਤਾ ਦਾ ਤਰਕ ਵੀ ਦੂਜਿਆਂ ਖਿਲਾਫ਼ ਯੁੱਧ ਲੜਨ ’ਤੇ ਟਿਕਿਆ ਹੈ। ਇਨ੍ਹਾਂ ਦੇ ਆਗੂ ਨਫ਼ਰਤ ਦੇ ਕਾਰੋਬਾਰ ਤੋਂ ਬਿਨਾ ਨਕਾਰਾ ਹੋ ਜਾਂਦੇ ਹਨ ਅਤੇ ਇਨ੍ਹਾਂ ਦੀ ਰਾਜਨੀਤੀ ਵੀ ਇਨ੍ਹਾਂ ਦੇ ਨਿੱਜੀ ਕਰੀਅਰ ਵਾਂਗ ਚਲਦੀ ਹੈ। ਇਸ ਲਈ ਉਹ ਫ਼ਲਸਤੀਨੀ ਅਥਾਰਿਟੀ ਦੀ ਬਜਾਇ ਹਮਾਸ ਨਾਲ ਸਿੱਝਣਾ ਪਸੰਦ ਕਰਦੇ ਹਨ; ਉਹ ਹਮਾਸ ਨੂੰ ਵਾਜਬੀਅਤ ਦਿੰਦੇ ਹਨ ਕਿਉਂਕਿ ਇਹ ਹੱਲ ਦੀ ਮੰਗ ਨਹੀਂ ਕਰਦੀ। ਬੈਂਜਾਮਨਿ ਨੇਤਨਯਾਹੂ ਦੀ ਸੱਜੇ ਪੱਖੀ ਸਰਕਾਰ ਫ਼ਲਸਤੀਨੀ ਮੁਸਲਮਾਨਾਂ ਨੂੰ ਬਰਦਾਸ਼ਤ ਨਹੀਂ ਕਰਦੀ ਅਤੇ ਇਸ ਤਰ੍ਹਾਂ ਹਮਾਸ ਯਹੂਦੀਆਂ ਦਾ ਤਿਰਸਕਾਰ ਕਰਦੀ ਹੈ। ਨੇਤਨਯਾਹੂ ਸਰਕਾਰ ਹੋਰ ਕੁਝ ਨਹੀਂ ਕਰ ਸਕਦੀ ਸਗੋਂ ਹਮਾਸ ਨੂੰ ਦੁਸ਼ਮਣ ਵਜੋਂ ਵਾਜਬੀਅਤ ਦੇ ਸਕਦੀ ਹੈ ਤਾਂ ਕਿ ਉਹ ਦੂਜਿਆਂ ਪ੍ਰਤੀ ਆਪਣੇ ਰਾਜਕੀ ਵੈਰ-ਭਾਵ ਨੂੰ ਸੰਸਥਾਈ ਰੂਪ ਦੇ ਸਕੇ। 2011 ਵਿਚ ਇਕ ਇਜ਼ਰਾਇਲੀ ਫ਼ੌਜੀ ਬਦਲੇ 1027 ਫ਼ਲਸਤੀਨੀ ਕੈਦੀ ਰਿਹਾਅ ਕੀਤੇ ਗਏ ਹਨ ਅਤੇ ਇਹ ਸਮਝੌਤਾ ਫ਼ਲਸਤੀਨੀ ਅਥਾਰਿਟੀ ਨਾਲ ਨਹੀਂ ਸਗੋਂ ਹਮਾਸ ਨਾਲ ਕੀਤਾ ਗਿਆ ਸੀ।

ਇਸ ਲਈ ਇਸ ਗੱਲ ਦੀ ਘੋਖ ਕਰਨ ਦੀ ਬਹੁਤੀ ਲੋੜ ਨਹੀਂ ਹੈ ਕਿ ਗਾਜ਼ਾ ਵਿਚ ਅਲ-ਅਹਿਲੀ ਹਸਪਤਾਲ ਵਿਚ 500 ਸਿਵਲੀਅਨਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੀਆਂ ਮਿਜ਼ਾਇਲਾਂ ਕਿੱਥੋਂ ਚੱਲੀਆਂ ਸਨ ਅਤੇ ਇਸ ਭਿਆਨਕ ਤ੍ਰਾਸਦੀ ਲਈ ਕੌਣ ਜਿ਼ੰਮੇਵਾਰ ਹੈ। ਇਹ ਨਫ਼ਰਤ ਦਾ ਕੰਮ ਹੈ। ਜਦੋਂ ਉਨ੍ਹਾਂ ਦੀ ਰਾਜਨੀਤੀ ਸਿਰਫ਼ ਦੂਜੇ ਧਰਮਾਂ ਨੂੰ ਭੰਡਣਾ ਜਾਣਦੀ ਹੈ ਤਾਂ ਫਿਰ ਇਹ ਕਿਸੇ ਹੱਦ ਬੰਨ੍ਹੇ ਅੰਦਰ ਨਹੀਂ ਰਹਿਣਗੇ। ਜਦੋਂ ਹਮਾਸ ਦੇ ਹਤਿਆਰੇ ਬੱਚਿਆਂ ਨੂੰ ਮਾਰਨ ਅਤੇ ਔਰਤਾਂ ਨਾਲ ਬਲਾਤਕਾਰ ਕਰਨ ਅਤੇ ਨਿਹੱਥੇ ਸਿਵਲੀਅਨਾਂ ਦੀ ਹੱਤਿਆ ਕਰਨ ਵਿਚ ਕੋਈ ਝਿਜਕ ਨਹੀਂ ਦਿਖਾ ਰਹੇ ਸਨ ਤਾਂ ਇਜ਼ਰਾਇਲੀ ਸੁਰੱਖਿਆ ਦਸਤੇ ਹਸਪਤਾਲ ’ਤੇ ਬੰਬਾਰੀ ਕਰਨ ਵਿਚ ਕਿਵੇਂ ਗੁਰੇਜ਼ ਕਰਨਗੇ? ਹਮਾਸ ਖਿਲਾਫ਼ ਯੁੱਧ ਦਾ ਬਿਗਲ ਵਜਾਉਂਦੇ ਹੋਏ, ਗਾਜ਼ਾ ਦੇ ਨਿਹੱਥੇ ਸਿਵਲੀਅਨਾਂ ’ਤੇ ਬੰਬਾਰੀ ਕਰ ਕੇ ਇਜ਼ਰਾਈਲ ਨੇ ਆਪਣੇ ਆਪ ਨੂੰ ਹਮਾਸ ਵਾਂਗ ਹੀ ਖੂਨ ਦੇ ਪਿਆਸੇ ਬਦਮਾਸ਼ ਗਰੋਹ ਬਣਾ ਲਿਆ ਹੈ ਜੋ ਗਾਜ਼ਾ ਵਿਚ ਕੋਈ ਦਹਿਸ਼ਤਗਰਦ ਹੋਵੇ ਜਾਂ ਸਿਵਲੀਅਨ, ਹਰ ਕਿਸੇ ਦੀ ਹੱਤਿਆ ਕਰਨ ਲਈ ਤਿਆਰ ਹੈ।

ਜੇ 1300 ਇਜ਼ਰਾਇਲੀਆਂ ਖ਼ਾਸਕਰ ਸਿਵਲੀਅਨਾਂ ਦੀਆਂ ਮੌਤਾਂ ਦੀ ਵਹਿਸ਼ਤ ਨਾ ਹੋਈ ਹੁੰਦੀ ਤਾਂ ਹਮਾਸ ਦੇ ਰਹੱਸਮਈ ਹਮਲੇ ਨੂੰ ਐਵੇਂ ਡਰਾਮਾ ਸਮਝਿਆ ਜਾਣਾ ਸੀ। ਖਿੱਤੇ ਦੀ ਸਭ ਤੋਂ ਵੱਧ ਤਾਕਤਵਾਰ ਸੈਨਾ ਨੇ ਆਖ਼ਰ ਕੁਝ ਨੌਸਿਖੀਏ ਲੜਾਕੂਆਂ ਨੂੰ ਅਤਿ ਆਧੁਨਿਕ ਸਮਾਰਟ ਵਾੜ (ਕੈਮਰੇ, ਸੈਂਸਰ, ਰੇਡਾਰ, ਡਰੋਨ, ਸੈਟੇਲਾਈਟ ਆਦਿ) ਉਲੰਘ ਕੇ ਬਿਨਾ ਕਿਸੇ ਵਿਰੋਧ ਤੋਂ 25 ਕਿਲੋਮੀਟਰ ਤੱਕ ਕਿਵੇਂ ਅੰਦਰ ਆਉਣ ਦਿੱਤਾ। ਇਸ ਤੋਂ ਕਿਸੇ ਘਾਲੇ ਮਾਲੇ ਜਾਂ ਕਿਸੇ ਵੱਡੀ ਸਾਜਿ਼ਸ਼ ਦੀ ਬੋਅ ਆਉਂਦੀ ਹੈ। ਸਾਜਿ਼ਸ਼ ਦੀ ਥਿਊਰੀ ਨੂੰ ਸਾਬਿਤ ਕਰਨ ਲਈ ਲਾਗਤ-ਲਾਭ ਦੇ ਲੇਖੇ ਜੋਖੇ ਵਿਚ ਪੈਣਾ ਫਜ਼ੂਲ ਹੈ ਪਰ ਅਮਰੀਕਾ ਅਤੇ ਬਰਤਾਨੀਆ ਵਲੋਂ ਇਜ਼ਰਾਈਲ ਨੂੰ ਖਾਲੀ ਚੈੱਕ ਫੜਾ ਦੇਣ ਦੀ ਪੇਸ਼ਕਸ਼ ਤੋਂ ਪਹਿਲਾਂ ਕੁਝ ਸਖ਼ਤ ਸਵਾਲ ਪੁੱਛਣੇ ਚਾਹੀਦੇ ਸਨ।

ਜਦੋਂ ਬਾਇਡਨ ਕਹਿੰਦੇ ਹਨ ਕਿ ਉਹ ਇਜ਼ਰਾਈਲ ਦੀ ਪਿੱਠ ’ਤੇ ਖੜ੍ਹਾ ਹੈ ਤਾਂ ਫਿਰ ਉਹ ਇਹ ਨਹੀਂ ਆਖ ਸਕਦੇ ਕਿ ਇਜ਼ਰਾਈਲ ਨੂੰ ਗਾਜ਼ਾ ਵਿਚ ਲੋਕਾਂ ਖਿਲਾਫ਼ ਯੁੱਧ ਨਹੀਂ ਵਿੱਢਣਾ ਚਾਹੀਦਾ ਸਗੋਂ ਨਿਰਦੋਸ਼ਾਂ ਦੀ ਹੱਤਿਆ ਕਰਨ ਵਾਲੇ ਦਹਿਸ਼ਤਗਰਦ ਗਰੋਹ ਨੂੰ ਖਤਮ ਕਰਨਾ ਚਾਹੀਦਾ ਹੈ। ਜੌਰਡਨ ਅਤੇ ਮਿਸਰ ਨੇ ਆਪੋ-ਆਪਣੀਆਂ ਸਰਹੱਦਾਂ ਬੰਦ ਕਰ ਕੇ ਸਹੀ ਕੰਮ ਕੀਤਾ ਹੈ ਕਿਉਂਕਿ ਇਜ਼ਰਾਈਲ ਨੂੰ ਇਸ ਸੰਕਟ ਦੀ ਆੜ ਹੇਠ ਗਾਜ਼ਾ ਦੇ ਲੋਕਾਂ ਨੂੰ ਕਿਸੇ ਹੋਰ ਦੇਸ਼ ਅੰਦਰ ਧੱਕਣ ਅਤੇ ਇਵੇਂ ਆਪਣੀਆਂ ਵਿਸਤਾਰਵਾਦੀ ਨੀਤੀਆਂ ’ਤੇ ਚੱਲਣ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਇਸ ਵਕਤ ਖਰੇ ਅਮਨ ਦਾ ਹੋਕਾ ਦੇਣ ਦੀ ਲੋੜ ਹੈ। ਅਜਿਹਾ ਅਮਨ ਜਿਸ ਵਿਚ ਹਮਾਸ ਨਾ ਹੋਵੇ ਅਤੇ ਨਾ ਹੀ ਇਜ਼ਰਾਇਲੀ ਬਦਲੇਖੋਰੀ ਹੋਵੇ।

ਗਾਜ਼ਾ ਦੀ ਅਵਾਮ ਤੋਂ ਹਮਾਸ ਦੀ ਨਿੰਦਾ ਕਰਨ ਦੀ ਤਵੱਕੋ ਨਹੀਂ ਕੀਤੀ ਜਾਣੀ ਚਾਹੀਦੀ ਕਿਉਂਕਿ ਹੁਣ ਤੱਕ ਉਨ੍ਹਾਂ ਨੇ ਇਜ਼ਰਾਇਲੀਆਂ ਵਲੋਂ ਧੋਖਾ ਅਤੇ ਤਬਾਹੀ ਤੋਂ ਬਿਨਾ ਹੋਰ ਕੁਝ ਨਹੀਂ ਦੇਖਿਆ। ਇਹ ਉਵੇਂ ਹੀ ਹੈ ਜਿਵੇਂ ਕਿਲੀਨੋਚੀ ਦੇ ਤਮਿਲ ਐੱਲਟੀਟੀਈ ਨੂੰ ਰਾਖਿਆਂ ਦੀ ਤਰ੍ਹਾਂ ਗਿਣਦੇ ਸਨ ਜਦਕਿ ਪ੍ਰਭਾਕਰਨ ਉਨ੍ਹਾਂ ਨੂੰ ਮਾਨਵੀ ਢਾਲ ਵਾਂਗ ਵਰਤਦਾ ਸੀ। ਗਾਜ਼ਾ ਦੇ ਲੋਕ ਆਪਣੇ ਮੋਢਿਆਂ ’ਤੇ ਹਮਾਸ ਦੀਆਂ ਕਲਾਸ਼ਨੀਕੋਵ ਲਟਕਾ ਸਕਦੇ ਹਨ ਕਿਉਂਕਿ ਉਨ੍ਹਾਂ ਆਪਣੀ ਹੁਣ ਤੱਕ ਦੀ ਜਿ਼ੰਦਗੀ ਵਿਚ ਇਸ ਤੋਂ ਬਿਹਤਰ ਹੋਰ ਕੁਝ ਤੱਕਿਆ ਹੀ ਨਹੀਂ ਹੈ।

ਅਮਰੀਕਾ ਅਤੇ ਬਰਤਾਨੀਆ ਆਪਣੀ ਬਸਤੀਵਾਦੀ ਸਨਕ ਤਹਿਤ ਪੱਛਮੀ ਏਸ਼ੀਆ ਦਾ ਬਹੁਤ ਸਾਰਾ ਤੇਲ ਅਤੇ ਖ਼ੂਨ ਨਿਚੋੜ ਚੁੱਕੇ ਹਨ ਪਰ ਹੁਣ ਇਨ੍ਹਾਂ ਨੂੰ ਇਹ ਕੰਮ ਬੰਦ ਕਰ ਦੇਣਾ ਚਾਹੀਦਾ ਹੈ। ਸਿਰਫ਼ ਉਹੀ ਹਨ ਜੋ ਇਜ਼ਰਾਈਲ ਨੂੰ ਵਰਜ ਸਕਦੇ ਹਨ ਅਤੇ ਇਸ ਨੂੰ ਆਪਣੀ ਤਾਰੀਖ਼ੀ ਨਫ਼ਰਤ ਤਿਆਗ ਕੇ ਦੋ ਕੌਮੀ ਹੱਲ ਪ੍ਰਵਾਨ ਕਰਨ ਲਈ ਰਾਜ਼ੀ ਕਰ ਸਕਦੇ ਹਨ। ਅਰਬਾਂ ਅਤੇ ਇਜ਼ਰਾਇਲੀਆਂ ਨੂੰ ਇਕ ਦੂਜੇ ਦੇ ਨੇੜੇ ਲਿਆਉਂਦਿਆਂ ਪੱਛਮ ਨੇ ਫ਼ਲਸਤੀਨੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ ਪਰ ਹਮਾਸ ਦੇ ਹਮਲੇ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਪੱਛਮੀ ਏਸ਼ੀਆ ਦੀ ਕੂਟਨੀਤੀ ਵਿਚ ਕੋਈ ਨਵਾਂ ਅਧਿਆਇ ਸ਼ੁਰੂ ਕਰਨ ਲਈ ਫ਼ਲਸਤੀਨ ਵਿਚ ਅਮਨ ਹੋਣਾ ਲਾਜ਼ਮੀ ਹੈ।

ਜਿੱਥੋਂ ਤੱਕ ਭਾਰਤ ਦਾ ਤਾਅਲੁਕ ਹੈ ਤਾਂ ਇਸ ਦੇ ਹਿੱਤ ਅਰਬ ਦੇਸ਼ਾਂ ਵਿਚ ਰਹਿੰਦੇ ਆਪਣੇ 90 ਲੱਖ ਪਰਵਾਸੀ ਭਾਰਤੀਆਂ ਨਾਲ ਜੁੜੇ ਹਨ ਜੋ ਹਰ ਸਾਲ ਕਰੀਬ 50 ਅਰਬ ਡਾਲਰ ਦੀ ਕਮਾਈ ਵਾਪਸ ਆਪਣੇ ਮੁਲਕ ਭੇਜਦੇ ਹਨ ਨਾ ਕਿ ਉਸ ਜ਼ਾਇਨਿਸਟ (ਕੱਟੜਪੰਥੀ ਯਹੂਦੀ) ਸਟੇਟ/ਰਿਆਸਤ ਨਾਲ ਜੁੜੇ ਹਨ ਜੋ ਅਜਿਹੀਆਂ ਤਕਨਾਲੋਜੀਆਂ ਵੇਚਦੀ ਰਹੀ ਹੈ ਜੋ ਆਪਣੀ ਸਰਹੱਦ ਦੀ ਰਾਖੀ ਕਰਨ ਵਿਚ ਵੀ ਨਾਕਾਮ ਰਹੀ ਹੈ।