ਇਜ਼ਰਾਈਲ ਤੋਂ ਭਾਰਤੀਆਂ ਦਾ ਪਹਿਲਾ ਜੱਥਾ ਵਤਨ ਪਰਤਿਆ

ਇਜ਼ਰਾਈਲ ਤੋਂ ਭਾਰਤੀਆਂ ਦਾ ਪਹਿਲਾ ਜੱਥਾ ਵਤਨ ਪਰਤਿਆ

ਨਵੀਂ ਦਿੱਲੀ- ਵਿਦਿਆਰਥੀਆਂ ਸਣੇ ਕਰੀਬ 200 ਭਾਰਤੀਆਂ ਦਾ ਪਹਿਲਾ ਜੱਥਾ ਅੱਜ ਤੜਕੇ ਚਾਰਟਰਡ ਜਹਾਜ਼ ਰਾਹੀਂ ਦਿੱਲੀ ਪਹੁੰਚ ਗਿਆ। ਪਿਛਲੇ ਸ਼ਨਿਚਰਵਾਰ ਨੂੰ ਹਮਾਸ ਦੇ ਦਹਿਸ਼ਤਗਰਦਾਂ ਵੱਲੋਂ ਇਜ਼ਰਾਈਲ ’ਤੇ ਕੀਤੇ ਲੜੀਵਾਰ ਹਮਲੇ ਤੇ ਇਜ਼ਰਾਈਲ ਦੀ ਜਵਾਬੀ ਕਾਰਵਾਈ ਮਗਰੋਂ ਖੇਤਰ ’ਚ ਹਾਲਾਤ ਤਣਾਅਪੂਰਨ ਹਨ। ਨਤੀਜੇ ਵਜੋਂ ਭਾਰਤ ਨੇ ਘਰ ਵਾਪਸੀ ਦੇ ਚਾਹਵਾਨ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਅਪਰੇਸ਼ਨ ‘ਅਜੇਯ’ ਸ਼ੁਰੂ ਕੀਤਾ ਸੀ। ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਦਿੱਲੀ ਹਵਾਈ ਅੱਡੇ ’ਤੇ ਯਾਤਰੀਆਂ ਦਾ ਸਵਾਗਤ ਕੀਤਾ। ਇਜ਼ਰਾਈਲ ਵਿਚ ਫਸੇ ਭਾਰਤੀ ਨਾਗਰਿਕਾਂ ਦੇ ਦੂਜੇ ਜਥੇ ਦੇ ਸ਼ਨਿੱਚਰਵਾਰ ਤੜਕੇ ਭਾਰਤ ਪੁੱਜਣ ਦੀ ਉਮੀਦ ਹੈ।

ਚਾਰਟਰਡ ਉਡਾਣ ਵਿਚ ਸਵਾਰ ਪੋਸਟ-ਡਾਕਟਰਲ ਖੋਜਾਰਥੀ ਸ਼ਾਸਵਤ ਸਿੰਘ, ਜੋ 2019 ਤੋਂ ਇਜ਼ਰਾਈਲ ਵਿੱਚ ਰਹਿ ਰਿਹਾ ਸੀ, ਆਪਣੀ ਪਤਨੀ ਨਾਲ ਦਿੱਲੀ ਪਹੁੰਚਿਆ। ਉਸ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਅਸੀਂ ਹਵਾਈ ਹਮਲਿਆਂ ਦੇ ਸਾਇਰਨ ਦੀਆਂ ਆਵਾਜ਼ਾਂ ਨਾਲ ਉੱਠਦੇ ਸੀ। ਅਸੀਂ ਕੇਂਦਰੀ ਇਜ਼ਰਾਈਲ ਵਿੱਚ ਹੀ ਰਹੇ। ਮੈਨੂੰ ਨਹੀਂ ਪਤਾ ਕਿ ਇਹ ਟਕਰਾਅ ਅੱਗੇ ਕੀ ਸ਼ਕਲ ਲਏਗਾ…ਮੈਂ ਉਥੇ ਖੇਤੀਬਾੜੀ ਵਿੱਚ ਪੋਸਟ ਡਾਕਟਰੇਟ ਕਰ ਰਿਹਾ ਹਾਂ।’’ ਸਿੰਘ ਨੇ ਕਿਹਾ ਕਿ ਭਾਰਤੀਆਂ ਨੂੰ ਉਥੋਂ (ਇਜ਼ਰਾਈਲ) ਕੱਢਣ ਦੀ ਕਾਰਵਾਈ ‘ਸ਼ਲਾਘਾਯੋਗ ਕਦਮ’ ਹੈ। ਅਸੀਂ ਉਮੀਦ ਕਰਦੇ ਹਾਂ ਕਿ ਜਲਦੀ ਹੀ ਅਮਨ ਦੀ ਬਹਾਲੀ ਹੋਵੇਗੀ ਤੇ ਅਸੀਂ ਕੰਮ ’ਤੇ ਪਰਤਾਂਗੇ…ਭਾਰਤ ਸਰਕਾਰ ਈਮੇਲ ਜ਼ਰੀਏ ਸਾਡੇ ਨਾਲ ਸੰਪਰਕ ਵਿੱਚ ਸੀ। ਅਸੀਂ ਪ੍ਰਧਾਨ ਮੰਤਰੀ ਮੋਦੀ ਤੇ ਇਜ਼ਰਾਈਲ ਵਿਚਲੀ ਭਾਰਤੀ ਅੰਬੈਸੀ ਦੇ ਧੰਨਵਾਦੀ ਹਾਂ।’’ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਇਜ਼ਰਾਈਲ ਵਿੱਚ ਇਸ ਵੇਲੇ 18 ਹਜ਼ਾਰ ਦੇ ਕਰੀਬ ਭਾਰਤੀ ਰਹਿ ਰਹੇ ਹਨ। ਦਰਜਨ ਦੇ ਕਰੀਬ ਲੋਕ ਪੱਛਮੀ ਕੰਢੇ ਤੇ ਤਿੰਨ ਤੋਂ ਚਾਰ ਭਾਰਤੀ ਗਾਜ਼ਾ ਵਿਚ ਮੌਜੂਦ ਹਨ। ਇਸਲਾਮਿਕ ਦਹਿਸ਼ਤੀ ਸਮੂਹ ਹਮਾਸ ਵੱਲੋਂ ਇਜ਼ਰਾਈਲ ਤੇ ਯਹੂਦੀ ਮੁਲਕ ਵੱਲੋਂ ਜਵਾਬੀ ਕਾਰਵਾਈ ਵਿੱਚ ਗਾਜ਼ਾ ਉੱਤੇ ਕੀਤੇ ਹਮਲਿਆਂ ਵਿਚ ਹੁਣ ਤੱਕ ਦੋਵੇਂ ਪਾਸੇ ਕਰੀਬ 2600 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਜ਼ਰਾਈਲ ਤੋਂ ਵਿਸ਼ੇਸ਼ ਉਡਾਣ ਰਾਹੀਂ ਪਰਤੇ ਭਾਰਤੀ ਜਥੇ ਵਿੱਚ ਸ਼ਾਮਲ ਪੱਛਮੀ ਬੰਗਾਲ ਦੇ ਵਸਨੀਕ ਤੇ ਇਜ਼ਰਾਈਲ ਦੇ ਬੀੜਸ਼ੇਬਾ ਵਿੱਚ ਬੈਨ-ਗੁਰੀਅਨ ਯੂਨੀਵਰਸਿਟੀ ’ਚ ਪੀਐੱਚ.ਡੀ. ਦੇ ਵਿਦਿਆਰਥੀ ਸੁਪਰਨੋ ਘੋਸ਼ ਨੇ ਕਿਹਾ, ‘‘ਉਥੇ ਅਸੀਂ ਰੈਣ ਬਸੇੇੇਰੇ ਵਿੱਚ ਸੀ…ਇਜ਼ਰਾਇਲੀ ਸਰਕਾਰ ਨੇ ਉਥੇ ਥਾਂ ਥਾਂ ਰੈਣ ਬਸੇਰੇ ਬਣਾਏ ਹੋਏ ਹਨ, ਇਸ ਕਰਕੇ ਅਸੀਂ ਸੁਰੱਖਿਅਤ ਸੀ।’’ ਜੈਪੁਰ ਦੀ ਮਨਿੀ ਸ਼ਰਮਾ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਹਾਲਾਤ ਬਹੁਤ ਖੌਫ਼ਨਾਕ ਸੀ। ਅਸੀਂ ਉਥੋਂ ਦੇ ਨਾਗਰਿਕ ਨਹੀਂ ਹਾਂ, ਅਸੀ ਮਹਿਜ਼ ਵਿਦਿਆਰਥੀ ਹਾਂ। ਇਸ ਲਈ ਜਦੋਂ ਕਦੇ ਵੀ ਸਾਇਰਨ ਵੱਜਦਾ, ਸਾਡੇ ਲਈ ਉਹ ਖੌਫ਼ਨਾਕ ਤੇ ਭਾਜੜ ਪਾਊ ਹਾਲਾਤ ਸਨ।’’ ਸ਼ਰਮਾ ਨੇ ਕਿਹਾ, ‘‘ਮੈਨੂੰ ਇਕ ਦਿਨ ਪਹਿਲਾਂ ਭਾਰਤ ਵੱਲੋਂ ਭੇਜੀ ਵਿਸ਼ੇਸ਼ ਉਡਾਣ ਬਾਰੇ ਪਤਾ ਲੱਗਾ ਸੀ। ਅਸੀਂ ਭਾਰਤੀ ਅੰਬੈਸੀ ਵੱਲੋਂ ਮਿਲੇ ਸੁਨੇਹੇ ਮਗਰੋਂ ਇਕ ਦਿਨ ਪਹਿਲਾਂ ਹੀ ਆਪਣੇ ਬੈਗ ਪੈਕ ਕੀਤੇ ਸਨ। ਉਹ ਬਹੁਤ ਮਦਦਗਾਰ ਸਨ। ਅਸੀਂ ਸਮਾਂ ਰਹਿੰਦਿਆਂ ਉਨ੍ਹਾਂ ਨਾਲ ਰਾਬਤਾ ਬਣਾਉਣ ਵਿੱਚ ਸਫ਼ਲ ਰਹੇ।’’

ਇਕ ਹੋਰ ਵਿਦਿਆਰਥੀ ਦੀਪਕ ਨੇ ਕਿਹਾ, ‘‘ਅਸੀਂ ਸ਼ਨਿਚਰਵਾਰ ਨੂੰ ਸਾਇਰਨਾਂ ਦੀ ਆਵਾਜ਼ ਸੁਣੀ ਸੀ। ਜਿਵੇਂ ਹੀ ਹਮਲਾ ਹੋਇਆ ਸਾਨੂੰ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਸਾਨੂੰ ਸੁਰੱਖਿਅਤ ਉਪਰਾਲਿਆਂ ਲਈ ਹਦਾਇਤਾਂ ਮਿਲੀਆਂ। ਹਮਲੇ ਲਗਾਤਾਰ ਹੋ ਰਹੇ ਸਨ। ਮੈਂ ਘਰ ਪਰਤ ਕੇ ਖ਼ੁਸ਼ ਹਾਂ, ਪਰ ਇਸ ਗੱਲੋਂ ਉਦਾਸ ਹਾਂ ਕਿ ਸਾਡੇ ਕੁਝ ਦੋਸਤ ਅਜੇ ਉਥੇ (ਇਜ਼ਰਾਈਲ) ਹੀ ਹਨ।’’ ਵਿਦਿਆਰਥੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਉਥੋਂ ਕੱਢਣ ਦਾ ਅਮਲ ਬਹੁਤ ਸੁਖਾਲਾ ਸੀ।