ਇਜ਼ਰਾਈਲ ’ਤੇ ਹਮਾਸ ਦੇ ਹਮਲੇ ਵਿੱਚ 100 ਹਲਾਕ

ਇਜ਼ਰਾਈਲ ’ਤੇ ਹਮਾਸ ਦੇ ਹਮਲੇ ਵਿੱਚ 100 ਹਲਾਕ

ਜਵਾਬੀ ਕਾਰਵਾਈ ਵਿੱਚ ਫਲਸਤੀਨ ’ਚ 198 ਮੌਤਾਂ ਤੇ 1600 ਤੋਂ ਵੱਧ ਜ਼ਖ਼ਮੀ


ਯੇਰੂਸ਼ਲਮ- ਹਮਾਸ ਅਤਿਵਾਦੀਆਂ ਵੱਲੋਂ ਅੱਜ ਸਵੇਰੇ ਗਾਜ਼ਾ ਤੋਂ ਕੀਤੇ ਗਏ ਅਚਣਚੇਤ ਹਮਲੇ ਵਿੱਚ ਘੱਟੋ-ਘੱਟ 100 ਇਜ਼ਰਾਇਲੀਆਂ ਦੀ ਮੌਤ ਹੋ ਗਈ ਜਦਕਿ ਸੈਂਕੜੇ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਇਸ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਵੀ ਹਮਾਸ ਖ਼ਿਲਾਫ਼ ਜੰਗ ਦਾ ਐਲਾਨ ਕਰ ਦਿੱਤਾ ਹੈ ਅਤੇ ਜਵਾਬੀ ਕਾਰਵਾਈ ਵਿੱਚ ਫਲਸਤੀਨ ਵਿੱਚ 198 ਵਿਅਕਤੀਆਂ ਦੀ ਮੌਤ ਹੋ ਗਈ ਤੇ 1600 ਤੋਂ ਵੱਧ ਹੋਰ ਜ਼ਖ਼ਮੀ ਹੋ ਗਏ। ਇਜ਼ਰਾਈਲ ਦਾ ਕਹਿਣਾ ਹੈ ਕਿ ਉਸ ਵੱਲੋਂ ਦੁਸ਼ਮਣ ਕੋਲੋਂ ਬੇਮਿਸਾਲ ਕੀਮਤ ਵਸੂਲੀ ਜਾਵੇਗੀ। ਇਜ਼ਰਾਈਲ ਦੀ ਕੌਮੀ ਬਚਾਅ ਸੇਵਾ ਨੇ ਕਿਹਾ ਕਿ ਹਮਾਸ ਫੌਜ ਦੀ ਇਸ ਕਾਰਵਾਈ ਵਿੱਚ ਘੱਟੋ-ਘੱਟ 100 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਸੈਂਕੜੇ ਹੋਰ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਕਈ ਇਜ਼ਰਾਇਲੀ ਜਵਾਨਾਂ ਤੇ ਨਾਗਰਿਕਾਂ ਨੂੰ ਅਗਵਾ ਕਰ ਕੇ ਗਾਜ਼ਾ ਲਿਜਾਇਆ ਗਿਆ ਹੈ। ਇਜ਼ਰਾਇਲੀ ਖੇਤਰ ਵਿੱਚ ਹੋਈ ਇਹ ਅੱਜ ਤੱਕ ਦੀ ਸਭ ਤੋਂ ਵੱਧ ਜਾਨਲੇਵਾ ਕਾਰਵਾਈ ਹੈ। ਉੱਧਰ, ਘੁਸਪੈਠ ਦੇ ਕਈ ਘੰਟਿਆਂ ਬਾਅਦ ਵੀ ਗਾਜ਼ਾ ਨੇੜੇ ਕਈ ਥਾਵਾਂ ’ਤੇ ਇਜ਼ਰਾਈਲ ਦੇ ਫੌਜੀਆਂ ਤੇ ਹਮਾਸ ਦੇ ਅਤਿਵਾਦੀਆਂ ਵਿਚਾਲੇ ਗੋਲੀਬਾਰੀ ਜਾਰੀ ਸੀ।

ਇਸੇ ਦੌਰਾਨ ਫਲਸਤੀਨ ਦੇ ਸਿਹਤ ਮੰਤਰਾਲੇ ਨੇ ਗਾਜ਼ਾ ਵਿੱਚ ਕਿਹਾ ਕਿ ਇਜ਼ਰਾਈਲ ਦੀ ਜਵਾਬੀ ਕਾਰਵਾਈ ਵਿੱਚ ਗਾਜ਼ਾ ਪੱਟੀ ’ਚ ਘੱਟੋ-ਘੱਟ 198 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਘੱਟੋ-ਘੱਟ 1610 ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਜ਼ਰਾਇਲੀ ਹਵਾਈ ਹਮਲੇ ’ਚ ਕੇਂਦਰੀ ਗਾਜ਼ਾ ਸ਼ਹਿਰ ਵਿੱਚ ਇਕ 14 ਮੰਜ਼ਿਲਾ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ ਦਰਜਨਾਂ ਪਰਿਵਾਰਾਂ ਦੇ ਘਰ ਸਨ ਪਰ ਇਸ ਦੇ ਨਾਲ ਹੀ ਇਸ ਇਮਾਰਤ ’ਚ ਹਮਾਸ ਤੇ ਇਸਲਾਮਿਕ ਜਹਾਦ ਅਤਵਿਾਦੀ ਸਮੂਹਾਂ ਨਾਲ ਸਬੰਧਤ ਦਫ਼ਤਰ ਵੀ ਸਨ।

ਉਧਰ, ਇਜ਼ਰਾਈਲ ਡਿਫੈਂਸ ਫੋਰਸ (ਆਈਡੀਐੱਫ) ਨੇ ਕਿਹਾ ਕਿ ਹਮਾਸ ਵੱਲੋਂ ਅਚਾਨਕ ਕੀਤੇ ਗਏ ਹਵਾਈ, ਜ਼ਮੀਨੀ ਅਤੇ ਸਮੁੰਦਰੀ ਹਮਲੇ ਦੇ ਜਵਾਬ ਵਿੱਚ ਉਨ੍ਹਾਂ ਵੱਲੋਂ ਆਪ੍ਰੇਸ਼ਨ ‘ਆਇਰਨ ਸਵੋਰਡਜ਼’ ਸ਼ੁਰੂ ਕੀਤਾ ਗਿਆ ਹੈ। ਇਸ ਹਮਲੇ ਦੌਰਾਨ ਗਾਜ਼ਾ ਪੱਟੀ ਤੋਂ ਰਾਕੇਟਾਂ ਰਾਹੀਂ ਹਮਲਾ ਕੀਤਾ ਗਿਆ ਅਤੇ ਦੱਖਣੀ ਖੇਤਰ ’ਚ ਭਾਰੀ ਕਿਲ੍ਹੇਬੰਦੀ ਵਾਲੀ ਸਰਹੱਦ ’ਚ ਘੁਸਪੈਠ ਕੀਤੀ ਗਈ।

ਆਈਡੀਐੱਫ ਦੇ ਤਰਜਮਾਨ ਰੀਅਰ ਐਡਮਿਰਲ ਡੇਨੀਅਲ ਹਗਾਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਵੇਰੇ 6.30 ਵਜੇ ਤੋਂ ਇਜ਼ਰਾਈਲ ਵਿੱਚ 2200 ਤੋਂ ਵੱਧ ਰਾਕੇਟ ਦਾਗੇ ਗਏ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਸੱਤ ਥਾਵਾਂ ਹਨ ਜਿੱਥੇ ਕਿ ਇਜ਼ਰਾਇਲੀ ਸੈਨਿਕ ਘੁਸਪੈਠੀਆਂ ਨਾਲ ਲੜ ਰਹੇ ਹਨ।

ਉੱਧਰ, ਇਸਲਾਮਿਕ ਜਥੇਬੰਦੀ ਹਮਾਸ ਨੇ ਇਸ ਕਾਰਵਾਈ ਨੂੰ ‘ਅਲ-ਅਕਸਾ ਮਸਜਿਦ ’ਤੇ ਹਮਲਿਆਂ’ ਖ਼ਿਲਾਫ਼ ਕਾਰਵਾਈ ਕਰਾਰ ਦਿੱਤਾ ਹੈ। ਗਾਜ਼ਾ ਪੱਟੀ ’ਤੇ ਕੰਟਰੋਲ ਰੱਖਣ ਵਾਲੇ ਹਮਾਸ ਦੇ ਇਕ ਸੀਨੀਅਰ ਕਮਾਂਡਰ ਨੇ ਦਾਅਵਾ ਕੀਤਾ ਕਿ ਗਾਜ਼ਾ ਤੋਂ ਇਜ਼ਰਾਈਲ ’ਚ ਹਜ਼ਾਰਾਂ ਰਾਕੇਟ ਦਾਗੇ ਗਏ ਹਨ। ਹਮਾਸ ਨੇ ਦਾਅਵਾ ਕੀਤਾ ਕਿ ਤੜਕੇ ਹਮਾਸ ਵੱਲੋਂ ਇਜ਼ਰਾਈਲ ਵੱਲ 5,000 ਰਾਕੇਟ ਦਾਗੇ ਗਏ ਤੇ ਇਸ ਕਾਰਵਾਈ ਨੂੰ ‘ਆਪ੍ਰੇਸ਼ਨ ਅਲ-ਅਕਸਾ ਫਲੱਡ’ ਦਾ ਨਾਂ ਦਿੱਤਾ ਗਿਆ ਹੈ। ਦੱਖਣੀ ਗਦੇਰੋਤ ਖੇਤਰ ਵਿੱਚ ਹੋਏ ਸਿੱਧੇ ਰਾਕੇਟ ਹਮਲੇ ਵਿੱਚ ਮਰਨ ਵਾਲਿਆਂ ’ਚ ਇਕ 60 ਸਾਲ ਦੀ ਔਰਤ ਵੀ ਸ਼ਾਮਲ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੇਂਟ ਨੇ ਕਿਹਾ, ‘‘ਆਈਡੀਐੱਫ ਦੇ ਜਵਾਨ ਹਰੇਕ ਥਾਂ ’ਤੇ ਦੁਸ਼ਮਣ ਖ਼ਿਲਾਫ਼ ਲੜ ਰਹੇ ਹਨ। ਮੈਂ ਸਾਰੇ ਇਜ਼ਰਾਇਲੀ ਨਾਗਰਿਕਾਂ ਨੂੰ ਸੁਰੱਖਿਆ ਨਿਰਦੇਸ਼ਾਂ ਦੀ ਪਾਲਣਾ ਕਰਨ ਦਾ ਮਸ਼ਵਰਾ ਦਿੰਦਾ ਹਾਂ। ਹਾਰੇਤਜ਼ ਆਨਲਾਈਨ ਨੇ ਹਮਾਸ ਫੌਜੀ ਵਿੰਗ ਦੇ ਮੁਖੀ ਮੁਹੰਮਦ ਦੀਫ ਵੱਲੋਂ ਦਿੱਤੇ ਗਏ ਹਵਾਲੇ ਨਾਲ ਛਾਪੀ ਖਬਰ ਵਿੱਚ ਕਿਹਾ, ‘‘ਅਸੀਂ ਦੁਸ਼ਮਣ ਨੂੰ ਚਿਤਾਵਨੀ ਦਿੰਦੇ ਹਾਂ ਕਿ ਅਲ-ਅਕਸਾ ਮਸਜਿਦ ਖ਼ਿਲਾਫ਼ ਹਮਲੇ ਬੰਦ ਕਰ ਦਿੱਤੇ ਜਾਣ। ਇਹ ਤਾਂ ਇਜ਼ਰਾਈਲ ਖ਼ਿਲਾਫ਼ ਹਮਾਸ ਦੀ ਕਾਰਵਾਈ ਦਾ ਪਹਿਲਾ ਪੜਾਅ ਹੈ।’’ ਉਧਰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਇਜ਼ਰਾਈਲ ’ਤੇ ਹਮਲੇ ਦੀ ਆਲੋਚਨਾ ਕੀਤੀ ਹੈ।

ਹਮਾਸ ਨੂੰ ਹਮਲੇ ਦੀ ਵੱਡੀ ਕੀਮਤ ਤਾਰਨੀ ਪਵੇਗੀ: ਨੇਤਨਯਾਹੂ
ਯੇਰੂਸ਼ਲਮ: ਹਮਾਸ ਦੇ ਬੇਮਿਸਾਲ ਰਾਕੇਟ ਹਮਲੇ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਨੇ ਅੱਜ ਦੇਸ਼ ਦੀ ਜਨਤਾ ਨੂੰ ਕਿਹਾ, ‘‘ਅਸੀਂ ਜੰਗ ਵਿੱਚ ਹਾਂ।’’ ਹਮਾਸ ਵੱਲੋਂ ਭਾਰੀ ਗਿਣਤੀ ਵਿੱਚ ਰਾਕੇਟ ਦਾਗੇ ਜਾਣ ਅਤੇ ਦੱਖਣੀ ਇਜ਼ਰਾਈਲ ਵਿੱਚ ਕੱਟੜਪੰਥੀਆਂ ਦੀ ਘੁਸਪੈਠ ਤੋਂ ਬਾਅਦ ਨੇਤਨਯਾਹੂ ਨੇ ਟੀਵੀ ’ਤੇ ਆਪਣੇ ਸੰਬੋਧਨ ਵਿੱਚ ਇਹ ਗੱਲ ਕਹੀ। ਉਨ੍ਹਾਂ ਦਾਅਵਾ ਕੀਤਾ ਕਿ ਹਮਾਸ ਨੂੰ ਅਜਿਹੀ ਕੀਮਤ ਦੇਣੀ ਪਵੇਗੀ, ਜਿਹੜੀ ਕਿ ਕਿਸੇ ਨੇ ਸੋਚੀ ਵੀ ਨਹੀਂ ਹੋਣੀ। ਨੇਤਨਯਾਹੂ ਨੇ ਕਿਹਾ, ‘‘ਅਸੀਂ ਜੰਗ ਵਿੱਚ ਹਾਂ। ਮੁਹਿੰਮ ਨਹੀਂ, ਬਲਕਿ ਜੰਗ ਛਿੜ ਚੁੱਕੀ ਹੈ।’’ ਪ੍ਰਧਾਨ ਮੰਤਰੀ ਨੇ ਫੌਜ ਨੂੰ ਹਮਾਸ ਦੇ ਕੱਟੜਪੰਥੀਆਂ ਦੇ ਘੁਸਪੈਠ ਵਾਲੇ ਸ਼ਹਿਰਾਂ ਨੂੰ ਖਾਲੀ ਕਰਾਉਣ ਦਾ ਹੁਕਮ ਵੀ ਦਿੱਤਾ, ਜਿੱਥੇ ਕੱਟੜਪੰਥੀਆਂ ਅਤੇ ਇਜ਼ਰਾਇਲੀ ਫੌਜੀਆਂ ਵਿਚਾਲੇ ਗੋਲੀਬਾਰੀ ਜਾਰੀ ਹੈ। ਇਜ਼ਰਾਇਲੀ ਫੌਜ ਨੇ ਕਿਹਾ ਕਿ ਵੱਡੀ ਗਿਣਤੀ ਫਲਸਤੀਨੀ ਕੱਟੜਪੰਥੀਆਂ ਨੇ ਗਾਜ਼ਾ ਪੱਟੀ ਤੋਂ ਇਜ਼ਰਾਈਲ ’ਚ ਘੁਸਪੈਠ ਕੀਤੀ ਅਤੇ ਸਰਹੱਦੀ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦਾ ਸੁਝਾਅ ਦਿੱਤਾ ਗਿਆ ਹੈ।

ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਐਡਵਾਈਜ਼ਰੀ
ਤਲ ਅਵੀਵ: ਇਜ਼ਰਾਈਲ ਦੇ ਦੱਖਣ ਵਿੱਚ ਬੇਮਿਸਾਲ ਜੰਗ ਵਰਗੇ ਹਾਲਾਤ ਨੂੰ ਦੇਖਦੇ ਹੋਏ ਅੱਜ ਭਾਰਤੀ ਦੂਤਾਵਾਸ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਚੌਕਸ ਰਹਿਣ ਅਤੇ ਸੁਰੱਖਿਆ ਨੇਮਾਂ ਦੀ ਪਾਲਣਾ ਕਰਨ ਦਾ ਮਸ਼ਵਰਾ ਦਿੱਤਾ ਹੈ। ਦੂਤਾਵਾਸ ਨੇ ਆਪਣੀ ਐਡਵਾਈਜ਼ਰੀ ਵਿੱਚ ਕਿਹਾ, ‘‘ਇਜ਼ਰਾਈਲ ਵਿੱਚ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ, ਦੇਸ਼ ਵਿੱਚ ਮੌਜੂਦ ਸਾਰੇ ਭਾਰਤੀ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਚੌਕਸ ਰਹਿਣ ਅਤੇ ਸਥਾਨਕ ਅਧਿਕਾਰੀਆਂ ਦੀ ਸਲਾਹ ਮੁਤਾਬਕ ਸੁਰੱਖਿਆ ਨੇਮਾਂ ਦੀ ਪਾਲਣਾ ਕਰਨ। ਕ੍ਰਿਪਾ ਕਰ ਕੇ ਸਾਵਧਾਨੀ ਵਰਤੋ, ਗੈਰ-ਜ਼ਰੂਰੀ ਆਵਾਜਾਈ ਤੋਂ ਬਚੋ ਅਤੇ ਸੁਰੱਖਿਅਤ ਥਾਵਾਂ ਨੇੜੇ ਰਹੋ।’’ ਇਹ ਐਡਵਾਇਜ਼ਰੀ ਅੰਗਰੇਜ਼ੀ, ਹਿੰਦੀ, ਮਰਾਠੀ, ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਭਾਸ਼ਾਵਾਂ ਵਿੱਚ ਜਾਰੀ ਕੀਤੀ ਗਈ ਹੈ। ਦੂਤਾਵਾਸ ਦੀ ਵੈੱਬਸਾਈਟ ’ਤੇ ਦਿੱਤੇ ਗਏ ਵੇਰਵੇ ਮੁਤਾਬਕ, ਇਜ਼ਰਾਈਲ ਵਿੱਚ ਲਗਪਗ 18,000 ਭਾਰਤੀ ਨਾਗਰਿਕ ਹਨ।

ਮੁਸ਼ਕਿਲ ਘੜੀ ਵਿੱਚ ਇਜ਼ਰਾਈਲ ਦੇ ਨਾਲ ਖੜ੍ਹੇ ਹਾਂ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮਾਸ ਅਤਿਵਾਦੀਆਂ ਦੇ ਹਮਲੇ ਦੇ ਮੱਦੇਨਜ਼ਰ ਅੱਜ ਇਜ਼ਰਾਈਲ ਪ੍ਰਤੀ ਇਕਜੁੱਟਤਾ ਜ਼ਾਹਿਰ ਕੀਤੀ ਹੈ। ਮੋਦੀ ਨੇ ਇਜ਼ਰਾਈਲ ਵਿੱਚ ਹੋਏ ਹਮਲੇ ਨੂੰ ‘ਅਤਵਿਾਦੀ ਹਮਲਾ’ ਕਰਾਰ ਦਿੰਦੇ ਹੋਏ ਇਸ ਦੀ ਆਲੋਚਨਾ ਕੀਤੀ ਹੈ। ਮੋਦੀ ਨੇ ਕਿਹਾ, ‘‘ਇਜ਼ਰਾਈਲ ਵਿੱਚ ਅਤਵਿਾਦੀ ਹਮਲਿਆਂ ਦੀ ਖ਼ਬਰ ਤੋਂ ਮੈਂ ਹੈਰਾਨ ਹਾਂ। ਸਾਡੀਆਂ ਸੰਵੇਦਨਾਵਾਂ ਅਤੇ ਪ੍ਰਾਰਥਨਾਵਾਂ ਪੀੜਤ ਪਰਿਵਾਰਾਂ ਨਾਲ ਹਨ। ਇਸ ਮੁਸ਼ਕਿਲ ਘੜੀ ’ਚ ਅਸੀਂ ਇਜ਼ਰਾਈਲ ਦੇ ਨਾਲ ਖੜ੍ਹੇ ਹਾਂ।’’