ਆਸਾਰਾਮ ਨੂੰ ਜਬਰ ਜਨਾਹ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ

ਆਸਾਰਾਮ ਨੂੰ ਜਬਰ ਜਨਾਹ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ

ਅਹਿਮਦਾਬਾਦ: ਗਾਂਧੀਨਗਰ ਦੀ ਇੱਕ ਅਦਾਲਤ ਨੇ ਆਸਾਰਾਮ ਨੂੰ 2013 ’ਚ ਇੱਕ ਮਹਿਲਾ ਸ਼ਰਧਾਲੂ ਨਾਲ ਜਬਰ ਜਨਾਹ ਦੇ ਕੇਸ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸਤਗਾਸਾ ਧਿਰ ਨੇ ਆਸਾਰਾਮ ਨੂੰ ‘ਆਦਤਨ ਅਪਰਾਧੀ’ ਦੱਸਦਿਆਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਸੀ। ਅਦਾਲਤ ਨੇ ਬੀਤੇ ਦਿਨ ਆਸਾਰਾਮ ਨੂੰ ਇਸ ਕੇਸ ’ਚ ਦੋਸ਼ੀ ਠਹਿਰਾਇਆ ਸੀ। ਵਧੀਕ ਸੈਸ਼ਨ ਜੱਜ ਡੀਕੇ ਸੋਨੀ ਨੇ ਆਸਾਰਾਮ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਜੁਰਮਾਨੇ ਤੋਂ ਮਿਲਣ ਵਾਲੀ ਰਾਸ਼ੀ ਪੀੜਤਾ ਨੂੰ ਦਿੱਤੀ ਜਾਵੇਗੀ। ਦੂਜੇ ਪਾਸੇ ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਉਹ ਇਸ ਫ਼ੈਸਲੇ ਨੂੰ ਗੁਜਰਾਤ ਹਾਈ ਕੋਰਟ ’ਚ ਚੁਣੌਤੀ ਦੇਣਗੇ। ਇਸ ਸਮੇਂ ਜੋਧਪੁਰ ਜੇਲ੍ਹ ’ਚ ਬੰਦ 81 ਸਾਲਾ ਆਸਾਰਾਮ 2013 ’ਚ ਰਾਜਸਥਾਨ ਵਿਚਲੇ ਆਪਣੇ ਆਸ਼ਰਮ ’ਚ ਇੱਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਇੱਕ ਵੱਖਰੇ ਕੇਸ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਅੱਜ ਗਾਂਧੀਨਗਰ ਦੀ ਅਦਾਲਤ ’ਚ ਆਸਾਰਾਮ ਦੀ ਪੇਸ਼ੀ ਵੀਡੀਓ ਕਾਨਫਰੰਸ ਰਾਹੀਂ ਹੋਈ ਅਤੇ ਇਸ ਦੌਰਾਨ ਜੱਜ ਨੇ ਫ਼ੈਸਲਾ ਸੁਣਾਇਆ। ਇੱਕ ਦਿਨ ਪਹਿਲਾਂ ਅਦਾਲਤ ਨੇ ਆਸਾਰਾਮ ਨੂੰ ਸੂਰਤ ਦੀ ਮਹਿਲਾ ਸ਼ਰਧਾਲੂ ਨਾਲ ਸਾਲ 2001 ਤੋਂ 2006 ਵਿਚਾਲੇ ਕਈ ਵਾਰ ਜਬਰ ਜਨਾਹ ਕਰਨ ਦਾ ਦੋਸ਼ੀ ਕਰਾਰ ਦਿੱਤਾ ਸੀ। ਸਬੰਧਤ ਮਹਿਲਾ ਨਾਲ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਆਸਾਰਾਮ ਦੇ ਅਹਿਮਦਾਬਾਦ ਦੇ ਮੌਂਟੇਰਾ ਆਸ਼ਰਮ ’ਚ ਰਹਿ ਰਹੀ ਸੀ।