ਆਸਟ੍ਰੇਲੀਆ ਦੇ ਮੈਂਬਰ ਪਾਰਲੀਮੈਂਟ ਨੇ ਦਰਬਾਰ ਸਾਹਿਬ ਮੱਥਾ ਟੇਕਿਆ

ਆਸਟ੍ਰੇਲੀਆ ਦੇ ਮੈਂਬਰ ਪਾਰਲੀਮੈਂਟ ਨੇ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ – ਆਸਟਰੇਲੀਆ ਦੇ ਮੈਂਬਰ ਪਾਰਲੀਮੈਂਟ ਬਰੈੱਡ ਬੈਟਿਨ ਨੇ ਅੱਜ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਗੁਰੂ ਘਰ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਆਖਿਆ ਕਿ ਪੰਜਾਬੀਆਂ ਦੀ ਮਹਿਮਾਨ ਨਿਵਾਜ਼ੀ ਅਤੇ ਸਿੱਖਾਂ ਦਾ ਲੋੜ ਵੇਲੇ ਮਦਦ ਲਈ ਤਤਪਰ ਰਹਿਣ ਦੇ ਸੁਭਾਅ ਤੋਂ ਉਹ ਬਹੁਤ ਪ੍ਰਭਾਵਿਤ ਹਨ।

ਉਨ੍ਹਾਂ ਅੱਜ ਆਪਣੇ ਸਾਥੀਆਂ ਸਮੇਤ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਹੈ। ਉਹ ਭਾਰਤ ਦੌਰੇ ’ਤੇ ਆਏ ਹੋਏ ਹਨ ਅਤੇ ਇਸ ਦੌਰਾਨ ਅੰਮ੍ਰਿਤਸਰ ਵਿਖੇ ਪੁੱਜੇ ਹਨ। ਉਹ ਇਥੇ ਪੰਜਾਬੀ ਸੱਭਿਆਚਾਰ, ਸਿੱਖ ਧਰਮ, ਲੋਕਾਂ ਦੇ ਰਹਿਣ-ਸਹਿਣ ਅਤੇ ਖਾਣ ਪੀਣ ਦੇ ਢੰਗ ਤਰੀਕਿਆਂ ਬਾਰੇ ਅਨੁਭਵ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਅਤੇ ਸ੍ਰੀ ਦਰਬਾਰ ਸਾਹਿਬ ਵਿਸ਼ਵ ਦੇ ਪ੍ਰਸਿੱਧ ਅਸਥਾਨਾਂ ਵਿੱਚੋਂ ਇੱਕ ਹਨ। ਉਨ੍ਹਾਂ ਦੱਸਿਆ ਕਿ ਆਸਟਰੇਲੀਆ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਤੇ ਖਾਸ ਕਰਕੇ ਸਿੱਖ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸਿੱਖਾਂ ਦੀ ਸੇਵਾ ਭਾਵਨਾ ਤੋਂ ਵਧੇਰੇ ਪ੍ਰਭਾਵਿਤ ਹਨ। ਉਨ੍ਹਾਂ ਦੱਸਿਆ ਕਿ ਆਸਟਰੇਲੀਆ ਦੇ ਵਿੱਚ ਜਦੋਂ ਜੰਗਲਾਂ ਨੂੰ ਅੱਗ ਲੱਗੀ ਸੀ ਤਾਂ ਉਸ ਵੇਲੇ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੂੰ ਸਿੱਖਾਂ ਵੱਲੋਂ ਲੰਗਰ ਤੇ ਹੋਰ ਸਹੂਲਤਾਂ ਦਿੱਤੀਆਂ ਗਈਆਂ ਸਨ। ਕਰੋਨਾ ਵੇਲੇ ਵੀ ਸਿੱਖ ਭਾਈਚਾਰੇ ਵੱਲੋਂ ਲੋੜਵੰਦ ਲੋਕਾਂ ਲਈ ਲੰਗਰ ਲਾਏ ਗਏ ਸਨ। ਉਹ ਸਿੱਖ ਧਰਮ ਦੀ ਇਸ ਪ੍ਰਥਾ ਤੋਂ ਬਹੁਤ ਪ੍ਰਭਾਵਿਤ ਹਨ। ਇਸ ਦੌਰਾਨ ਉਹ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵੀ ਗਏ ਅਤੇ ਲੰਗਰ ਬਣਾਉਣ ਤੇ ਵਰਤਾਉਣ ਦੀ ਪ੍ਰਕਿਰਿਆ ਨੂੰ ਦੇਖਿਆ। ਮਗਰੋਂ ਉਨ੍ਹਾਂ ਨੂੰ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।