ਆਸਟਰੇਲੀਆ ਹਿੰਦ-ਪ੍ਰਸ਼ਾਂਤ ਸਾਗਰੀ ਪਹਿਲਕਦਮੀ ਦਾ ਵੱਡਾ ਹਮਾਇਤੀ: ਜੈਸ਼ੰਕਰ

ਆਸਟਰੇਲੀਆ-ਭਾਰਤ ਲੀਡਰਸ਼ਿਪ ਸੰਵਾਦ ਨੂੰ ਵਰਚੁਅਲੀ ਸੰਬੋਧਨ ਕੀਤਾ

ਨਵੀਂ ਦਿੱਲੀ- ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਆਸਟਰੇਲੀਆ ਨੂੰ ਭਾਰਤ ਦੇ ਹਿੰਦ-ਪ੍ਰਸ਼ਾਂਤ ਸਾਗਰੀ ਪਹਿਲਕਦਮੀ (ਆਈਪੀਆਓਆਈ) ਦਾ ‘ਮੁੱਢਲਾ ਤੇ ਜ਼ੋਰਦਾਰ ਹਮਾਇਤੀ’ ਦੱਸਦਿਆਂ ਤਾਰੀਫ਼ ਕੀਤੀ ਹੈ। ਜੈਸ਼ੰਕਰ ਨੇ ਕਿਹਾ ਕਿ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੇ ਹੁਣ ਨਵੀਂ ਰਫ਼ਤਾਰ ਫੜੀ ਹੈ ਤੇ ਇਕ ਨਵੇਂ ਸਿਖਰ ਵੱਲ ਵਧ ਰਹੇ ਹਨ। ਵਿਦੇਸ਼ ਮੰਤਰੀ ਇਥੇ ਆਸਟਰੇਲੀਆ-ਭਾਰਤ ਲੀਡਰਸ਼ਿਪ ਸੰਵਾਦ 2022 ਨੂੰ ਵਰਚੁਅਲੀ ਸੰਬੋਧਨ ਕਰ ਰਹੇ ਸਨ।

ਜੈਸ਼ੰਕਰ ਨੇ ਕਿਹਾ ਕਿ ਅਪਰੈਲ ਮਹੀਨੇ ਸਿਰੇ ਚੜ੍ਹੇ ਆਰਥਿਕ ਸਹਿਯੋਗ ਤੇ ਵਪਾਰ ਸਮਝੌਤੇ ਨਾਲ ਦੋਵਾਂ ਮੁਲਕਾਂ ਦਰਮਿਆਨ 20 ਅਰਬ ਅਮਰੀਕੀ ਡਾਲਰ ਤੋਂ ਵੱਧ ਦਾ ਵਪਾਰ ਅਤੇ 25 ਅਰਬ ਡਾਲਰ ਦਾ ਨਿਵੇਸ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਵਿਦਿਆਰਥੀਆਂ ਲਈ ਆਸਟਰੇਲੀਆ ਪ੍ਰਮੁੱਖ ਸਿੱਖਿਆ ਮੰਜ਼ਿਲ ਹੈ। ਇਸ ਵੇਲੇ ਇਕ ਲੱਖ ਤੋਂ ਵੱਧ ਵਿਦਿਆਰਥੀ ਉਥੇ ਸਿੱਖਿਆ ਹਾਸਲ ਕਰ ਰਹੇੇ ਹਨ। ਆਸਟਰੇਲੀਆ ਵਿੱਚ ਅਨੁਮਾਨਿਤ 7.2 ਲੱਖ ਭਾਰਤੀ ਭਾਈਚਾਰੇ ਦੇ ਲੋਕ ਹਨ, ਜੋ ਦੋਵਾਂ ਮੁਲਕਾਂ ਲਈ ਤਾਕਤ ਦਾ ਸਰੋਤ ਹਨ। ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ, ‘‘ਅਸਲ ਵਿੱਚ ਰਾਜਨੀਤੀ ਅਤੇ ਰਣਨੀਤੀ ਦੇ ਖੇਤਰ ਵਿੱਚ ਸਭ ਤੋਂ ਤੇਜ਼ ਤਬਦੀਲੀ ਹੋਈ ਹੈ। ਵਧ ਰਹੇ ਮੇਲ-ਮਿਲਾਪ ਦਾ ਬਹੁਤਾ ਹਿੱਸਾ ਖੇਤਰ ਦੀ ਸਥਿਰਤਾ, ਖੁਸ਼ਹਾਲੀ ਅਤੇ ਸੁਰੱਖਿਆ ਬਾਰੇ ਚਿੰਤਾਵਾਂ ਉੱਤੇ ਆਧਾਰਿਤ ਹੈ।’’ ਜੈਸ਼ੰਕਰ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਕਾਨੂੰਨ ਅਤੇ ਨਿਯਮ-ਆਧਾਰਿਤ ਹੁਕਮਾਂ ਦੇ ਸਨਮਾਨ ਬਾਰੇ ਉਨ੍ਹਾਂ ਦੇ ਸਾਂਝੇ ਫ਼ਿਕਰਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, ‘‘ਦੋਵਾਂ ਮੁਲਕਾਂ ਨੇ ਆਸੀਆਨ ਦੀ ਅਗਵਾਈ ਵਾਲੇ ਮੰਚਾਂ, ਰਾਸ਼ਟਰਮੰਡਲ, ਇੰਡੀਅਨ ਓਸ਼ੀਅਨ ਰਿਮ ਐਸੋਸੀਏਸ਼ਨ ਆਦਿ ਵਿੱਚ ਲੰਮਾ ਸਮਾਂ ਗੱਲਬਾਤ ਕੀਤੀ ਹੋ ਸਕਦੀ ਹੈ, ਪਰ ਮਜ਼ਬੂਤ ​​ਲੀਡਰਸ਼ਿਪ ਅਤੇ ਵਧੇਰੇ ਖੁੱਲ੍ਹੇ ਆਦਾਨ-ਪ੍ਰਦਾਨ ਨੇ ਨਜ਼ਦੀਕੀ ਸਹਿਯੋਗ ਅਤੇ ਤਾਲਮੇਲ ਦੇ ਪਰਸਪਰ ਲਾਭ ਨੂੰ ਸਾਹਮਣੇ ਲਿਆਂਦਾ ਹੈ।’’