ਆਸਟਰੇਲੀਆ ਨੇ ਸ੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾਇਆ

ਆਸਟਰੇਲੀਆ ਨੇ ਸ੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾਇਆ

ਪੰਜ ਵਾਰ ਦੇ ਚੈਂਪੀਅਨ ਨੇ ਦਰਜ ਕੀਤੀ ਪਹਿਲੀ ਜਿੱਤ
ਲਖਨਊ- ਲੈੱਗ ਸਪਿੰਨਰ ਐਡਮ ਜ਼ਾਂਪਾ (47 ਦੌੜਾਂ ਦੇ ਕੇ ਚਾਰ ਵਿਕਟਾਂ) ਅਤੇ ਕਪਤਾਨ ਪੈਟ ਕਮਿੰਸ (32 ਦੌੜਾਂ ਦੇ ਕੇ ਦੋ ਵਿਕਟਾਂ) ਦੀ ਅਗਵਾਈ ਹੇਠ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹਮਲਾਵਰ ਬੱਲੇਬਾਜ਼ੀ ਦੀ ਬਦੌਲਤ ਪੰਜ ਵਾਰ ਦੇ ਚੈਂਪੀਅਨ ਆਸਟਰੇਲੀਆ ਨੇ ਅੱਜ ਇੱਥੇ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਵਿੱਚ ਸ੍ਰੀਲੰਕਾ ਨੂੰ 88 ਦੌੜਾਂ ਬਾਕੀ ਰਹਿੰਦਿਆਂ ਪੰਜ ਵਿਕਟਾਂ ਨਾਲ ਹਰਾ ਦਿੱਤਾ। ਤਿੰਨ ਮੈਚਾਂ ਵਿੱਚ ਆਸਟਰੇਲੀਆ ਦੀ ਇਹ ਪਹਿਲੀ ਜਿੱਤ ਹੈ ਅਤੇ ਟੀਮ ਅੰਕ ਸੂਚੀ ਵਿੱਚ ਅੱਠਵੇਂ ਸਥਾਨ ’ਤੇ ਪਹੁੰਚ ਗਈ ਹੈ। ਸ੍ਰੀਲੰਕਾ ਲਗਾਤਾਰ ਤੀਜੀ ਹਾਰ ਤੋਂ ਬਾਅਦ ਨੌਵੇਂ ਸਥਾਨ ’ਤੇ ਹੈ। ਸ੍ਰੀਲੰਕਾ ਦੀ ਪਾਰੀ ਨੂੰ 43.3 ਓਵਰਾਂ ’ਚ 209 ਦੌੜਾਂ ’ਤੇ ਸਮੇਟਣ ਤੋਂ ਬਾਅਦ ਆਸਟਰੇਲੀਆ ਨੇ 35.2 ਓਵਰਾਂ ’ਚ ਪੰਜ ਵਿਕਟਾਂ ਦੇ ਨੁਕਸਾਨ ’ਤੇ 215 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਆਸਟਰੇਲੀਆ ਲਈ ਸਲਾਮੀ ਬੱਲੇਬਾਜ਼ ਮਿਚੇਲ ਮਾਰਸ਼ (51 ਗੇਂਦਾਂ ਵਿੱਚ 52 ਦੌੜਾਂ) ਅਤੇ ਜੋਸ਼ ਇੰਗਲਿਸ (59 ਗੇਂਦਾਂ ਵਿੱਚ 58 ਦੌੜਾਂ) ਦੀਆਂ ਪਾਰੀਆਂ ਖੇਡੀਆਂ ਜਦਕਿ ਗਲੈਨ ਮੈਕਸਵੈਲ ਨੇ 21 ਗੇਂਦਾਂ ਵਿੱਚ ਨਾਬਾਦ 31 ਅਤੇ ਮਾਰਨ ਲਾਬੂਸ਼ੇਨ ਨੇ 50 ਦੌੜਾਂ ਦਾ ਯੋਗਦਾਨ ਪਾਇਆ। ਸ੍ਰੀਲੰਕਾ ਲਈ ਦਿਲਸ਼ਾਨ ਮਧੂਸ਼ੰਕਾ ਨੇ ਤਿੰਨ ਵਿਕਟਾਂ ਲਈਆਂ। ਦੁਨਿਥ ਵੇਲਾਲਾਗੇ ਨੂੰ ਵੀ ਇੱਕ ਸਫ਼ਲਤਾ ਮਿਲੀ।