ਆਸਟਰੇਲੀਆ ਦਾ ਪੁਰਾਤਨ ਵਿਰਾਸਤੀ ਪਿੰਡ ਬੈਲਰੇਟ

ਆਸਟਰੇਲੀਆ ਦਾ ਪੁਰਾਤਨ ਵਿਰਾਸਤੀ ਪਿੰਡ ਬੈਲਰੇਟ

ਬਲਵਿੰਦਰ ਸਿੰਘ ਭੁੱਲਰ

ਕਿਸੇ ਦੇਸ ਵੱਲੋਂ ਆਪਣੇ ਸੱਭਿਆਚਾਰ ਤੇ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਅਜਿਹੀ ਵਿਰਾਸਤ ਨੂੰ ਵੇਖ ਕੇ ਉਸ ਦੇਸ਼ ਦੇ ਲੋਕਾਂ ਨੂੰ ਆਪਣਾ ਪਿਛੋਕੜ ਯਾਦ ਰਹਿੰਦਾ ਹੈ, ਕੀਤੇ ਵਿਕਾਸ ਦੀ ਭਰਪੂਰ ਜਾਣਕਾਰੀ ਮਿਲਦੀ ਰਹਿੰਦੀ ਹੈ ਅਤੇ ਭਵਿੱਖ ਵਿੱਚ ਵਿਕਾਸ ਦੀ ਪ੍ਰੇਰਨਾ ਵੀ ਮਿਲਦੀ ਹੈ। ਜਿਹੜਾ ਦੇਸ਼ ਆਪਣੀ ਵਿਰਾਸਤ ਨੂੰ ਭੁੱਲ ਜਾਂਦਾ ਹੈ, ਉਸ ਦੀਆਂ ਅਗਲੀਆਂ ਪੀੜ੍ਹੀਆਂ ਆਪਣੀ ਆਜ਼ਾਦੀ ਗੁਆ ਕੇ ਗ਼ੁਲਾਮੀ ਵਾਲੇ ਰਸਤੇ ਤੁਰ ਪੈਂਦੀਆਂ ਹਨ। ਸੱਭਿਆਚਾਰ ਤੇ ਪੁਰਾਤਨ ਵਿਰਾਸਤ ਨੂੰ ਯਾਦ ਰੱਖਣ ਲਈ ਬਣਾਏ ਜਾਂਦੇ ਅਜਾਇਬਘਰਾਂ ਵਿੱਚ ਵੀ ਅਸਲ ਵਿਰਾਸਤ ਦੀ ਝਲਕ ਨਹੀਂ ਮਿਲਦੀ। ਪੁਰਾਣੀਆਂ ਇਮਾਰਤਾਂ ਜਾਂ ਯਾਦਗਾਰਾਂ ਨੂੰ ਢਾਹ ਕੇ ਨਵੀਂ ਉਸਾਰੀ ਕਰਨ ਨਾਲ ਉਨ੍ਹਾਂ ਦੀ ਅਸਲ ਦਿੱਖ ਖ਼ਤਮ ਹੋ ਜਾਂਦੀ ਹੈ ਜਿਸ ਨਾਲ ਪੁਰਾਤਨ ਵਿਰਾਸਤ ਤੋਂ ਦੂਰੀ ਬਣਦੀ ਜਾਂਦੀ ਹੈ। ਅਸਲ ਵਿਰਾਸਤ ਨੂੰ ਸੰਭਾਲਣ ਦਾ ਢੰਗ ਤਰੀਕਾ ਆਸਟਰੇਲੀਆ ਵਿੱਚ ਮਿਲਿਆ ਜਿਸ ਨੇ ਸਦੀਆਂ ਤੋਂ ਲੈ ਕੇ ਅੱਜ ਤੱਕ ਦੇ ਵਿਕਾਸ ਦੀ ਕਹਾਣੀ ਪੇਸ਼ ਕੀਤੀ ਹੋਈ ਹੈ।

ਮੈਂ ਆਪਣੇ ਪੁੱਤਰ ਕੋਲ ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਗਿਆ ਸੀ। ਇਸ ਦੇਸ਼ ਦੇ ਵੱਡੇ ਸ਼ਹਿਰ ਮੈਲਬਰਨ ਵਿਖੇ ਸਾਡਾ ਦੋਹਤਾ ਰਹਿੰਦਾ ਹੈ। ਮੈਂ ਤੇ ਮੇਰਾ ਪੁੱਤਰ ਉਸ ਨੂੰ ਮਿਲਣ ਗਏ ਤਾਂ ਮੈਂ ਆਪਣੇ ਸੁਭਾਅ ਅਨੁਸਾਰ ਵੱਖ ਵੱਖ ਥਾਵਾਂ ਵੇਖਣ ਦੀ ਇੱਛਾ ਜ਼ਾਹਰ ਕੀਤੀ। ਭਾਵੇਂ ਦੋਹਤੇ ਨੇ ਸਾਨੂੰ ਕਈ ਇਤਿਹਾਸਕ ਤੇ ਸੁੰਦਰ ਥਾਵਾਂ ਦੇ ਦਰਸ਼ਨ ਕਰਵਾਏ, ਪਰ ਮੈਨੂੰ ਸਭ ਤੋਂ ਵਧੀਆ ਪਿੰਡ ਬੈਲਰੇਟ ਲੱਗਾ। ਇੱਕ ਦਿਨ ਸੁਬ੍ਹਾ ਉੱਠਦਿਆਂ ਹੀ ਉਸ ਨੇ ਜਲਦੀ ਤਿਆਰ ਹੋਣ ਲਈ ਕਿਹਾ ਕਿ ਅੱਜ ਮੈਲਬਰਨ ਤੋਂ ਬਾਹਰ ਘੁੰਮਣ ਚੱਲਣਾ ਹੈ। ਅਸੀਂ ਨਹਾ ਧੋ ਕੇ, ਨਾਸ਼ਤਾ ਕਰਕੇ ਕਾਰ ਰਾਹੀਂ ਚੱਲ ਪਏ। ਤਕਰੀਬਨ ਘੰਟੇ ਕੁ ਦੇ ਸਫ਼ਰ ਤੋਂ ਬਾਅਦ ਮੈਂ ਪੁੱਛਿਆ ਕਿ ਕਿੰਨੀ ਕੁ ਦੂਰ ਅਤੇ ਕਿਸ ਜਗ੍ਹਾ ਜਾਣਾ ਹੈ? ਉਸ ਨੇ ਦੱਸਿਆ ਕਿ ਇੱਕ ਪੁਰਾਤਨ ਇਤਿਹਾਸਕ ਪਿੰਡ ਬੈਲਰੇਟ ਪਹੁੰਚਣਾ ਹੈ ਅਤੇ ਹੋਰ ਘੰਟੇ ਕੁ ਦਾ ਸਫ਼ਰ ਹੈ।

ਆਸਟਰੇਲੀਆ ਦੇ ਸ਼ਹਿਰ ਮੈਲਬਰਨ ਤੋਂ ਕਰੀਬ 110 ਕਿਲੋਮੀਟਰ ਦੂਰ ਪਹਾੜੀ ਸੋਵਰਨ ਹਿੱਲ ਦੇ ਸਿਖ਼ਰ ’ਤੇ ਹੈ ਇਹ ਸ਼ਹਿਰ ਬੈਲਰੇਟ। ਅੰਗਰੇਜ਼ਾਂ ਨੇ ਸੈਂਕੜੇ ਸਾਲ ਪਹਿਲਾਂ ਜਦੋਂ ਇਸ ਦੇਸ਼ ’ਤੇ ਕਬਜ਼ਾ ਕਰ ਲਿਆ ਤਾਂ ਉਨ੍ਹਾਂ ਨੇ ਇਸ ਪਹਾੜੀ ਦੇ ਹੇਠਾਂ ਸੋਨਾ ਹੋਣ ਦਾ ਪਤਾ ਲਗਾਇਆ। ਫਿਰ ਉਨ੍ਹਾਂ ਨੇ ਤਕਰੀਬਨ 1838 ਵਿੱਚ ਇੱਥੇ ਇੱਕ ਪਿੰਡ ਵਸਾਇਆ ਜਿਸਦਾ ਨਾਂ ਬੈਲਰੇਟ ਰੱਖਿਆ। ਇਸ ਪਿੰਡ ਵਿੱਚ ਸੋਨਾ ਕੱਢਣ ਲਈ ਖਾਣਾਂ ਪੁੱਟਣ ਵਾਸਤੇ ਮਜ਼ਦੂਰ ਲਿਆਂਦੇ, ਉਨ੍ਹਾਂ ਲਈ ਲੱਕੜ ਦੇ ਛੋਟੇ ਛੋਟੇ ਘਰ ਬਣਾਏ। ਇਨ੍ਹਾਂ ਛੋਟੇ ਘਰਾਂ ਤੋਂ ਤਾਂ ਇਹ ਅੰਦਾਜ਼ਾ ਵੀ ਲੱਗਦਾ ਹੈ ਕਿ ਮਜ਼ਦੂਰੀ ਕਰਵਾਉਣ ਲਈ ਉਨ੍ਹਾਂ ਨੇ ਗ਼ੁਲਾਮ ਜਾਂ ਕੈਦੀ ਹੀ ਲਿਆਂਦੇ ਹੋਣਗੇ। ਖਾਣਾਂ ਪੁੱਟਣ ਲਈ ਲੋੜੀਂਦੇ ਲੋਹੇ ਦੇ ਸੰਦ ਬਣਾਉਣ ਲਈ ਲੁਹਾਰ ਅਤੇ ਲੱਕੜ ਦੇ ਸੰਦ ਤੇ ਅੰਗਰੇਜ਼ ਅਫ਼ਸਰਾਂ ਲਈ ਘਰ, ਦਫ਼ਤਰ, ਮੇਜ਼ ਕੁਰਸੀਆਂ, ਤਾਂਗੇ, ਬੱਘੀਆਂ, ਮ੍ਰਿਤਕ ਸਰੀਰ ਲਈ ਤਾਬੂਤ ਤੇ ਹੋਰ ਲੋੜੀਂਦਾ ਸਮਾਨ ਬਣਾਉਣ ਲਈ ਤਰਖਾਣ ਆਦਿ ਲਿਆ ਕੇ ਵਸਾਏ। ਡੇਢ ਸਦੀ ਤੋਂ ਵੀ ਵੱਧ ਸਮਾਂ ਲੰਘ ਜਾਣ ਦੇ ਬਾਵਜੂਦ ਅੱਜ ਵੀ ਉਸ ਸ਼ਹਿਰ ਬੈਲਰੇਟ ਨੂੰ ਉਸੇ ਪੁਰਾਤਨ ਦਿੱਖ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ। ਆਸਟਰੇਲੀਆਈ ਸਰਕਾਰ ਜਾਂ ਲੋਕਾਂ ਨੇ ਸਾਡੇ ਦੇਸ਼ ਵਾਂਗ ਇਤਿਹਾਸ ਤੇ ਯਾਦਗਾਰਾਂ ਨੂੰ ਸੰਗਮਰਮਰ ਤੇ ਪੱਥਰਾਂ ਹੇਠ ਨਹੀਂ ਦਬਾਇਆ ਸਗੋਂ ਉਨ੍ਹਾਂ ਦੀ ਮੂਲ ਰੂਪ ਵਿੱਚ ਸੰਭਾਲ ਕੀਤੀ ਹੋਈ ਹੈ। ਗਹੁ ਨਾਲ ਵਾਚਣ ’ਤੇ ਪ੍ਰਤੱਖ ਹੋਇਆ, ਕਿਵੇਂ ਅੰਗਰੇਜ਼ਾਂ ਨੇ ਇਹ ਪਿੰਡ ਵਸਾਇਆ ਤੇ ਤਰੱਕੀ ਦਾ ਰਾਹ ਖੋਲ੍ਹਿਆ। ਸਬੂਤ ਵਜੋਂ ਅਜਿਹਾ ਹਰ ਸਾਮਾਨ ਇੱਥੇ ਸੰਭਾਲ ਕੇ ਰੱਖਿਆ ਹੋਇਆ ਹੈ। ਛੋਟਾ ਜਿਹਾ ਸਕੂਲ, ਚਰਚ ਆਦਿ ਵੀ ਬਣਾਏ। ਅੰਗਰੇਜ਼ਾਂ ਨੇ ਖਾਣਾਂ ਦੀ ਪੁਟਾਈ ਕਰਵਾਈ, ਸੋਨਾ ਕੱਢਿਆ ਤੇ ਆਪਣੀ ਆਰਥਿਕ ਹਾਲਤ ਵਿੱਚ ਸੁਧਾਰ ਕੀਤਾ। ਸਮਾਂ ਲੰਘਦਾ ਗਿਆ, ਵਿਕਾਸ ਹੁੰਦਾ ਗਿਆ, ਹੁਣ ਇਸ ਪਿੰਡ ਵਾਲੀ ਥਾਂ ਦੇ ਨਾਲ ਲੱਗਦਾ ਇੱਕ ਵੱਡਾ ਸ਼ਹਿਰ ਵੀ ਬਣ ਗਿਆ ਹੈ। ਇਹੋ ਉੱਥੋਂ ਦੀ ਖਾਸੀਅਤ ਵੇਖੀ ਕਿ ਪੁਰਾਤਨ ਪਿੰਡ ਦੇ ਨਾਲ ਲਗਦਾ ਵੱਡਾ ਸ਼ਹਿਰ ਤਾਂ ਵਸਾ ਲਿਆ, ਪਰ ਉਸ ਪਿੰਡ ਵਿੱਚ ਕੋਈ ਤਬਦੀਲੀ ਨਹੀਂ ਕੀਤੀ। ਆਸਟਰੇਲੀਆ ਵੱਲੋਂ ਇਸ ਪਿੰਡ ਦੀ ਕੀਤੀ ਸੰਭਾਲ ਹੈਰਾਨ ਕਰਨ ਵਾਲੀ ਹੈ। ਗ਼ਰੀਬੀ ਦੀ ਹਾਲਤ ਦਰਸਾਉਂਦੇ ਮਜ਼ਦੂਰਾਂ ਦੇ ਛੋਟੇ ਛੋਟੇ ਲੱਕੜ ਦੇ ਘਰ, ਖੂਹ ਆਦਿ ਸੰਭਾਲੇ ਹੋਏ ਹਨ। ਲੁਹਾਰ ਤੇ ਤਰਖਾਣਾਂ ਦੇ ਸੰਦ ਬਣਾਉਣ ਵਾਲੇ ਛੋਟੇ ਕਾਰਖਾਨੇ ਕਾਇਮ ਹਨ। ਸਦੀਆਂ ਪੁਰਾਣੀਆਂ ਲੋਹੇ ਦੀਆਂ ਵਸਤਾਂ ਉਸੇ ਤਰ੍ਹਾਂ ਰੱਖੀਆਂ ਹੋਈਆਂ ਹਨ। ਅੱਜ ਵੀ ਲੁਹਾਰ ਨੇ ਉਸੇ ਪੁਰਾਣੇ ਢੰਗ ਤਰੀਕੇ ਨਾਲ ਕੰਮ ਚਾਲੂ ਰੱਖਿਆ ਹੋਇਆ ਹੈ, ਭੱਠੀਆਂ ਵਿੱਚ ਸਰੀਆ ਲੋਹਾ ਗਰਮ ਕਰਕੇ ਲੋਕਾਂ ਦੇ ਸਾਹਮਣੇ ਕੁੱਟ ਕੁੱਟ ਕੇ ਸਮਾਨ ਤਿਆਰ ਕੀਤਾ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਲੁਹਾਰ ਨੇ ਆਪਣਾ ਲਿਬਾਸ ਵੀ ਪੁਰਾਣੇ ਜ਼ਮਾਨੇ ਦਾ ਰੱਖਿਆ ਹੋਇਆ ਹੈ ਤਾਂ ਜੋ ਪੁਰਾਤਨ ਸਮੇਂ ਨੂੰ ਹੂ-ਬ-ਹੂ ਪੇਸ਼ ਕੀਤਾ ਜਾ ਸਕੇ। ਉਹ ਦਰਸ਼ਕਾਂ ਨੂੰ ਜਾਣਕਾਰੀ ਵੀ ਦਿੰਦਾ ਹੈ ਤੇ ਕੰਮ ਵੀ ਕਰਦਾ ਹੈ। ਇਸੇ ਤਰ੍ਹਾਂ ਤਰਖਾਣ ਲੱਕੜ ਦੇ ਪਹੀਏ, ਤਾਂਗੇ, ਬੱਘੀਆਂ ਬਣਾ ਰਿਹਾ ਹੁੰਦਾ ਹੈ, ਉਸ ਨੇ ਵੀ ਨਵੇਂ ਵਸਤਰ ਜੀਨ ਟੀ ਸ਼ਰਟ ਨਹੀਂ ਪਹਿਨੇ, ਉਹ ਪੁਰਾਣੀ ਦਿੱਖ ਵਾਲੇ ਕੱਪੜੇ ਪਾਏ ਹੋਏ ਹਨ ਅਤੇ ਚਿਹਰਾ ਮੋਹਰਾ ਵੀ ਉਸੇ ਤਰ੍ਹਾਂ ਦਾ ਬਣਾਇਆ ਹੋਇਆ ਹੈ। ਪੁਰਾਣੀਆਂ ਬੱਘੀਆਂ ਤੇ ਤਾਂਗੇ ਆਦਿ ਸੰਭਾਲ ਕੇ ਖੜ੍ਹੇ ਕੀਤੇ ਹੋਏ ਹਨ। ਨਵੇਂ ਤਾਂਗੇ ਆਦਿ ਵੀ ਤਿਆਰ ਕੀਤੇ ਜਾ ਰਹੇ ਹਨ।

ਪਿੰਡ ਦਾ ਗੇੜਾ ਲਾਉਂਦੇ ਅਸੀਂ ਸੋਨੇ ਦੀ ਖਾਣ ਕੋਲ ਪਹੁੰਚੇ ਜਿਸ ਨੂੰ ਵੇਖਣ ਲਈ ਟਿਕਟ ਲੈਣੀ ਪੈਂਦੀ ਹੈ। ਫਿਰ ਦਰਸ਼ਕ ਤਾਰ ਸਹਾਰੇ ਚੱਲਣ ਵਾਲੀ 75 ਕੁ ਵਿਅਕਤੀਆਂ ਦੇ ਬੈਠਣ ਵਾਲੀ ਰੇਲ ਗੱਡੀ ਵਿੱਚ ਬੈਠਦੇ ਹਨ। ਅਸੀਂ ਇਸ ’ਤੇ ਬੈਠੇ ਤਾਂ ਘੁੱਪ ਹਨੇਰੇ ਵਿਚਦੀ ਇਹ ਰੇਲ ਬਹੁਤ ਡੂੰਘਾਈ ’ਤੇ ਧਰਤੀ ਵਿੱਚ ਚਲੀ ਗਈ। ਉੱਥੋਂ ਤੁਰ ਕੇ ਸੋਨੇ ਦੀ ਖਾਣ ਵਿਖਾਈ ਗਈ ਜੋ ਚੂਹੇ ਦੀ ਖੱਡ ਵਾਂਗ ਬਹੁਤ ਲੰਬੀ ਤੇ ਵਲ੍ਹ ਖਾਂਦੀ ਹੈ। ਕਰਮਚਾਰੀ ਜਾਣਕਾਰੀ ਦਿੰਦੇ ਰਹੇ ਕਿ ਕਿਵੇਂ ਸੋਨਾ ਭਾਲਿਆ ਜਾਂਦਾ ਸੀ ਅਤੇ ਉੱਥੋਂ ਸੋਨੇ ਰਲਿਆ ਰੇਤਾ ਮਿੱਟੀ ਆਦਿ ਕਿਵੇਂ ਡਰੰਮਾਂ ਵਿੱਚ ਭਰ ਕੇ ਤਾਰਾਂ ਨਾਲ ਖਿੱਚ ਕੇ ਧਰਤੀ ਤੋਂ ਬਾਹਰ ਲਿਆਂਦਾ ਜਾਂਦਾ ਸੀ। ਹੁਣ ਇਸ ਖਾਣ ਵਿੱਚ ਮੱਧਮ ਜਿਹੀ ਰੌਸ਼ਨੀ ਦਾ ਪ੍ਰਬੰਧ ਕੀਤਾ ਹੋਇਆ ਹੈ। ਰੌਸ਼ਨੀ ਨਾਲ ਕਿਤੇ ਕਿਤੇ ਪੱਥਰ ਵਿੱਚ ਸੋਨੇ ਦੀ ਝਲਕ ਵੀ ਵਿਖਾਈ ਦਿੰਦੀ ਹੈ, ਪਰ ਉਸ ਨੂੰ ਦੂਰ ਤੋਂ ਖੜ੍ਹ ਕੇ ਹੀ ਵੇਖਿਆ ਜਾ ਸਕਦਾ ਹੈ। ਜਦੋਂ ਖਾਣ ਦੀ ਪੁਟਾਈ ਕੀਤੀ ਉਸ ਸਮੇਂ ਤਾਂ ਬਿਜਲੀ ਨਹੀਂ ਸੀ ਹੁੰਦੀ, ਕੰਧਾਂ ’ਤੇ ਮਸ਼ਾਲਾਂ ਬਾਲ ਕੇ ਚਾਨਣ ਕੀਤਾ ਜਾਂਦਾ ਸੀ। ਜਾਣਕਾਰੀ ਦੇਣ ਉਪਰੰਤ ਸਾਨੂੰ ਫਿਰ ਛੋਟੀ ਜਿਹੀ ਤਾਰ ਸਹਾਰੇ ਚੱਲਣ ਵਾਲੀ ਰੇਲ ਰਾਹੀਂ ਬਾਹਰ ਲਿਆਂਦਾ।

ਪੁਰਾਣੇ ਪਿੰਡ ਵਿਚਦੀ ਮਜ਼ਦੂਰਾਂ ਦੇ ਘਰਾਂ ਕੋਲ ਦੀ ਲੰਘਣ ਵਾਲਾ ਕੱਚਾ ਖਾਲ ਹੈ ਜਿਸ ਵਿੱਚ ਬੱਜਰੀ ਰੇਤਾ ਤੇ ਚਲਦਾ ਪਾਣੀ ਚਲਦਾ ਹੈ। ਇਸ ਕੋਲ ਬੇਲਚੇ ਤੇ ਛਾਣਨੀਆਂ ਰੱਖੀਆਂ ਹੋਈਆਂ ਹਨ। ਅੱਜ ਵੀ ਦਰਸ਼ਕ ਇੱਥੋਂ ਛਾਣਨੀ ਨਾਲ ਪਾਣੀ ਰੇਤਾ ਛਾਣਦੇ ਸੋਨੇ ਦੀ ਤਲਾਸ਼ ਕਰਦੇ ਹਨ। ਕਿਸੇ ਨਾ ਕਿਸੇ ਨੂੰ ਸੋਨੇ ਦਾ ਕੋਈ ਕਿਣਕਾ ਮਿਲ ਵੀ ਜਾਂਦਾ ਹੈ, ਉਹ ਲੱਭਣ ਵਾਲੇ ਦਾ ਹੀ ਹੁੰਦਾ ਹੈ। ਜਦੋਂ ਅਸੀਂ ਉੱਥੇ ਪਹੁੰਚੇ ਤਾਂ ਦਰਜਨਾਂ ਨੌਜਵਾਨ ਮੁੰਡੇ ਕੁੜੀਆਂ ਰੇਤਾ ਛਾਣ ਕੇ ਸੋਨਾ ਲੱਭ ਰਹੇ ਸਨ। ਸਾਨੂੰ ਵੀ ਕਈਆਂ ਨੇ ਸੋਨਾ ਲੱਭਣ ਦਾ ਸੁਝਾਅ ਦਿੱਤਾ, ਪਰ ਅਸੀਂ ਸਮੇਂ ਦੀ ਘਾਟ ਹੋਣ ਕਾਰਨ ਅਜਿਹਾ ਨਾ ਕਰ ਸਕੇ। ਅਜਿਹੇ ਸੋਨੇ ਦੇ ਕਿਣਕੇ ਸ਼ੀਸ਼ੀਆਂ ਵਿੱਚ ਬੰਦ ਕੀਤੇ ਹੋਏ ਦੁਕਾਨ ਤੋਂ ਵੀ ਮੁੱਲ ਮਿਲਦੇ ਹਨ। ਇੱਥੋਂ ਨਿਕਲੇ ਸੁੱਧ ਸੋਨੇ ਦੇ ਟੌਪਸ ਆਦਿ ਵੀ ਮੁੱਲ ਮਿਲਦੇ ਹਨ। ਦੋ ਘੋੜਿਆਂ ਵਾਲੀ ਇੱਕ ਬੱਘੀ ਇਸ ਪਿੰਡ ਦੀਆਂ ਪੁਰਾਣੀਆਂ ਗਲੀਆਂ ਵਿਚਦੀ ਚੱਕਰ ਕੱਢਦੀ ਰਹਿੰਦੀ ਹੈ ਜਿਸ ’ਤੇ ਦਰਸ਼ਕ ਕਿਰਾਇਆ ਦੇ ਕੇ ਆਨੰਦ ਮਾਣਦੇ ਹਨ। ਇਸ ਸਥਾਨ ਤੋਂ ਆਸ-ਪਾਸ ਦੀਆਂ ਦਰਖਤਾਂ ਤੇ ਹਰਿਆਵਲ ਨਾਲ ਭਰੀਆਂ ਪਹਾੜੀਆਂ ਦਾ ਦ੍ਰਿਸ਼ ਵੀ ਮਨਮੋਹਕ ਵਿਖਾਈ ਦਿੰਦਾ ਹੈ।

ਇਸ ਪੁਰਾਤਨ ਪਿੰਡ ਨੂੰ ਵੇਖਣ ਲਈ ਦੇਸ਼-ਵਿਦੇਸ਼ ਤੋਂ ਦਰਸ਼ਕ ਪਹੁੰਚਦੇ ਹਨ। ਸਕੂਲਾਂ ਕਾਲਜਾਂ ਦੇ ਵਿਦਿਆਰਥੀ ਵਿਸ਼ੇਸ਼ ਤੌਰ ’ਤੇ ਟੂਰ ਪ੍ਰੋਗਰਾਮ ਬਣਾ ਕੇ ਆਉਂਦੇ ਹਨ।

ਆਸਟਰੇਲੀਆ ਨੇ ਕਈ ਸੈਂਕੜੇ ਸਾਲ ਪੁਰਾਣੇ ਪਿੰਡ ਨੂੰ ਵਿਰਾਸਤ ਵਜੋਂ ਸੰਭਾਲ ਕੇ ਬਹੁਤ ਸ਼ਾਨਦਾਰ ਉੱਦਮ ਕੀਤਾ ਹੋਇਆ ਹੈ ਜਿਸ ਦੀ ਦਾਦ ਦੇਣੀ ਬਣਦੀ ਹੈ। ਇਸ ਪਿੰਡ ਦਾ ਦੌਰਾ ਕਰਕੇ ਪਤਾ ਲੱਗਦਾ ਹੈ ਕਿ ਸਦੀਆਂ ਪਹਿਲਾਂ ਪਿੰਡ, ਦੇਸ਼ ਦਾ ਵਿਕਾਸ ਕਿਹੋ ਜਿਹਾ ਸੀ, ਲੋਕ ਕਿਵੇਂ ਹੱਥੀਂ ਮਿਹਨਤ ਕਰਦੇ ਸਨ ਅਤੇ ਅੱਜ ਮਸ਼ੀਨੀ ਯੁੱਗ ਨੇ ਲੋਕਾਂ ਦੇ ਜੀਵਨ ਨੂੰ ਕਿਹੋ ਜਿਹਾ ਬਣਾ ਦਿੱਤਾ ਹੈ। ਇਹ ਪਿੰਡ ਅੱਜ ਵੀ ਉਦੋਂ ਦੇ ਮਜ਼ਦੂਰਾਂ ਦੀ ਹਾਲਤ ਨੂੰ ਬਿਆਨ ਕਰਦਾ ਹੈ। ਇਸ ਤੋਂ ਇਹ ਵੀ ਪ੍ਰਤੱਖ ਹੁੰਦਾ ਹੈ, ਸਦੀਆਂ ਪਹਿਲਾਂ ਵੀ ਅਤੇ ਅੱਜ ਵੀ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਹਾਲਤ ਤਾਂ ਤਰਸਯੋਗ ਹੀ ਰਹੀ ਹੈ। ਅਸੀਂ ਮਹਿਸੂਸ ਕੀਤਾ ਕਿ ਵਿਰਾਸਤਾਂ ਨੂੰ ਅਜੋਕੇ ਢੰਗ ਨਾਲ ਸੁੰਦਰ ਤੇ ਲਿਸ਼ਕਵੇਂ ਬਣਾਉਣ ਦੀ ਬਜਾਏ ਇਸ ਤਰੀਕੇ ਨਾਲ ਸੰਭਾਲ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਅਗਲੀਆਂ ਪੀੜ੍ਹੀਆਂ ਅਸਲੀਅਤ ਤੋਂ ਜਾਣੂ ਹੋ ਸਕਣ।