ਆਸਟਰੇਲੀਅਨ ਓਪਨ: ਬੋਪੰਨਾ-ਐਬਡੇਨ ਕੁਆਰਟਰ ਫਾਈਨਲ ’ਚ

ਆਸਟਰੇਲੀਅਨ ਓਪਨ: ਬੋਪੰਨਾ-ਐਬਡੇਨ ਕੁਆਰਟਰ ਫਾਈਨਲ ’ਚ

ਕੂਲਹੋਫ ਤੇ ਮੈਕਟਿਕ ਦੀ ਜੋੜੀ ਨੂੰ 7-6, 7-6 ਨਾਲ ਹਰਾਇਆ
ਮੈਲਬਰਨ- ਭਾਰਤ ਦੇ ਰੋਹਨ ਬੋਪੰਨਾ ਅਤੇ ਉਸ ਦੇ ਆਸਟਰੇਲਿਆਈ ਜੋੜੀਦਾਰ ਮੈਥਿਊ ਐਬਡੇਨ ਅੱਜ ਇੱਥੇ ਨੈਦਰਲੈਂਡਜ਼ ਦੇ ਵੇਸਲੇ ਕੂਲਹੋਫ ਅਤੇ ਕ੍ਰੋਏਸ਼ੀਆ ਦੇ ਨਿਕੋਲਾ ਮੈਕਟਿਕ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਭਾਰਤ ਅਤੇ ਆਸਟਰੇਲੀਆ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਨੇ ਕੂਲਹੋਫ ਅਤੇ ਮੈਕਟਿਕ ਦੀ ਸਾਬਕਾ ਵਿਸ਼ਵ ਨੰਬਰ ਇਕ ਜੋੜੀ ਖ਼ਿਲਾਫ਼ 7-6, 7-6 ਨਾਲ ਜਿੱਤ ਦਰਜ ਕੀਤੀ। ਬੋਪੰਨਾ ਅਤੇ ਐਬਡੇਨ ਦੀ ਜੋੜੀ ਨੇ ਦੋਵਾਂ ਸੈੱਟਾਂ ਦੀ ਸ਼ੁਰੂਆਤ ਵਿੱਚ ਸਰਵਿਸ ਗੁਆ ਦਿੱਤੀ ਪਰ 14ਵਾਂ ਦਰਜਾ ਪ੍ਰਾਪਤ ਜੋੜੀ ਖ਼ਿਲਾਫ਼ ਵਾਪਸੀ ਕਰਦਿਆਂ ਜਿੱਤ ਦਰਜ ਕੀਤੀ। ਬੋਪੰਨਾ ਅਤੇ ਐਬਡੇਨ ਕੁਆਰਟਰ ਫਾਈਨਲ ਵਿੱਚ ਛੇਵਾਂ ਦਰਜਾ ਪ੍ਰਾਪਤ ਅਰਜਨਟੀਨਾ ਦੀ ਮੈਕਸਿਮੋ ਗੋਂਜ਼ਾਲੇਜ਼ ਅਤੇ ਆਂਦਰੇਸ ਮੋਲਤੇਨੀ ਦੀ ਜੋੜੀ ਨਾਲ ਭਿੜਨਗੇ। ਇਸੇ ਤਰ੍ਹਾਂ ਦਾਨਿਲ ਮੇਦਵੇਦੇਵ ਨੇ ਪੁਰਸ਼ ਸਿੰਗਲਜ਼ ਵਰਗ ਵਿੱਚ ਨੂਨੋ ਬੋਰਗੇਸ ਨੂੰ 6-3, 7-6, 5-7, 6-1 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਡਾਇਨਾ ਯਾਸਤ੍ਰੇਮਸਕਾ ਅਤੇ ਲਿੰਡਾ ਨੋਸਕੋਵਾ ਵੀ ਪਹਿਲੀ ਵਾਰ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਆਖਰੀ ਅੱਠ ਵਿੱਚ ਪਹੁੰਚਣ ਵਿੱਚ ਸਫਲ ਰਹੀਆਂ।