ਆਸਕਰ ਵਿੱਚ ‘ਓਪਨਹਾਈਮਰ’ ਦੀ ਧਮਾਲ

ਆਸਕਰ ਵਿੱਚ ‘ਓਪਨਹਾਈਮਰ’ ਦੀ ਧਮਾਲ

ਲਾਸ ਏਂਜਲਸ: ਇੱਥੇ 96ਵੇਂ ਅਕੈਡਮੀ ਐਵਾਰਡਜ਼ ਵਿੱਚ ਸਭ ਤੋਂ ਵਧੀਆ ਫ਼ਿਲਮ ਦਾ ਖ਼ਿਤਾਬ ‘ਓਪਨਹਾਈਮਰ’ ਨੂੰ ਮਿਲਿਆ ਹੈ। ਕ੍ਰਿਸਟੋਫਰ ਨੋਲਨ ਨੇ ਇਸ ਫਿਲਮ ਲਈ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਜਿੱਤਿਆ ਹੈ। ਫ਼ਿਲਮ ‘ਓਪਨਹਾਈਮਰ’ ਨੇ ਸੱਤ ਵਰਗਾਂ ਵਿੱਚ ਪੁਰਸਕਾਰ ਜਿੱਤੇ ਹਨ। ਰੌਬਰਟ ਡਾਊਨੀ ਜੂਨੀਅਰ ਨੇ ਓਪਨਹਾਈਮਰ ’ਚ ਸਰਵੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਜਿੱਤਿਆ। ਭਾਰਤ ਵਿੱਚ ਝਾਰਖੰਡ ਦੇ ਇੱਕ ਪਿੰਡ ਦੀ ਘਟਨਾ ’ਤੇ ਆਧਾਰਿਤ ਦਸਤਾਵੇਜ਼ੀ ਫੀਚਰ ਫ਼ਿਲਮ ‘ਟੂ ਕਿੱਲ ਏ ਟਾਈਗਰ’ ਆਸਕਰ ਐਵਾਰਡ ਦੇ ਨੇੜੇ ਪਹੁੰਚਣ ਮਗਰੋਂ ਪੁਰਸਕਾਰ ਦੀ ਦੌੜ ਵਿੱਚੋਂ ਬਾਹਰ ਹੋ ਗਈ। ਇਸ ਸ਼੍ਰੇਣੀ ਵਿੱਚ ‘20 ਡੇਜ਼ ਇਨ ਮਾਰਿਊਪੋਲ’ ਨੇ ਖਿਤਾਬ ਆਪਣੇ ਨਾਮ ਕੀਤਾ। ਕ੍ਰਿਸਟੋਫਰ ਨੋਲਨ ਦੀ ਬਲਾਕਬਸਟਰ ਬਾਓਪਿਕ ਫਿਲਮ ‘ਓਪਨਹਾਈਮਰ’ ਵਿੱਚ ਪਰਮਾਣੂ ਬੰਬ ਬਣਾਉਣ ਵਾਲੇ ਵਿਅਕਤੀ ਦਾ ਕਿਰਦਾਰ ਨਿਭਾਉਣ ਲਈ ਸਿਲੀਅਨ ਮਰਫੀ ਨੂੰ ਆਪਣਾ ਪਹਿਲਾ ਆਸਕਰ ਪੁਰਸਕਾਰ ਮਿਲਿਆ ਹੈ। ਉਸ ਨੇ ਜੇ. ਰੌਬਰਟ ਓਪਨਹਾਈਮਰ ਵਜੋਂ ਆਪਣੀ ਸ਼ਾਨਦਾਰ ਅਦਾਕਾਰੀ ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਹਾਸਲ ਕੀਤਾ ਹੈ। ਫ਼ਿਲਮ ਦੀ ਕਹਾਣੀ ਦੱਸਦੀ ਹੈ ਕਿ ਕਿਵੇਂ ਲਾਸ ਅਲਾਮੋਸ ਵਿੱਚ ਓਪਨਹਾਈਮਰ ਅਤੇ ਉਸ ਦੇ ਸਾਥੀਆਂ ਨੇ 16 ਜੁਲਾਈ 1945 ਨੂੰ ਪਰਮਾਣੂ ਬੰਬ ਦਾ ਪਰੀਖਣ ਕੀਤਾ। ਸਰਵੋਤਮ ਅਦਾਕਾਰਾ ਦਾ ਆਸਕਰ ਪੁਰਸਕਾਰ ਐਮਾ ਸਟੋਨ (35) ਨੂੰ ਮਿਲਿਆ। ਉਸ ਨੂੰ ਫ਼ਿਲਮ ‘ਪੂਅਰ ਥਿੰਗਸ’ ਵਿੱਚ ਨਿਭਾਈ ਭੂਮਿਕਾ ਨਿਭਾਉਣ ਬਦਲੇ ਇਹ ਐਵਾਰਡ ਮਿਲਿਆ। ਇਹ ਉਸ ਦਾ ਦੂਜਾ ਆਸਕਰ ਪੁਰਸਕਾਰ ਹੈ। ਉਸ ਨੂੰ 2019 ਵਿੱਚ ‘ਲਾ ਲਾ ਲੈਂਡ’ ਲਈ ਵੀ ਆਸਕਰ ਮਿਲਿਆ ਸੀ। ਪੁਰਸਕਾਰ ਸਮਾਰੋਹ ਦੀ ਮੇਜ਼ਬਾਨੀ ਜਿੰਮੀ ਕਿਮੇਲ ਨੇ ਕੀਤੀ। ਇਸ ਦੌਰਾਨ ‘ਬਾਰਬੀ’ ਫ਼ਿਲਮ ਨੇ ਸਿਨੇਮੈਟੋਗ੍ਰਾਫੀ ਅਤੇ ਐਡਿਟਿੰਗ ਦਾ ਪੁਰਸਕਾਰ ਜਿੱਤਿਆ। ਯੂਕਰੇਨੀ ਫ਼ਿਲਮ ਨਿਰਮਾਤਾ ਮਿਸਤੀਸਲਾਬ ਚੇਨਾਰਵ ਦੀ ‘20 ਡੇਜ਼ ਇਨ ਮਾਰਿਊਪੋਲ’ 2022 ਵਿੱਚ ਯੂਕਰੇਨ ’ਤੇ ਰੂਸ ਦੇ ਹਮਲੇ ਦੇ ਸ਼ੁਰੂਆਤੀ ਦਿਨਾਂ ਵਿੱਚ ਇੱਕ ਵਿਅਕਤੀ ਵੱਲੋਂ ਅੱਖੀਂ ਦੇਖੀ ਘਟਨਾ ’ਤੇ ਆਧਾਰਿਤ ਹੈ। ਫ਼ਿਲਮ ‘ਦਿ ਜ਼ੋਨ ਆਫ ਇੰਟਰੱਸਟ’ ਨੇ ਵੀ ਸਰਵੋਤਮ ਅੰਤਰਰਾਸ਼ਟਰੀ ਫ਼ਿਲਮ ਦਾ ਆਸਕਰ ਪੁਰਸਕਾਰ ਜਿੱਤਿਆ ਹੈ।