ਆਲਮੀ ਸਹਿਮਤੀ ਬਿਨਾਂ ਕ੍ਰਿਪਟੋ ਨੂੰ ਰੈਗੂਲੇਟ ਕਰਨ ਦਾ ਕੋਈ ਲਾਭ ਨਹੀਂ: ਸੀਤਾਰਾਮਨ

ਆਲਮੀ ਸਹਿਮਤੀ ਬਿਨਾਂ ਕ੍ਰਿਪਟੋ ਨੂੰ ਰੈਗੂਲੇਟ ਕਰਨ ਦਾ ਕੋਈ ਲਾਭ ਨਹੀਂ: ਸੀਤਾਰਾਮਨ

ਬੰਗਲੂਰੂ – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕ੍ਰਿਪਟੋ ਨੂੰ ਰੈਗੂਲੇਟ ਕਰਨ ਲਈ ਭਾਰਤ ਵੱਲੋਂ ਉਠਾਏ ਜਾਣ ਵਾਲੇ ਕਿਸੇ ਵੀ ਕਦਮ ਤੋਂ ਪਹਿਲਾਂ ਇਸ ’ਤੇ ਆਲਮੀ ਸਹਿਮਤੀ ਬਣਾਉਣ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ’ਤੇ ਆਲਮੀ ਖਾਕਾ ਬਣਾਉਣਾ ਪੈ ਸਕਦਾ ਹੈ। ‘ਸਾਰਿਆਂ ਨੂੰ ਮਿਲ ਕੇ ਇਸ ’ਤੇ ਕੰਮ ਕਰਨਾ ਹੋਵੇਗਾ, ਨਹੀਂ ਤਾਂ ਇਸ ਦੇ ਕਾਇਦੇ-ਕਾਨੂੰਨ ਬਣਾਉਣ ਦਾ ਕੋਈ ਲਾਭ ਨਹੀਂ ਹੋਵੇਗਾ।’ ਉਂਜ ਉਨ੍ਹਾਂ ਕਿਹਾ ਕਿ ਇਸ ਦਾ ਇਹ ਮਤਲਬ ਨਹੀਂ ਕਿ ‘ਵੰਡੀ ਹੋਈ ਲੈਜਰ ਤਕਨਾਲੋਜੀ’ ਨੂੰ ਕੰਟਰੋਲ ਕਰਨਾ ਹੈ। ਸੀਤਾਰਾਮਨ ਨੇ ਕਿਹਾ,‘‘ਭਾਰਤ ਦੀ ਜੀ-20 ਪ੍ਰਧਾਨਗੀ ’ਚ ਇਹ ਸਾਡੀ ਤਜਵੀਜ਼ ਸੀ। ਮੈਨੂੰ ਖੁਸ਼ੀ ਹੈ ਕਿ ਜੀ-20 ਨੇ ਇਸ ਨੂੰ ਮੌਜੂਦਾ ਵਰ੍ਹੇ ਦੇ ਆਪਣੇ ਏਜੰਡੇ ’ਚ ਰੱਖਿਆ ਹੈ। ਕੌਮਾਂਤਰੀ ਮੁਦਰਾ ਕੋਸ਼ ਨੇ ਕ੍ਰਿਪਟੋ ਕਰੰਸੀ ’ਤੇ ਇਕ ਪੇਪਰ ਦਿੱਤਾ ਹੈ। ਜੀ-20 ਵੱਲੋਂ ਬਣਾਇਆ ਵਿੱਤੀ ਸਥਿਰਤਾ ਬੋਰਡ ਇਕ ਰਿਪੋਰਟ ਦੇਣ ਲਈ ਸਹਿਮਤ ਹੋ ਗਿਆ ਹੈ ਜਿਸ ’ਚ ਵਿੱਤੀ ਸਥਿਰਤਾ ’ਤੇ ਵੀ ਧਿਆਨ ਕੇਂਦਰਿਤ ਕੀਤਾ ਜਾਵੇਗਾ।’’ ਕੇਂਦਰੀ ਵਿੱਤ ਮੰਤਰੀ ਇਥੇ ‘ਥਿੰਕਰਜ਼ ਫੋਰਮ, ਕਰਨਾਟਕ’ ਨਾਲ ਵਾਰਤਾ ਦੌਰਾਨ ਡਿਜੀਟਲ ਜਾਂ ਕ੍ਰਿਪਟੋ ਕਰੰਸੀ ਰੈਗੂਲੇਟ ਕਰਨ ਦੇ ਸਵਾਲ ਦਾ ਜਵਾਬ ਦੇ ਰਹੇ ਸਨ। ਵਿੱਤ ਮੰਤਰੀ ਨੇ ਦੱਸਿਆ ਕਿ ਨਿਵੇਸ਼ਕਾਂ ਵੱਲੋਂ ਸਖ਼ਤ ਮਿਹਨਤ ਨਾਲ ਕਮਾਏ ਗਏ ਪੈਸੇ ਨੂੰ ਬਚਾਉਣ ਲਈ ਪੌਂਜ਼ੀ ਐਪਸ ’ਤੇ ਨੱਥ ਪਾਉਣ ਦੀਆਂ ਕੋਸ਼ਿਸ਼ਾਂ ਆਰੰਭ ਦਿੱਤੀਆਂ ਗਈਆਂ ਹਨ।