ਆਲਮੀ ਢਾਂਚੇ ’ਚ ਪਰਵਾਸੀ ਭਾਰਤੀ ਅਹਿਮ ਤਾਕਤ: ਮੁਰਮੂ

ਆਲਮੀ ਢਾਂਚੇ ’ਚ ਪਰਵਾਸੀ ਭਾਰਤੀ ਅਹਿਮ ਤਾਕਤ: ਮੁਰਮੂ

ਰਾਸ਼ਟਰਪਤੀ ਨੇ ਪਰਵਾਸੀ ਭਾਰਤੀ ਦਿਵਸ ਸੰਮੇਲਨ ’ਚ ਕੀਤੀ ਸ਼ਿਰਕਤ
ਇੰਦੌਰ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਵਿਦੇਸ਼ਾਂ ’ਚ ਰਹਿ ਰਿਹਾ ਭਾਰਤੀ ਭਾਈਚਾਰਾ ਆਲਮੀ ਢਾਂਚੇ ਵਿਚ ਇਕ ਮਹੱਤਵਪੂਰਨ ਤੇ ਵਿਲੱਖਣ ਤਾਕਤ ਬਣ ਗਿਆ ਹੈ। ਇੱਥੇ ਪਰਵਾਸੀ ਭਾਰਤੀ ਦਿਵਸ ਸੰਮੇਲਨ ਮੌਕੇ ਇਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਮੁਰਮੂ ਨੇ ਵੱਖ-ਵੱਖ ਖੇਤਰਾਂ ਵਿਚ ਤਰੱਕੀ ਕਰਨ ਲਈ ਪਰਵਾਸੀ ਭਾਰਤੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸਾਰੇ ਆਪਣੀ ਮਿਹਨਤ ਤੇ ਦ੍ਰਿੜ੍ਹ ਇਰਾਦੇ ਨਾਲ ਸਫ਼ਲ ਹੋਏ ਹਨ। ਰਾਸ਼ਟਰਪਤੀ ਨੇ ਕਿਹਾ ਕਿ ਵਿਦੇਸ਼ਾਂ ਵਿਚ ਭਾਰਤੀ ਭਾਈਚਾਰਾ ਹਰ ਖੇਤਰ ’ਚ ਪੂਰੀ ਊਰਜਾ ਨਾਲ ਅੱਗੇ ਵੱਧ ਰਿਹਾ ਹੈ ਤੇ ਆਤਮ ਵਿਸ਼ਵਾਸ ਨਾਲ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀਆਂ ਨੇ ਬੇਮਿਸਾਲ ਸਮਰਪਣ ਤੇ ਸਖ਼ਤ ਮਿਹਨਤ ਨਾਲ ਕਈ ਚੁਣੌਤੀਆਂ ਸਰ ਕੀਤੀਆਂ ਹਨ। ਉਹ ਕਲਾ, ਸਾਹਿਤ, ਸਿਆਸਤ, ਕਾਰੋਬਾਰ, ਸਿੱਖਿਆ, ਵਿਗਿਆਨ-ਤਕਨੀਕੀ ਤੇ ਦਾਨ ਦੇ ਖੇਤਰ ਵਿਚ ਅੱਗੇ ਰਹੇ ਹਨ। ਇਸ ਮੌਕੇ ਰਾਸ਼ਟਰਪਤੀ ਨੇ ਚੋਣਵੀਆਂ ਸ਼ਖ਼ਸੀਅਤਾਂ ਨੂੰ ਪਰਵਾਸੀ ਭਾਰਤੀ ਪੁਰਸਕਾਰਾਂ ਨਾਲ ਵੀ ਨਿਵਾਜਿਆ। ਇਹ ਸਨਮਾਨ ਪਰਵਾਸੀ ਭਾਰਤੀਆਂ ਨੂੰ ਦੇਸ਼-ਵਿਦੇਸ਼ ਵਿਚ ਹਾਸਲ ਕੀਤੀਆਂ ਉਨ੍ਹਾਂ ਦੀਆਂ ਉਪਲਬਧੀਆਂ ਲਈ ਦਿੱਤੇ ਗਏ ਹਨ। ਇਸ ਮੌਕੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਨਾਗਰਿਕ ਹਵਾਬਾਜ਼ੀ ਬਾਰੇ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਰਾਸ਼ਟਰਪਤੀ ਮੁਰਮੂ ਨੇ ਸੂਰੀਨਾਮ ਦੇ ਰਾਸ਼ਟਰਪਤੀ ਚੰਦਰਿਕਾਪ੍ਰਸਾਦ ਸੰਤੋਖੀ ਤੇ ਗੁਆਨਾ ਦੇ ਰਾਸ਼ਟਰਪਤੀ ਇਰਫ਼ਾਨ ਅਲੀ ਨਾਲ ਰਸਮੀ ਮੁਲਾਕਾਤ ਕੀਤੀ। ਉਨ੍ਹਾਂ ਮੁਲਕਾਂ ਵਿਚਾਲੇ ਸਬੰਧ ਤੇ ਸਹਿਯੋਗ ਮਜ਼ਬੂਤ ਕਰਨ ਦੇ ਵੱਖ-ਵੱਖ ਪੱਖਾਂ ’ਤੇ ਵਿਚਾਰ-ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਅਲੀ ਇਸ ਸੰਮੇਲਨ ਦੇ ਮੁੱਖ ਮਹਿਮਾਨ ਹਨ।