ਆਲਮੀ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਦੇ ਯਤਨ ਕਰ ਰਿਹੈ ਭਾਰਤ: ਮੋਦੀ

ਆਲਮੀ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਦੇ ਯਤਨ ਕਰ ਰਿਹੈ ਭਾਰਤ: ਮੋਦੀ

ਪ੍ਰਧਾਨ ਮੰਤਰੀ ਨੇ ਰੁਜ਼ਗਾਰ ਮੇਲਾ ਲਾਂਚ ਕੀਤਾ; ਭਾਸ਼ਣ ’ਚ ਮਹਿੰਗਾਈ ਤੇ ਬੇਰੁਜ਼ਗਾਰੀ ਦੀ ਸਮੱਸਿਆ ਦਾ ਜ਼ਿਕਰ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਸ ਲੱਖ ਲੋਕਾਂ ਨੂੰ ਨੌਕਰੀਆਂ ਦੇਣ ਲਈ ‘ਰੁਜ਼ਗਾਰ ਮੇਲਾ’ ਲਾਂਚ ਕੀਤਾ ਹੈ। ਇਸ ਰਾਹੀਂ ਸਰਕਾਰ ਵੱਲੋਂ ਪਿਛਲੇ ਅੱਠ ਸਾਲਾਂ ਦੌਰਾਨ ਨੌਕਰੀਆਂ ਪੈਦਾ ਕਰਨ ਲਈ ਕੀਤੇ ਯਤਨਾਂ ਨੂੰ ਵੀ ਉਭਾਰਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਲਗਾਤਾਰ ਬੇਰੁਜ਼ਗਾਰੀ ਦੇ ਮੁੱਦੇ ’ਤੇ ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ। ਪਹਿਲੇ ਗੇੜ ਵਿਚ 75 ਹਜ਼ਾਰ ਤੋਂ ਵੱਧ ਲੋਕਾਂ ਨੂੰ ਨਿਯੁਕਤੀ ਪੱਤਰ ਸੌਂਪਣ ਤੋਂ ਬਾਅਦ ਭਾਸ਼ਣ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਮੰਨਿਆ ਕਿ ਅਰਥਚਾਰੇ ਅੱਗੇ ਚੁਣੌਤੀਆਂ ਹਨ ਤੇ ਪੂਰੀ ਦੁਨੀਆ ਵਿਚ ਕਈ ਦੇਸ਼ ਰਿਕਾਰਡ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਇਸ ਸਥਿਤੀ ਵਿਚੋਂ ਨਿਕਲਣ ਦਾ ਹਰ ਸੰਭਵ ਯਤਨ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਇਹ ਸੱਚ ਹੈ ਕਿ ਆਲਮੀ ਪੱਧਰ ’ਤੇ ਹਾਲਾਤ ਬਹੁਤੇ ਚੰਗੇ ਨਹੀਂ ਹਨ। ਕਈ ਵੱਡੇ ਅਰਥਚਾਰੇ ਸੰਘਰਸ਼ ਕਰ ਰਹੇ ਹਨ। ਕਈ ਮੁਲਕਾਂ ਵਿਚ ਮਹਿੰਗਾਈ ਤੇ ਬੇਰੁਜ਼ਗਾਰੀ ਸਿਖ਼ਰਾਂ ਉਤੇ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਇਹ ਨਹੀਂ ਸੋਚ ਸਕਦਾ ਕਿ ਕੋਵਿਡ ਵਰਗੀ ਮਹਾਮਾਰੀ ਜੋ ਸਦੀ ਵਿਚ ਕਿਤੇ ਇਕ ਵਾਰ ਆਉਂਦੀ ਹੈ, ਦੇ ਅਸਰ 100 ਦਿਨਾਂ ਵਿਚ ਖ਼ਤਮ ਹੋ ਜਾਣਗੇ। ਉਨ੍ਹਾਂ ਮੰਨਿਆ ਕਿ ਸੰਕਟ ਡੂੰਘਾ ਤੇ ਆਲਮੀ ਹੈ, ਹਰ ਥਾਂ ਇਸ ਦਾ ਅਸਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਭਾਰਤ ਨਵੇਂ ਉਪਰਾਲੇ ਕਰ ਰਿਹਾ ਹੈ ਤੇ ਦੇਸ਼ ਨੂੰ ਇਨ੍ਹਾਂ ਮੁਸ਼ਕਲਾਂ ਤੋਂ ਬਚਾਉਣ ਲਈ ਕੁਝ ਜੋਖ਼ਮ ਚੁੱਕ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਹਾਲੇ ਤੱਕ ਬਚਾਅ ਹੈ। ਮੋਦੀ ਨੇ ਇਸ ਮੌਕੇ ਸਰਕਾਰ ਵੱਲੋਂ ਨਿਰਮਾਣ, ਬੁਨਿਆਦੀ ਢਾਂਚੇ ਤੇ ਸੈਰ-ਸਪਾਟਾ ਖੇਤਰਾਂ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਚੁੱਕੇ ਗਏ ਕਦਮਾਂ ਦਾ ਵੀ ਜ਼ਿਕਰ ਕੀਤਾ। ਦੱਸਣਯੋਗ ਹੈ ਕਿ ਚੋਣਾਂ ਵਾਲੇ ਕਈ ਸੂਬਿਆਂ ਵਿਚ ਵਿਰੋਧੀ ਧਿਰ ਭਾਜਪਾ ਨੂੰ ਬੇਰੁਜ਼ਗਾਰੀ ਦੇ ਮੁੱਦੇ ਉਤੇ ਘੇਰ ਰਹੀ ਹੈ। ਇਸੇ ਦੌਰਾਨ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਸਤਨਾ ਵਿਚ ‘ਪ੍ਰਧਾਨ ਮੰਤਰੀ ਅਵਾਸ ਯੋਜਨਾ’ ਦੇ ਲਾਭਪਾਤਰੀਆਂ ਨੂੰ ਆਨਲਾਈਨ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਕੀਮ ਦੇਸ਼ ਵਿਚ ਸਮਾਜਿਕ-ਆਰਥਿਕ ਬਦਲਾਅ ਦਾ ਵੱਡਾ ਮਾਧਿਅਮ ਬਣ ਗਈ ਹੈ। ਰੁਜ਼ਗਾਰ ਮੇਲੇ ਤਹਿਤ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਵੀ ਆਈਸੀਐਫ ਚੇਨਈ ਵਿਚ ਨਵੇਂ ਚੁਣੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਊਧਮਪੁਰ ਵਿਚ ਵੀ ਕੇਂਦਰੀ ਮੰਤਰੀ ਅਜੈ ਭੱਟ ਵੱਲੋਂ ਨਿਯੁਕਤੀ ਪੱਤਰ ਸੌਂਪੇ ਗਏ।