ਆਰਥਿਕ, ਸਿਆਸੀ ਤੇ ਸਮਾਜਿਕ ਪਤਨ ਦਾ ਸ਼ਿਕਾਰ ਕੈਨੇਡਾ

ਆਰਥਿਕ, ਸਿਆਸੀ ਤੇ ਸਮਾਜਿਕ ਪਤਨ ਦਾ ਸ਼ਿਕਾਰ ਕੈਨੇਡਾ

ਦਰਬਾਰਾ ਸਿੰਘ ਕਾਹਲੋਂ

ਕੈਨੇਡਾ ਦੀ ਮੌਜੂਦਾ ਪੀੜ੍ਹੀ ਜਿਸ ਨੇ ਇਸ ਦੇਸ਼ ਨੂੰ ਸ਼ੁਰੂ ਵਿਚ ਖੁਸ਼ਹਾਲ, ਵਿਕਸਤ, ਖੂਬਸੂਰਤ, ਸਮਰੱਥ ਰਾਸ਼ਟਰ ਵਜੋਂ ਹੰਢਾਇਆ ਤੇ ਜਿਸ ਨੂੰ ਆਪਣੇ ਦੇਸ਼ ਦੀ ਮਜ਼ਬੂਤ ਆਰਥਿਕਤਾ, ਕਾਰੋਬਾਰ, ਖੁੱਲ੍ਹੇ ਤਾਕਤਵਰ ਬਾਜ਼ਾਰ, ਦੂਰਅੰਦੇਸ਼ ਰਾਜਨੀਤਕ ਲੀਡਰਸ਼ਿਪ, ਵਧੀਆ ਜਨਤਕ ਸੇਵਾਵਾਂ, ਸਮਾਜਿਕ ਇਕਜੁੱਟਤਾ ਅਤੇ ਖੇੜਿਆਂ ’ਤੇ ਮਾਣ ਸੀ, ਅੱਜ ਅਤਿ ਨਿਰਾਸ਼ਾ ਵਿਚ ਹੈ। ਭਵਿੱਖ ਦੀ ਪੀੜ੍ਹੀ ਦਾ ਜੋਖੋਂ ਭਰਿਆ, ਘੱਟ ਮਾਸਿਕ ਆਮਦਨ, ਬੇਰੁਜ਼ਗਾਰੀ ਨਾਲ ਲਬਰੇਜ਼, ਮਕਾਨ ਦੀ ਛੱਤ ਤੋਂ ਮਹਿਰੂਮੀਅਤ, ਵਧੀਆ ਸੇਵਾਵਾਂ ਦੀ ਘਾਟ, ਨਿਕੰਮੀ ਤੇ ਕੰਮ ਚਲਾਊ ਲੀਡਰਸ਼ਿਪ, ਉਤਪਾਦਨ ਤੇ ਨਿਵੇਸ਼ ਦੀ ਘਾਟ, ਮਨੁੱਖੀ ਹੁਨਰਮੰਦ ਸੇਵਾਵਾਂ ਵਿਚ ਕਮੀ, ਵਿਸ਼ਵ ਭਾਈਚਾਰੇ ਵਿਚ ਕੈਨੇਡੀਅਨ ਆਰਥਿਕਤਾ ਦੀ ਡਿੱਗਦੀ ਸਾਖ਼, ਮਿਆਰੀ ਸਿੱਖਿਆ, ਸਿਹਤ, ਸੜਕ, ਹਵਾਈ ਸੇਵਾਵਾਂ ਵਿਚ ਨਿਘਾਰ ਦਾ ਸਾਹਮਣਾ ਅੱਖਾਂ ਟੱਢੀ ਖੜ੍ਹਾ ਹੈ। ਇਨ੍ਹਾਂ ਦੀ ਸ਼ੁਰੂਆਤ ਕੋਵਿਡ-19 ਮਹਾਮਾਰੀ ਤੋਂ ਬਾਅਦ ਸ਼ੁਰੂ ਹੋ ਚੁੱਕੀ ਹੈ ਜੋ ਦੂਰਅੰਦੇਸ਼ ਰਾਜਨੀਤਕ, ਸਮਾਜਿਕ ਅਤੇ ਆਰਥਿਕ ਲੀਡਰਸ਼ਿਪ ਦੀ ਘਾਟ ਕਰ ਕੇ ਲਗਾਤਾਰ ਤੇਜ਼ੀ ਫੜ ਰਹੀ ਹੈ।

ਵਿਸ਼ਵ ਗਲੋਬ ’ਤੇ 1867 ਵਿਚ ਹੋਂਦ ਵਿਚ ਆਇਆ ਕੈਨੇਡਾ 1967 ਵਿਚ ਆਪਣੀ 100ਵੀਂ ਵਰ੍ਹੇਗੰਢ ਮੌਕੇ ਵਿਸ਼ਵ ਦੀ ਨੌਵੀਂ ਵੱਡੀ ਆਰਥਿਕਤਾ ਵਜੋਂ ਉੱਭਰ ਕੇ ਸਾਹਮਣੇ ਆਇਆ। ਇਸ ਦੀਆਂ ਨੰਬਰ ਇੱਕ ਸਿੱਖਿਆ, ਸਿਹਤ, ਆਵਾਜਾਈ, ਰੁਜ਼ਗਾਰ, ਘਟੋ-ਘੱਟ ਪ੍ਰਤੀ ਦਿਨ ਉਜਰਤ, ਬਿਹਤਰੀਨ ਮੁਢਲੀ ਢਾਂਚਾ ਵਿਵਸਥਾ, ਪੁਲੀਸ ਸੇਵਾਵਾਂ, ਇਮਾਨਦਾਰ ਤੇ ਵਚਨਬੱਧ ਪ੍ਰਸ਼ਾਸਨਕ ਕਾਰਕਰਦਗੀ ਦੀ ਵਿਸ਼ਵ ਪੱਧਰ ’ਤੇ ਧਾਕ ਜੰਮਣ ਲਗ ਪਈ। ਪਰਵਾਸੀਆਂ ਲਈ ਕੈਨੇਡਾ ਖਿੱਚ ਦਾ ਕਾਰਨ ਬਣਨ ਲੱਗਾ ਲੇਕਿਨ ਦੇਸ਼ ਅੰਦਰ ਦੂਰਅੰਦੇਸ਼ੀ, ਵਚਨਬੱਧਤਾ, ਹੁਨਰਮੰਦੀ ਰਹਿਤ ਰਾਜਨੀਤਕ ਲੀਡਰਸ਼ਿਪ ਦੀ ਨੀਰਸ ਅਤੇ ਨਿਕੰਮੀ ਅਗਵਾਈ ਕਰ ਕੇ 2017 ਵਿਚ ਜਦੋਂ ਕੈਨੇਡਾ ਨੇ ਆਪਣੀ 150ਵੀਂ ਵਰ੍ਹੇ ਗੰਢ ਮਨਾਈ ਤਾਂ ਇਸ ਦੀ ਆਰਥਿਕਤਾ ਤਰੱਕੀ ਕਰਨ ਦੀ ਬਜਾਇ ਪਤਨ ਦਾ ਸ਼ਿਕਾਰ ਹੁੰਦੀ ਵਿਸ਼ਵ ਅੰਦਰ 16ਵੇਂ ਸਥਾਨ ’ਤੇ ਜਾ ਡਿੱਗੀ। ਆਰਥਿਕ ਅਤੇ ਵਿੱਤੀ ਮਾਹਿਰਾਂ ਦੇ ਅੰਦਾਜ਼ੇ ਅਨੁਸਾਰ ਜੇ ਕੈਨੇਡਾ ਦੀ ਲੀਡਰਸ਼ਿਪ, ਆਰਥਿਕ, ਸਮਾਜਿਕ, ਕਾਰੋਬਾਰੀ, ਪੈਦਾਵਾਰੀ ਨੀਤੀਆਂ ਦਾ ਇਹੋ ਹਾਲ ਰਿਹਾ ਤਾਂ ਆਪਣੀ 200ਵੀਂ ਵਰ੍ਹੇਗੰਢ (2067) ਨੂੰ ਇਹ ਦੇਸ਼ 25ਵੇਂ ਸਥਾਨ ’ਤੇ ਜਾ ਡਿਗੇਗਾ। ਇਸ ਦਾ ਸ਼ੁਮਾਰ ਮਲੇਸ਼ੀਆ, ਦੱਖਣ ਕੋਰੀਆ ਅਤੇ ਥਾਈਲੈਂਡ ਵਰਗੇ ਦੇਸ਼ਾਂ ਵਿਚ ਹੋ ਜਾਵੇਗਾ। 2022 ਦੀ ਪੀਊ ਰਿਸਰਚ ਪੋਲ ਅਨੁਸਾਰ ਇਨ੍ਹਾਂ ਤਿੰਨਾਂ ਦੇਸ਼ਾਂ ਦੇ ਨਾਗਰਿਕ ਆਪਣੇ ਆਪ ਨੂੰ ਕੈਨੇਡਾ ਦੇ ਨਾਗਰਿਕਾਂ ਨਾਲੋਂ ਵਧੀਆ ਪੁਜ਼ੀਸ਼ਨ ਵਿਚ ਸਮਝਦੇ ਹਨ। ਸਪੱਸ਼ਟ ਹੈ ਕਿ ਜੋ ਲੋਕ ਅਤੇ ਨੌਜਵਾਨ ਵਿਦੇਸ਼ਾਂ ਵਿਚੋਂ ਕੈਨੇਡਾ ਵਿਚ ਆਉਣ ਲਈ ਲਾਈਨਾਂ ਵਿਚ ਲੱਗੇ ਉਡੀਕ ਕਰ ਰਹੇ ਹਨ, ਉਹ ਇਸ ਨਾਲੋਂ ਬਿਹਤਰ ਭਵਿੱਖ ਲਈ ਮਲੇਸ਼ੀਆ, ਥਾਈਲੈਂਡ, ਦੱਖਣੀ ਕੋਰੀਆ, ਵੀਅਤਨਾਮ ਵਰਗੇ ਤੇਜ਼ੀ ਨਾਲ ਵਿਕਾਸ, ਵਧੀਆ ਜਨਤਕ ਸੇਵਾਵਾਂ ਅਤੇ ਰੁਜ਼ਗਾਰ ਵਿਚ ਮੱਲਾਂ ਮਾਰ ਰਹੇ ਦੇਸ਼ਾਂ ਵੱਲ ਵਹੀਰਾਂ ਘੱਤਣਗੇ। ਹਕੀਕਤ ਇਹ ਵੀ ਹੈ ਕਿ ਅੱਜ ਪਰਵਾਸੀ ਵਿਦਿਆਰਥੀਆਂ ਦਾ 22 ਬਿਲੀਅਨ, ਸਾਲਾਨਾ ਧਨ ਰੁੱਕ ਜਾਵੇ ਤਾਂ ਸਵੇਰੇ ਹੀ ਕੈਨੇਡੀਅਨ ਆਰਥਿਕਤਾ ਧੜੱਮ ਥੱਲੇ ਡਿੱਗ ਪਵੇਗੀ।

ਦਰਅਸਲ, ਕਿਸੇ ਵੀ ਦੇਸ਼ ਦੇ ਲੋਕ ਜਦੋਂ ਹੰਢੇ-ਵਰਤੇ ਦੂਰਅੰਦੇਸ਼ ਸਿਧਾਂਤਵਾਦੀ ਰਾਜਨੀਤੀਵਾਨਾਂ ਦੀ ਅਗਵਾਈ ਵਿਚ ਸਥਿਰ ਸਰਕਾਰਾਂ ਨਹੀਂ ਚੁਣ ਸਕਦੇ ਤਾਂ ਨਤੀਜੇ ਨਿਸ਼ਚਤ ਤੌਰ ’ਤੇ ਨਿਰਾਸ਼ਾਵਾਦੀ ਅਤੇ ਅਸੁਰੱਖਿਆ ਭਰੇ ਨਿਕਲਦੇ ਹਨ। ਦੂਜੇ, ਜਦੋਂ ਲੋਕਤੰਤਰ ਅੰਦਰ ਲੋਕ ਆਪਣੀਆਂ ਸਥਾਨਕ, ਸੂਬਾਈ ਜਾਂ ਫੈਡਰਲ ਸਰਕਾਰਾਂ ਚੁਣਨ ਲਈ ਵੱਡੇ ਉਤਸ਼ਾਹ ਨਾਲ ਵੱਡੀ ਗਿਣਤੀ ਵਿਚ ਭਾਗ ਨਹੀਂ ਲੈਂਦੇ ਤਾਂ ਘੱਟਗਿਣਤੀ ਦੀਆਂ ਚੁਣੀਆਂ ਮਾਅਰਕੇਬਾਜ਼, ਅਵਸਰਵਾਦੀ, ਕੰਮ ਚਲਾਊ, ਘੱਟਗਿਣਤੀ ਜਾਂ ਬਾਹਰੀ ਫਹੁੜੀਆਂ ਦੇ ਸਹਾਰੇ ਚੱਲਣ ਵਾਲੀਆਂ ਸਰਕਾਰਾਂ ਤੋਂ ਕੀ ਭਾਲਦੇ ਹਨ?

ਕੈਨੇਡਾ ਰਾਜਨੀਤੀ ਦਾ ਦੁਖਾਂਤ ਜੋ ਇਸ ਦੇ ਆਰਥਿਕ ਪਤਨ ਲਈ ਜਿ਼ੰਮੇਵਾਰ ਹੈ, ਇਹ ਹੈ ਕਿ 2015 ਵਿਚ ਹਾਊਸ ਆਫ ਕਾਮਨਜ਼ ਲਈ 39.47 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ ਅਤੇ ਜੇਤੂ ਧਿਰ ਨੇ ਕੁੱਲ 338 ਵਿਚੋਂ 184 ’ਤੇ ਜਿੱਤ ਹਾਸਲ ਕੀਤੀ। 2019 ਵਿਚ 33.1 ਪ੍ਰਤੀਸ਼ਤ ਵੋਟਾਂ ਪਈਆਂ ਅਤੇ 157 ਸੀਟਾਂ ਨਾਲ ਜੇਤੂ ਧਿਰ ਅੱਗੇ ਆਈ। ਇਸੇ ਤਰ੍ਹਾਂ 2021 ਵਿਚ ਭਾਵੇਂ ਬਹੁਮਤ ਖਾਤਰ ਮੱਧਕਾਲੀ ਚੋਣਾਂ ਕਰਾਈਆਂ ਲੇਕਿਨ 32.6 ਪ੍ਰਤੀਸ਼ਤ ਵੋਟਾਂ ਸਹਾਰੇ 160 ਸੀਟਾਂ ਪ੍ਰਾਪਤ ਕੀਤੀਆਂ। 2019 ਅਤੇ 2021 ਵਿਚ ਜਸਟਿਨ ਟਰੂਡੋ ਦੀ ਘੱਟਗਿਣਤੀ ਸਰਕਾਰ ਨੂੰ ਐਨਡੀਪੀ ਦੀ ਬਾਹਰੀ ਹਮਾਇਤ ਲੈਣੀ ਪਈ। ਐਸੀ ਘੱਟਗਿਣਤੀ ਸਰਕਾਰ ਜੋ ਬਾਹਰੀ ਹਮਾਇਤ ਨਾਲ ਚੱਲਦੀ ਹੋਵੇ, ਉਸ ਤੋਂ ਕੈਨੇਡਾ ਦੇ ਲੋਕ ਕਿਵੇਂ ਵਧੀਆ ਸਰਕਾਰ ਭਾਲਦੇ ਹਨ? ਹੁਣ ਨਤੀਜਾ ਸਭ ਦੇ ਸਾਹਮਣੇ ਹੈ।

2012 ਵਿਚ ਸਿਰਫ ਕੈਨੇਡਾ ਦੇ 37 ਪ੍ਰਤੀਸ਼ਤ ਲੋਕ ਨਾਨੋਜ਼ ਸਰਵੇ ਅਨੁਸਾਰ ਇਹ ਮਤ ਰੱਖਦੇ ਸਨ ਕਿ ਉਨ੍ਹਾਂ ਦੀ ਅਗਲੀ ਪੀੜ੍ਹੀ ਦਾ ਭਵਿੱਖ, ਰਹਿਣ-ਸਹਿਣ ਦਾ ਮਿਆਰ, ਜਨਤਕ ਸੇਵਾਵਾਂ ਮੌਜੂਦਾ ਪੱਧਰ ਤੋਂ ਨੀਵੇਂ ਪੱਧਰ ’ਤੇ ਡਿੱਗ ਜਾਵੇਗੀ। 2022 ਵਿਚ ਪੀਊ ਰਿਸਰਚ ਦੇ ਸਰਵੇ ਅਨੁਸਾਰ 75 ਪ੍ਰਤੀਸ਼ਤ ਕੈਨੇਡੀਅਨ ਲੋਕਾਂ ਦਾ ਇਹ ਮਤ ਸੀ ਕਿ ਭਵਿੱਖੀ ਪੀੜ੍ਹੀ ਦਾ ਜੀਵਨ ਮਿਆਰ, ਸੇਵਾਵਾਂ ਦਾ ਪੱਧਰ, ਪ੍ਰਸ਼ਾਸਨਿਕ ਵਿਵਸਥਾ ਸ਼ਰਮਨਾਕ ਢੰਗ ਨਾਲ ਡਿੱਗ ਜਾਣਗੇ।

ਸਚਾਈ ਇਹ ਹੈ ਕਿ ਕੈਨੇਡਾ ਦੀਆਂ ਸਥਾਨਕ, ਸੂਬਾਈ ਤੇ ਫੈਡਰਲ ਸਰਕਾਰਾਂ ਭਾਰੀ ਟੈਕਸਾਂ ਰਾਹੀਂ ਆਮ ਅਤੇ ਮੱਧ ਵਰਗ ਦੇ ਪਰਿਵਾਰਾਂ ਦਾ ਰੱਤ ਨਿਚੋੜ ਰਹੀਆਂ ਹਨ ਅਤੇ ਅਤਿ ਨਾਕਸ ਸੇਵਾਵਾਂ ਦੇ ਰਹੀਆਂ ਹਨ। ਬੇਰੁਜ਼ਗਾਰੀ, ਘੱਟ ਉਜਰਤਾਂ, ਨਿੱਤ ਦਿਨ ਵਧਦੀ ਮਹਿੰਗਾਈ, ਘਰਾਂ ਦੀਆਂ ਕੀਮਤਾਂ ਅਸਮਾਨੀ ਚੜ੍ਹਨ, ਵੱਡੇ ਪੱਧਰ ’ਤੇ ਲੋਕਾਂ ਨੂੰ ਹੱਡ-ਚੀਰਵੀਂ ਸਰਦੀ ਵਿਚ ਅਸਥਾਈ ਤੰਬੂਆਂ ਜਾਂ ਪਬਲਿਕ ਥਾਵਾਂ ’ਤੇ ਰਹਿਣ ਲਈ ਮਜਬੂਰ ਹੋਣ ਕਰ ਕੇ ਦੇਸ਼ ਦੇ ਪ੍ਰਸ਼ਾਸਨ ਅਤੇ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੀ ਫੈਡਰਲ ਸਰਕਾਰ ਅਤੇ ਵੱਖ ਵੱਖ ਪਾਰਟੀਆਂ ਜਾਂ ਗਠਜੋੜਾਂ ਆਧਾਰਿਤ ਸੂਬਾਈ ਸਰਕਾਰਾਂ ਅਤੇ ਸਥਾਨਕ ਸਰਕਾਰਾਂ ਦਾ ਦੀਵਾਲਾ ਨਿਕਲਿਆ ਪਿਆ ਹੈ।

ਦੇਸ਼ ਟੁੱਟ ਰਿਹਾ ਹੈ। ਫਰੇਜ਼ਰ ਸੰਸਥਾ ਪੋਲ ਅਨੁਸਾਰ 74 ਪ੍ਰਤੀਸ਼ਤ ਕੈਨੇਡੀਅਨ ਸਮਝਦੇ ਹਨ ਕਿ ਔਸਤਨ ਪਰਿਵਾਰ ਵੱਧ ਟੈਕਸ ਦਾ ਸ਼ਿਕਾਰ ਹੈ। ਸਥਾਨਕ, ਸੂਬਾਈ ਅਤੇ ਫੈਡਰਲ ਸਰਕਾਰਾਂ ਟੈਕਸਾਂ ਰਾਹੀਂ ਪਰਿਵਾਰਾਂ ਦਾ ਕਚੂਮਰ ਕੱਢ ਰਹੀਆਂ ਹਨ। ਮਨੀਟੋਬਾ ਅਤੇ ਸਸਕੈਚਵਨ ਦੇ 79 ਪ੍ਰਤੀਸ਼ਤ, ਅਟਲਾਂਟਿਕ ਸੂਬਿਆਂ ਦੇ 77, ਕਿਊਬੈੱਕ ਦੇ 74, ਓਨਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਦੇ 73, ਅਲਬਰਟਾ ਦੇ 71 ਪ੍ਰਤੀਸ਼ਤ ਲੋਕ ਵਾਧੂ ਟੈਕਸਾਂ ਦਾ ਸ਼ਿਕਾਰ ਹੋਏ ਸਮਝਦੇ ਹਨ।

ਰਾਸ਼ਟਰੀ ਪੱਧਰ ’ਤੇ 80 ਪ੍ਰਤੀਸ਼ਤ ਔਸਤਨ ਪਰਿਵਾਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਸਾਲਾਨਾ ਆਮਦਨ ਦੇ 40 ਪ੍ਰਤੀਸ਼ਤ ਤੋਂ ਵੱਧ ਟੈਕਸ ਨਹੀਂ ਚਾਹੀਦਾ। 52 ਪ੍ਰਤੀਸ਼ਤ ਕਹਿੰਦੇ ਹਨ ਕਿ ਸਿਰਫ 25 ਪ੍ਰਤੀਸ਼ਤ ਚਾਹੀਦਾ ਹੈ। 2022 ਵਿਚ ਔਸਤ ਪਰਿਵਾਰ ਫੈਡਰਲ, ਸੂਬਾਈ, ਸਥਾਨਕ ਸਰਕਾਰਾਂ ਨੂੰ 45.2 ਪ੍ਰਤੀਸ਼ਤ ਟੈਕਸ ਦੇ ਰਿਹਾ ਹੈ। ਇਵਜ਼ ’ਚ ਸੇਵਾਵਾਂ ਰੱਦੀ। 1981 ਵਿਚ 40.8 ਪ੍ਰਤੀਸ਼ਤ ਟੈਕਸ ਸੀ ਪਰ ਸੇਵਾਵਾਂ ਬਹੁਤ ਉਮਦਾ ਸਨ। ਵਿਸ਼ਵ ਹੈਰਾਨ ਹੋਵੇਗਾ ਕੈਨੇਡੀਅਨ ਟੈਕਸਾਂ ਤੋਂ ਜਿਵੇਂ ਆਮਦਨ, ਜਾਇਦਾਦ, ਪੇਰੋਲ, ਕਾਰਬਨ, ਐਕਸਾਈਜ਼, ਸ਼ਰਾਬ, ਤੰਬਾਕੂ, ਮਨੋਰੰਜਨ, ਕੁਦਰਤੀ ਸੋਮੇ, ਜੀਐਸਟੀ, ਐਚਐਸਟੀ ਅਤੇ ਪੀਐਸਟੀ ਟੈਕਸ ਆਦਿ। ਤੁੰਬ ਰੱਖੇ ਹਨ ਕੈਨੇਡੀਅਨ।

ਇਸ ਸਦੀ ਦੇ ਅੰਤ ਤੱਕ ਕੈਨੇਡਾ ਨੂੰ ਮਜ਼ਬੂਤ ਮਾਰਕੀਟ ਅਤੇ ਆਰਥਿਕਤਾ ਲਈ ਮੌਜੂਦਾ 39.5 ਮਿਲੀਅਨ ਆਬਾਦੀ ਤੋਂ 100 ਮਿਲੀਅਨ ਲੋੜੀਂਦੀ ਹੈ। ਵਧੀਆ ਹੁਨਰਮੰਦ, ਉੱਤਮ ਤਕਨੀਕ ਨਾਲ ਲੈਸ ਕਾਮੇ ਅਤੇ ਵਿਸ਼ਵ ਪੱਧਰੀ ਸਰਵੋਤਮ ਤਕਨੀਕੀ, ਕਾਰੋਬਾਰੀ, ਵਿਗਿਆਨੀ, ਖੋਜੀ ਆਗੂ ਚਾਹੀਦੇ ਹਨ। 2030 ਤੱਕ 5.8 ਮਿਲੀਅਨ ਘਰ ਚਾਹੀਦੇ ਹਨ। 2.5 ਲੱਖ ਡਾਲਰ ਦਾ ਘਰ ਅੱਜ 15 ਤੋਂ 20 ਲੱਖ ਡਾਲਰ ਦਾ ਕਿਉਂ? ਕੀ 40 ਸਾਲ ਲੋਕ ਮਾਰਗੇਜ਼ ਉਤਾਰਦੇ ਮਰ ਜਾਣਗੇ, ਭਾਵ ਦੋ ਪੀੜ੍ਹੀਆਂ। ਹੋਸ਼ ਕਰਨ ਕੈਨੇਡੀਅਨ ਫੈਡਰਲ, ਸੂਬਾਈ ਅਤੇ ਸਥਾਨਕ ਸਰਕਾਰਾਂ। ਖੋਜਾਂ ਦਰਸਾ ਰਹੀਆਂ ਹਨ ਕਿ ਨੌਜਵਾਨ ਪੀੜ੍ਹੀ ਕਿਉਂ ਬੇਰੁਜ਼ਗਾਰੀ, ਘੱਟ ਉਜਰਤਾਂ, ਸ਼ੋਸ਼ਣ ਕਰ ਕੇ ਮਾਨਸਿਕ ਤੌਰ ’ਤੇ ਬਿਮਾਰ ਹੋ ਰਹੀ ਹੈ।

ਕੁਝ ਵੀ ਹੋਵੇ ਨਿੱਜੀ ਅਤੇ ਸਮਾਜਿਕ ਲਾਭਾਂ ਅਤੇ ਵਧੀਆ ਸੇਵਾਵਾਂ ਲਈ ਕੈਨੇਡਾ ਨੂੰ ਵਧੀਆ ਰਾਜਨੀਤਕ ਤੇ ਆਰਥਿਕ ਲੀਡਰਸ਼ਿਪ ਨੂੰ ਲੰਮੀ ਅਵਧੀ ਵਾਲੀਆਂ ਲਾਹੇਵੰਦ ਅਤੇ ਵਧੀਆ ਨੀਤੀਆਂ ਦਾ ਨਿਰਮਾਣ ਤੇ ਅਮਲ ਜ਼ਰੂਰੀ ਹੈ। ਮਹਾਨ, ਗਤੀਸ਼ੀਲ, ਸਰਵੋਤਮ ਕੈਨੇਡਾ ਦੀ ਉਸਾਰੀ ਅੱਜ ਹੀ ਗਤੀਸ਼ੀਲ, ਦਲੇਰਾਨਾ, ਧੜੱਲੇਦਾਰ ਨੀਤੀਆਂ ਘੜ ਕੇ ਤੁਰੰਤ ਅਮਲ ਦੀ ਲੋੜ ਹੈ।