ਆਰਗੇਨਾਈਜ਼ੇਸ਼ਨ ਸਿਖਰ ਸੰਮੇਲਨ – ਪ੍ਰਧਾਨ ਮੰਤਰੀ ਮੋਦੀ ਸਮਰਕੰਦ ਪੁੱਜੇ

ਖੇਤਰੀ ਸਹਿਯੋਗ ਅਤੇ ਭਖਦੇ ਮੁੱਦਿਆਂ ’ਤੇ ਹੋਵੇਗੀ ਚਰਚਾ; ਰੂਸ, ਚੀਨ ਅਤੇ ਪਾਕਿਸਤਾਨ ਸਮੇਤ ਹੋਰ ਮੁਲਕਾਂ ਦੇ ਮੁਖੀ ਵੀ ਲੈਣਗੇ ਹਿੱਸਾ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਅੱਜ ਉਜ਼ਬੇਕਿਸਤਾਨ ਦੇ ਸ਼ਹਿਰ ਸਮਰਕੰਦ ਪਹੁੰਚ ਗਏ ਹਨ। ਹਵਾਈ ਅੱਡੇ ’ਤੇ ਉਜ਼ਬੇਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਦੇ ਸਮਰਕੰਦ ਲਈ ਰਵਾਨਾ ਹੋਣ ਦੀ ਤਸਵੀਰ ਟਵਿੱਟਰ ’ਤੇ ਸਾਂਝੀ ਕਰਦਿਆਂ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਐੱਸਸੀਓ ਦੀਆਂ ਸਰਗਰਮੀਆਂ ਦੀ ਸਮੀਖਿਆ ਕਰਨ ਦਾ ਇਹ ਵਧੀਆ ਮੌਕਾ ਹੈ ਅਤੇ ਭਵਿੱਖ ਦੇ ਸਹਿਯੋਗ ਦੀਆਂ ਸੰਭਾਵਨਾਵਾਂ ਬਾਰੇ ਵੀ ਵਿਚਾਰ ਵਟਾਂਦਰਾ ਹੋਵੇਗਾ।

ਸਮਰਕੰਦ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ’ਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਨੂੰ ਲੈ ਕੇ ਉਤਸ਼ਾਹਿਤ ਹਨ। ਐੱਸਸੀਓ ਦੇ ਸਾਲਾਨਾ ਸੰਮੇਲਨ ’ਚ ਸ੍ਰੀ ਮੋਦੀ ਦੇ ਨਾਲ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਇਰਾਨੀ ਆਗੂ ਇਬਰਾਹਿਮ ਰਾਇਸੀ ਸਮੇਤ ਹੋਰ ਨੇਤਾ ਹਾਜ਼ਰ ਰਹਿਣਗੇ। ਪ੍ਰਧਾਨ ਮੰਤਰੀ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ਿਓਯੇਵ ਦੇ ਸੱਦੇ ’ਤੇ ਉਥੇ ਜਾ ਰਹੇ ਹਨ। ਸ੍ਰੀ ਮੋਦੀ ਨੇ ਕਿਹਾ ਕਿ ਉਜ਼ਬੇਕਿਸਤਾਨ ਦੀ ਚੇਅਰਮੈਨੀ ਹੇਠ ਵਪਾਰ, ਅਰਥਚਾਰੇ, ਸੱਭਿਆਚਾਰ ਅਤੇ ਸੈਰ-ਸਪਾਟੇ ਦੇ ਖੇਤਰਾਂ ’ਚ ਆਪਸੀ ਸਹਿਯੋਗ ਸਬੰਧੀ ਕਈ ਫ਼ੈਸਲੇ ਲਏ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਉਹ ਰਾਸ਼ਟਰਪਤੀ ਮਿਰਜ਼ਿਓਯੇਵ ਨਾਲ ਮੁਲਾਕਾਤ ਨੂੰ ਲੈ ਕੇ ਉਤਸ਼ਾਹਿਤ ਹਨ। ਉਨ੍ਹਾਂ 2019 ’ਚ ਉਜ਼ਬੇਕ ਰਾਸ਼ਟਰਪਤੀ ਦੇ ਗੁਜਰਾਤ ਦੌਰੇ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ। ਉਧਰ ਭਾਰਤ ਨੇ ਅੱਜ ਕਿਹਾ ਕਿ ਐੱਸਸੀਓ ਦੀ ਬੈਠਕ ’ਚ ਵਪਾਰ, ਸੰਪਰਕ, ਖੇਤਰੀ ਸਹਿਯੋਗ ਸਮੇਤ ਹੋਰ ਭਖਦੇ ਮੁੱਦਿਆਂ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ੍ਰੀ ਮੋਦੀ ਦੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਬਾਰੇ ਜਿਵੇਂ ਹੀ ਦੁਵੱਲੀ ਮੀਟਿੰਗਾਂ ਦਾ ਪ੍ਰੋਗਰਾਮ ਜਾਰੀ ਹੋਵੇਗਾ ਤਾਂ ਉਸ ਦੀ ਜਾਣਕਾਰੀ ਦਿੱਤੀ ਜਾਵੇਗੀ। ਉਂਜ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਉਨ੍ਹਾਂ ਦੀ ਮੀਟਿੰਗ ਤੈਅ ਹੈ। ਉਨ੍ਹਾਂ ਕਿਹਾ ਕਿ ਸੰਮੇਲਨ ’ਚ ਪ੍ਰਧਾਨ ਮੰਤਰੀ ਦੀ ਸ਼ਮੂਲੀਅਤ ਇਸ ਗੱਲ ਦੀ ਤਾਈਦ ਕਰਦੀ ਹੈ ਕਿ ਭਾਰਤ ਐੱਸਸੀਓ ਅਤੇ ਉਸ ਦੇ ਨਿਸ਼ਾਨਿਆਂ ਨਾਲ ਜੁੜਿਆ ਹੋਇਆ ਹੈ। ਚੀਨ ਦੇ ਐੱਸਸੀਓ ’ਤੇ ਵਧਦੇ ਪ੍ਰਭਾਵ ਬਾਰੇ ਪੁੱਛੇ ਜਾਣ ’ਤੇ ਕਵਾਤੜਾ ਨੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ ਪਰ ਇੰਨਾ ਜ਼ਰੂਰ ਕਿਹਾ ਕਿ ਭਾਰਤ ਨੇ ਮੱਧ ਏਸ਼ਿਆਈ ਅਤੇ ਹੋਰ ਗੁਆਂਢੀ ਮੁਲਕਾਂ ਨਾਲ ਸਬੰਧ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਤ ਕੀਤਾ ਹੋਇਆ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਐੱਸਸੀਓ ਖੇਤਰੀ ਸਹਿਯੋਗ ’ਤੇ ਕੇਂਦਰਤ ਹੈ ਅਤੇ ਭਾਰਤ ਆਪਣੇ ਆਪ ਨੂੰ ਤੀਜੇ ਮੁਲਕ ਦੇ ਪਰਿਪੇਖ ਰਾਹੀਂ ਨਹੀਂ ਦੇਖਦਾ ਹੈ। ਪਾਕਿਸਤਾਨ ਵੱਲੋਂ ਵੱਖ ਵੱਖ ਦਹਿਸ਼ਤੀ ਗੁੱਟਾਂ ਨੂੰ ਹਮਾਇਤ ਜਾਰੀ ਰੱਖਣ ਦੇ ਸਵਾਲ ’ਤੇ ਕਵਾਤੜਾ ਨੇ ਕਿਹਾ ਕਿ ਅਤਿਵਾਦ ਦੀ ਚੁਣੌਤੀ ਨੂੰ ਦੇਖਣ ਦੇ ਵੱਖ ਵੱਖ ਤਰੀਕੇ ਹਨ। ਉਨ੍ਹਾਂ ਕਿਹਾ ਕਿ ਐੱਸਸੀਓ ਦਾ ਅਤਿਵਾਦ ਵਿਰੋਧੀ ਖੇਤਰੀ ਢਾਂਚਾ (ਆਏਟੀਐੱਸ-ਐੱਸਸੀਓ) ਅਤਿਵਾਦ ਅਤੇ ਕੱਟੜਵਾਦ ਸਮੇਤ ਖ਼ਿੱਤੇ ’ਚ ਸੁਰੱਖਿਆ ਚੁਣੌਤੀਆਂ ਦੇ ਹੱਲ ’ਤੇ ਕੇਂਦਰਤ ਹੈ। ਭਾਰਤ ਕੋਲ ਇਸ ਜਥੇਬੰਦੀ ਦੀ 28 ਅਕਤੂਬਰ, 2021 ਤੋਂ ਚੇਅਰਮੈਨੀ ਹੈ।

ਇਰਾਨ ਨੂੰ ਦਿੱਤੀ ਜਾ ਸਕਦੀ ਹੈ ਸਥਾਈ ਮੈਂਬਰਸ਼ਿਪ
ਸਮਰਕੰਦ ’ਚ ਹੋਣ ਵਾਲੇ ਐੱਸਸੀਓ ਸਿਖਰ ਸੰਮੇਲਨ ਦੇ ਦੋ ਸੈਸ਼ਨ ਹੋਣਗੇ। ਪਹਿਲਾ ਸੈਸ਼ਨ ਸਿਰਫ਼ ਐੱਸਸੀਓ ਮੈਂਬਰ ਮੁਲਕਾਂ ਦਾ ਹੋਵੇਗਾ। ਦੂਜੇ ਸੈਸ਼ਨ ਦੌਰਾਨ ਨਿਗਰਾਨਾਂ ਤੋਂ ਇਲਾਵਾ ਮੇਜ਼ਬਾਨ ਵੱਲੋਂ ਵਿਸ਼ੇਸ਼ ਤੌਰ ’ਤੇ ਸੱਦੇ ਗਏ ਮੁਲਕਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਇਰਾਨ ਨੂੰ ਐਤਕੀਂ ਐੱਸਸੀਓ ਦੇ ਸਥਾਈ ਮੈਂਬਰ ਦਾ ਦਰਜਾ ਦਿੱਤਾ ਜਾ ਸਕਦਾ ਹੈ। ਭਾਰਤ ਅਤੇ ਪਾਕਿਸਤਾਨ 2017 ’ਚ ਇਸ ਦੇ ਸਥਾਈ ਮੈਂਬਰ ਬਣੇ ਸਨ। ਐੱਸਸੀਓ ਦੀ ਸਥਾਪਨਾ 2001 ’ਚ ਸ਼ੰਘਾਈ ’ਚ ਹੋਈ ਸੀ।