ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਵੈਦ ਮੁੜ ਵਿਜੀਲੈਂਸ ਅੱਗੇ ਪੇਸ਼

ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਵੈਦ ਮੁੜ ਵਿਜੀਲੈਂਸ ਅੱਗੇ ਪੇਸ਼

ਪੁੱਛ-ਪੜਤਾਲ ਦੌਰਾਨ ਨਹੀਂ ਲੈ ਕੇ ਆਏ ਪੂਰੇ ਦਸਤਾਵੇਜ਼; ਹਰ ਵਾਰ ਬਣਾਉਂਦੇ ਹਨ ਸਬੂਤ ਨਾ ਹੋਣ ਦਾ ਬਹਾਨਾ
ਲੁਧਿਆਣਾ- ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਅੱਜ ਮੁੜ ਵਿਜੀਲੈਂਸ ਅੱਗੇ ਪੇਸ਼ ਹੋਏ ਹਨ। ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਮੰਨੇ ਜਾਂਦੇ ਹਨ। ਪੁੱਛ-ਪੜਤਾਲ ਦੌਰਾਨ ਵਿਜੀਲੈਂਸ ਨੇ ਅੱਜ ਸ੍ਰੀ ਵੈਦ ਨੂੰ ਜਾਇਦਾਦ ਨਾਲ ਸਬੰਧਤ ਕਾਗਜ਼ਾਤ ਦੇਣ ਲਈ ਕਿਹਾ ਹੈ, ਕਿਉਂਕਿ ਉਹ ਅੱਜ ਕੁਝ ਕਾਗਜ਼ ਲੈ ਕੇ ਨਹੀਂ ਆਏ ਸਨ। ਹੁਣ ਉਨ੍ਹਾਂ ਨੂੰ ਪੰਜ ਜੂਨ ਨੂੰ ਤਲਬ ਕੀਤਾ ਗਿਆ ਹੈ। ਜੇਕਰ ਉਸ ਦਿਨ ਵੀ ਵੈਦ ਪੂਰੇ ਕਾਗਜ਼ ਜਮ੍ਹਾਂ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਖ਼ਿਲਾਫ਼ ਵਿਜੀਲੈਂਸ ਸਖ਼ਤ ਐਕਸ਼ਨ ਲੈ ਸਕਦੀ ਹੈ। ਇਸ ਤੋਂ ਪਹਿਲਾਂ ਵੀ ਵਿਜੀਲੈਂਸ ਨੇ ਸ੍ਰੀ ਵੈਦ ਨੂੰ ਕਈ ਵਾਰ ਸੱਦਿਆ ਸੀ ਤੇ ਕਾਗਜ਼ ਦੇਣ ਲਈ ਕਿਹਾ ਸੀ ਪਰ ਹਰ ਵਾਰ ਉਹ ਕਾਗਜ਼ ਨਾ ਲਿਆਉਣ ਦਾ ਕੋਈ ਨਾ ਕੋਈ ਬਹਾਨਾ ਬਣਾ ਦਿੰਦੇ ਪਰ ਇਸ ਵਾਰ ਵਿਜੀਲੈਂਸ ਐਕਸ਼ਨ ਦੀ ਤਿਆਰੀ ਵਿੱਚ ਹੈ।

ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਹੋ ਰਹੀ ਜਾਂਚ ਦਾ ਸਾਹਮਣਾ ਕਰ ਰਹੇ ਸਾਬਕਾ ਆਈਏਐੱਸ ਅਧਿਕਾਰੀ ਤੇ ਹਲਕਾ ਗਿੱਲ ਤੋਂ ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਦੀ ਜਾਇਦਾਦ ਦੀ ਪੈਮਾਇਸ਼ ਵੀ ਹੋ ਚੁੱਕੀ ਹੈ। ਅੱਜ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਣ ਦੌਰਾਨ ਅਧਿਕਾਰੀਆਂ ਨੇ ਉਨ੍ਹਾਂ ਤੋਂ ਕਾਗਜ਼ਾਤ ਮੰਗੇ ਸਨ ਪਰ ਇੱਕ ਪਲਾਟ ਦੇ ਦਸਤਾਵੇਜ਼ ਘੱਟ ਸਨ ਤਾਂ ਉਨ੍ਹਾਂ ਨੇ ਬਹਾਨਾ ਬਣਾ ਦਿੱਤਾ, ਜਿਸ ਤੋਂ ਬਾਅਦ ਵਿਜੀਲੈਂਸ ਅਧਿਕਾਰੀਆਂ ਨੇ ਉਨ੍ਹਾਂ ’ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ। ਤਿੰਨ ਘੰਟੇ ਦੀ ਪੁੱਛ-ਪੜਤਾਲ ਦੌਰਾਨ ਕੁਲਦੀਪ ਵੈਦ ਨੇ ਕਈ ਸਵਾਲਾਂ ਦੇ ਜਵਾਬ ਦਿੱਤੇ। ਵਿਜੀਲੈਂਸ ਸੂਤਰਾਂ ਮੁਤਾਬਕ ਪੁੱਛ-ਪੜਤਾਲ ਤੋਂ ਬਾਅਦ ਅਧਿਕਾਰੀਆਂ ਨੇ ਸਾਬਕਾ ਵਿਧਾਇਕ ਨੂੰ ਸਪੱਸ਼ਟ ਆਖ ਦਿੱਤਾ ਹੈ ਕਿ ਹੁਣ ਉਨ੍ਹਾਂ ਕੋਲ ਆਖ਼ਰੀ ਮੌਕਾ 5 ਜੂਨ ਤੱਕ ਦਾ ਹੈ, ਜੇਕਰ ਉਹ ਸਾਰੇ ਕਾਗਜ਼ਾਤ ਜਮ੍ਹਾਂ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ।

ਐੱਸਐੱਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਵਾਰ ਵੀ ਸਾਬਕਾ ਵਿਧਾਇਕ ਨੇ ਆਪਣੇ ਪੂਰੇ ਕਾਗਜ਼ਾਤ ਜਮ੍ਹਾਂ ਨਹੀਂ ਕਰਵਾਏ। ਹਾਲੇ ਇੱਕ ਪਲਾਟ ਦੀ ਰਜਿਸਟਰੀ ਦਿਖਾਉਣੀ ਬਾਕੀ ਹੈ, ਜੋ ਉਹ ਲੈ ਕੇ ਨਹੀਂ ਆਏ ਸਨ। ਹੁਣ ਉਨ੍ਹਾਂ ਨੂੰ ਆਖ਼ਰੀ ਮੌਕਾ ਦੇ ਕੇ 5 ਜੂਨ ਨੂੰ ਸੱਦਿਆ ਗਿਆ ਹੈ। ਉਸ ਤੋਂ ਬਾਅਦ ਹੀ ਜਾਂਚ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।

ਵਿਜੀਲੈਂਸ ਵੱਲੋਂ ਮੁਹਾਲੀ ਵਿੱਚ ਦੋ ਥਾਣੇਦਾਰ ਰਿਸ਼ਵਤ ਲੈਂਦੇ ਗ੍ਰਿਫ਼ਤਾਰ
ਮੁਹਾਲੀ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮੁਹਾਲੀ ਦੇ ਦੋ ਥਾਣੇਦਾਰ ਬਲਜਿੰਦਰ ਸਿੰਘ ਮੰਡ ਅਤੇ ਤਫਤੀਸ਼ੀ ਅਫਸਰ ਏਐਸਆਈ ਕੁਲਦੀਪ ਸਿੰਘ ਨੂੰ 25 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਬਲਜਿੰਦਰ ਸਿੰਘ ਮੰਡ ਪੁਲੀਸ ਚੌਕੀ ਇੰਚਾਰਜ ਹੈ ਜਦਕਿ ਏਐਸਆਈ ਕੁਲਦੀਪ ਸਿੰਘ ਉਸੇ ਚੌਕੀ ਵਿੱਚ ਤਾਇਨਾਤ ਹੈ। ਇਨ੍ਹਾਂ ਥਾਣੇਦਾਰਾਂ ਖਿਲਾਫ਼ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਉਡਣ ਦਸਤਾ-1, ਮੁਹਾਲੀ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲੀਸ ਕਰਮਚਾਰੀਆਂ ਨੂੰ ਰਾਵਿੰਦਰ ਕੁਮਾਰ ਵਾਸੀ ਮੁੰਡੀਆਂ ਕਲਾਂ, ਲੁਧਿਆਣਾ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਦੋਸਤ ਪਾਰਸ ਨੂੰ ਉਕਤ ਥਾਣਾ ਇੰਚਾਰਜ ਨੇ ਸ਼ਰਾਬ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਦੋਵੇਂ ਪੁਲੀਸ ਮੁਲਾਜ਼ਮ ਅਦਾਲਤ ਤੋਂ ਪਾਰਸ ਦੀ ਜ਼ਮਾਨਤ ਕਰਾਉਣ ਵਿੱਚ ਮੱਦਦ ਕਰਨ ਬਦਲੇ ਪਹਿਲਾਂ ਹੀ ਵੱਖ-ਵੱਖ ਤਰੀਕਾਂ ’ਤੇ 45,000 ਰੁਪਏ ਲੈ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪਾਰਸ ਦਾ ਆਉਣ ਵਾਲੇ ਦਿਨਾਂ ਵਿੱਚ ਵਿਆਹ ਹੋਣਾ ਤੈਅ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਪੁਲੀਸ ਮੁਲਾਜ਼ਮ ਹੁਣ ਇਸ ਸ਼ਰਾਬ ਦੇ ਮਾਮਲੇ ਵਿੱਚ ਪਾਰਸ ਨਾਲ ਉਸ ਦੇ ਇੱਕ ਹੋਰ ਦੋਸਤ ਹਰਮੀਤ ਸਿੰਘ ਨੂੰ ਬਤੌਰ ਸਹਿ-ਦੋਸ਼ੀ ਸ਼ਾਮਲ ਨਾ ਕਰਨ ਬਦਲੇ 50,000 ਰੁਪਏ ਹੋਰ ਮੰਗ ਰਹੇ ਹਨ। ਵਿਜੀਲੈਂਸ ਨੇ ਉਕਤ ਦੋਵੇਂ ਮੁਲਜ਼ਮਾਂ ਖ਼ਿਲਾਫ਼ ਜਾਲ ਵਿਛਾਇਆ ਅਤੇ ਗ੍ਰਿਫ਼ਤਾਰ ਕਰ ਲਿਆ।