ਆਬਕਾਰੀ ਨੀਤੀ: ਸੀਬੀਆਈ ਵੱਲੋਂ ਸਿਸੋਦੀਆ ਤਲਬ

ਆਬਕਾਰੀ ਨੀਤੀ: ਸੀਬੀਆਈ ਵੱਲੋਂ ਸਿਸੋਦੀਆ ਤਲਬ

ਨਵੀਂ ਦਿੱਲੀ-ਵਿਵਾਦਤ ਆਬਕਾਰੀ ਨੀਤੀ ਮਾਮਲੇ ’ਚ ਸੀਬੀਆਈ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੋਮਵਾਰ ਨੂੰ ਪੁੱਛ-ਪੜਤਾਲ ਲਈ ਤਲਬ ਕੀਤਾ ਹੈ। ਅਧਿਕਾਰੀਆਂ ਮੁਤਾਬਕ ‘ਆਪ’ ਆਗੂ ਨੂੰ ਸੋਮਵਾਰ ਸਵੇਰੇ 11 ਵਜੇ ਸੀਬੀਆਈ ਦੇ ਹੈੱਡਕੁਆਰਟਰ ’ਤੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਸਿਸੋਦੀਆ ਨੇ ਐਤਵਾਰ ਨੂੰ ਟਵੀਟ ਕਰਕੇ ਕਿਹਾ,‘‘ਸੀਬੀਆਈ ਨੇ 14 ਘੰਟਿਆਂ ਤੱਕ ਮੇਰੇ ਘਰ ਛਾਪਾ ਮਾਰਿਆ ਪਰ ਕੁਝ ਵੀ ਨਹੀਂ ਮਿਲਿਆ। ਮੇਰੇ ਬੈਂਕ ਲਾਕਰ ਖੰਗਾਲੇ ਗਏ ਪਰ ਕੁਝ ਨਹੀਂ ਨਿਕਲਿਆ। ਮੇਰੇ ਪਿੰਡ ’ਚੋਂ ਵੀ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਹੁਣ ਉਨ੍ਹਾਂ ਮੈਨੂੰ ਸੀਬੀਆਈ ਹੈੱਡਕੁਆਰਟਰ ’ਤੇ ਭਲਕੇ ਸਵੇਰੇ 11 ਵਜੇ ਸੱਦਿਆ ਹੈ। ਮੈਂ ਉਥੇ ਜਾਵਾਂਗਾ ਅਤੇ ਪੂਰਾ ਸਹਿਯੋਗ ਦੇਵਾਂਗਾ। ਸੱਤਿਆਮੇਵ ਜਯਤੇ।’’ ਇਸ ਤੋਂ ਪਹਿਲਾਂ ਸੀਬੀਆਈ ਇੰਡੋ ਸਪਿਰਟਸ ਦੇ ਮਾਲਕ ਸਮੀਰ ਮਹੇਂਦਰੂ, ਗੁਰੂਗ੍ਰਾਮ ਦੀ ਬੱਡੀ ਰਿਟੇਲ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਅਮਿਤ ਅਰੋੜਾ ਅਤੇ ਇੰਡੀਆ ਅਹੈੱਡ ਨਿਊਜ਼ ਦੇ ਐੱਮਡੀ ਮੂਥਾ ਗੌਤਮ ਸਮੇਤ ਕਈ ਹੋਰਾਂ ਤੋਂ ਆਬਕਾਰੀ ਨੀਤੀ ਮਾਮਲੇ ’ਚ ਪੁੱਛ-ਪੜਤਾਲ ਕਰ ਚੁੱਕੀ ਹੈ। ਸੀਬੀਆਈ ਨੇ ‘ਆਪ’ ਵਰਕਰ ਵਿਜੈ ਨਾਇਰ ਅਤੇ ਹੈਦਰਾਬਾਦ ਆਧਾਰਿਤ ਕਾਰੋਬਾਰੀ ਅਭਿਸ਼ੇਕ ਬੋਇਨਪੱਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀਬੀਆਈ ਨੇ ਅਗਸਤ ’ਚ ਇਥੋਂ ਦੀ ਵਿਸ਼ੇਸ਼ ਅਦਾਲਤ ’ਚ ਸਿਸੋਦੀਆ ਅਤੇ 14 ਹੋਰਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਸੀ। ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਦਿੱਲੀ ਆਬਕਾਰੀ ਨੀਤੀ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਲਈ ਸੀਬੀਆਈ ਨੂੰ ਸਿਫ਼ਾਰਸ਼ ਕੀਤੀ ਸੀ।