ਆਬਕਾਰੀ ਨੀਤੀ: ਕੇਜਰੀਵਾਲ ਤੋਂ ਨੌਂ ਘੰਟੇ ਪੁੱਛ-ਪੜਤਾਲ

ਆਬਕਾਰੀ ਨੀਤੀ: ਕੇਜਰੀਵਾਲ ਤੋਂ ਨੌਂ ਘੰਟੇ ਪੁੱਛ-ਪੜਤਾਲ

ਦਿੱਲੀ ਦੇ ਮੁੱਖ ਮੰਤਰੀ ਨੇ ਸਾਰਾ ਕੇਸ ਝੂਠਾ ਦੱਸਿਆ; ਸੀਬੀਆਈ ਨੇ ਪੁੱਛੇ 56 ਸਵਾਲ
ਨਵੀਂ ਦਿੱਲੀ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨੌਂ ਘੰਟਿਆਂ ਦੀ ਪੁੱਛ-ਪੜਤਾਲ ਮਗਰੋਂ ਆਪਣੀ ਰਿਹਾਇਸ਼ ’ਤੇ ਮੀਡੀਆ ਨੂੰ ਦੱਸਿਆ ਕਿ ਸੀਬੀਆਈ ਨੇ ਉਨ੍ਹਾਂ ਨੂੰ ਆਬਕਾਰੀ ਨੀਤੀ ਬਾਰੇ 56 ਸਵਾਲ ਪੁੱਛੇ ਹਨ, ਸਾਰਿਆਂ ਦਾ ਉਨ੍ਹਾਂ ਜਵਾਬ ਦਿੱਤਾ ਹੈ। ‘ਆਪ’ ਸੁਪਰੀਮੋ ਨੇ ਕਿਹਾ ਕਿ ਏਜੰਸੀ ਦੇ ਅਧਿਕਾਰੀਆਂ ਦਾ ਵਤੀਰਾ ਦੋਸਤਾਨਾ ਸੀ। ਕੇਜਰੀਵਾਲ ਨੇ ਨਾਲ ਹੀ ਕਿਹਾ ਕਿ ਸ਼ਰਾਬ ਘੁਟਾਲਾ ਕੇਸ ਝੂੁਠਾ ਹੈ, ਇਹ ਗੰਦੀ ਸਿਆਸਤ ਦਾ ਨਤੀਜਾ ਹੈ। ਉਨ੍ਹਾਂ ਕੋਲ ‘ਆਪ’ ਦੇ ਗਲਤ ਹੋਣ ਬਾਰੇ ਕੋਈ ਸਬੂਤ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ‘ਉਹ ਆਮ ਆਦਮੀ ਪਾਰਟੀ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਕਿਉਂਕਿ ਉਹ ਸਕੂਲ-ਹਸਪਤਾਲ ਨਹੀਂ ਬਣਵਾ ਸਕਦੇ ਜਿਵੇਂ ‘ਆਪ’ ਨੇ ਦਿੱਲੀ ਵਿਚ ਬਣਾਏ ਹਨ।’ ਮੁੱਖ ਮੰਤਰੀ ਨੇ ਦੱਸਿਆ ਕਿ ਏਜੰਸੀ ਵੱਲੋਂ ਆਬਕਾਰੀ ਨੀਤੀ ਬਾਰੇ ਸਵਾਲ ਪੁੱਛੇ ਗਏ। ਇਨ੍ਹਾਂ ਵਿਚ ਨੀਤੀ ਦੇ ਸ਼ੁਰੂ ਹੋਣ ਦੇ ਸਮੇਂ ਤੇ ਇਸ ਨੂੰ ਸ਼ੁਰੂ ਕਰਨ ਪਿਛਲੇ ਕਾਰਨਾਂ ਜਿਹੇ ਸਵਾਲ ਸ਼ਾਮਲ ਸਨ। ਸੀਬੀਆਈ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੋਸਤਾਨਾ ਅਤੇ ਸੁਖਾਵੇਂ ਮਾਹੌਲ ’ਚ ਸਵਾਲ ਪੁੱਛੇ, ਜਿਨ੍ਹਾਂ ਦੇ ਉਨ੍ਹਾਂ ਨੇ ਸਾਰੇ ਜਵਾਬ ਦਿੱਤੇ।

ਇਸੇ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਕਈ ਥਾਈਂ ਰੋਸ ਮੁਜ਼ਾਹਰੇ ਕੀਤੇ ਗਏ ਜਿਨ੍ਹਾਂ ਕੇਂਦਰੀ ਏਜੰਸੀ ’ਤੇ ਭਾਜਪਾ ਦੇ ਇਸ਼ਾਰਿਆਂ ਉਤੇ ਕੰਮ ਕਰਨ ਦਾ ਦੋਸ਼ ਲਾਇਆ। ਕੇਂਦਰੀ ਜਾਂਚ ਏਜੰਸੀ ਦੇ ਹੈੱਡਕੁਆਰਟਰ ਪੁੱਜਣ ਤੋਂ ਪਹਿਲਾਂ ਟਵਿੱਟਰ ਉਤੇ ਕੇਜਰੀਵਾਲ ਨੇ ਇਕ ਵੀਡੀਓ ਸੁਨੇਹਾ ਪੋਸਟ ਕਰਦਿਆਂ ਦਾਅਵਾ ਕੀਤਾ ਕਿ ਭਾਜਪਾ ਨੇ ਸ਼ਾਇਦ ਏਜੰਸੀ ਨੂੰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ ਹੈ। ਕੇਜਰੀਵਾਲ ਨੇ ਕਿਹਾ, ‘ਉਹ ਲੋਕ ਬਹੁਤ ਤਾਕਤਵਰ ਹਨ। ਉਹ ਕਿਸੇ ਨੂੰ ਵੀ ਜੇਲ੍ਹ ਭੇਜ ਸਕਦੇ ਹਨ, ਫ਼ਰਕ ਨਹੀਂ ਪੈਂਦਾ ਕਿ ਕਿਸੇ ਵਿਅਕਤੀ ਨੇ ਅਪਰਾਧ ਕੀਤਾ ਹੈ ਜਾਂ ਨਹੀਂ। ਕੱਲ੍ਹ ਤੋਂ ਉਨ੍ਹਾਂ ਦੇ ਸਾਰੇ ਆਗੂ ਚੀਕ-ਚੀਕ ਕੇ ਕਹਿ ਰਹੇ ਹਨ ਕਿ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਤੇ ਅਜਿਹਾ ਜਾਪਦਾ ਹੈ ਕਿ ਭਾਜਪਾ ਨੇ ਸੀਬੀਆਈ ਨੂੰ ਗ੍ਰਿਫ਼ਤਾਰੀ ਦੇ ਹੁਕਮ ਦੇ ਦਿੱਤੇ ਹਨ। ਸੀਬੀਆਈ ਹੈੱਡਕੁਆਰਟਰ ’ਤੇ ਅੱਜ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਤੇ ਕੇਜਰੀਵਾਲ ਸਵੇਰੇ ਕਰੀਬ 11 ਵਜੇ ਏਜੰਸੀ ਦੇ ਦਫ਼ਤਰ ਪੁੱਜੇ। ‘ਆਪ’ ਸੁਪਰੀਮੋ ਨਾਲ ਅੱਜ ਵਿਰੋਧੀ ਧਿਰਾਂ ਦੇ ਕਈ ਆਗੂਆਂ ਨੇ ਇਕਜੁੱਟਤਾ ਜ਼ਾਹਿਰ ਕੀਤੀ। ਕੇਜਰੀਵਾਲ ਨੇ ਕਿਹਾ ਕਿ ਉਹ ਏਜੰਸੀ ਵੱਲੋਂ ਆਬਕਾਰੀ ਨੀਤੀ ਕੇਸ ਵਿਚ ਪੁੱਛੇ ਜਾਣ ਵਾਲੇ ਸਾਰੇ ਸਵਾਲਾਂ ਦੇ ਈਮਾਨਦਾਰੀ ਨਾਲ ਜਵਾਬ ਦੇਣਗੇ ਕਿਉਂਕਿ ਉਨ੍ਹਾਂ ਕੋਲ ਲੁਕਾਉਣ ਲਈ ਕੁਝ ਨਹੀਂ ਹੈ। ਸੀਬੀਆਈ ਦਫ਼ਤਰ ਜਾਣ ਤੋਂ ਪਹਿਲਾਂ ਕੇਜਰੀਵਾਲ ਅੱਜ ਸਵੇਰੇ ਰਾਜ ਘਾਟ ਸਥਿਤ ਮਹਾਤਮਾ ਗਾਂਧੀ ਦੀ ਯਾਦਗਾਰ ’ਤੇ ਗਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੁਝ ਹੋਰ ਕੈਬਨਿਟ ਮੰਤਰੀ ਮਗਰੋਂ ਕੇਜਰੀਵਾਲ ਦੇ ਨਾਲ ਸੀਬੀਆਈ ਦਫ਼ਤਰ ਤੱਕ ਗਏ। ਏਜੰਸੀ ਦੇ ਦਫ਼ਤਰ ਪਹੁੰਚਣ ’ਤੇ ਅੱਜ ਕੇਜਰੀਵਾਲ ਨੂੰ ਭ੍ਰਿਸ਼ਟਾਚਾਰ-ਵਿਰੋਧੀ ਸ਼ਾਖਾ ਦੇ ਪਹਿਲੀ ਮੰਜ਼ਿਲ ਉਤੇ ਸਥਿਤ ਦਫ਼ਤਰ ਲਿਜਾਇਆ ਗਿਆ। ਸੀਬੀਆਈ ਦੇ ਸਾਰੇ ਸੀਨੀਅਰ ਅਧਿਕਾਰੀ ਅੱਜ ਐਤਵਾਰ ਨੂੰ ਵੀ ਦਫ਼ਤਰ ਵਿਚ ਹਾਜ਼ਰ ਰਹੇ ਤੇ ਸਾਰੀ ਕਾਰਵਾਈ ’ਤੇ ਨਜ਼ਰ ਰੱਖੀ। ਸੂਤਰਾਂ ਮੁਤਾਬਕ ਕੇਜਰੀਵਾਲ ਨੇ ਦਫ਼ਤਰ ਦੇ ਅੰਦਰ ਹੀ ਦੁਪਹਿਰ ਦਾ ਖਾਣਾ ਖਾਧਾ ਤੇ ਬਾਹਰ ਨਹੀਂ ਗਏ। ਕੇਜਰੀਵਾਲ ਤੋਂ ਜਦ ਪੁੱਛ-ਪੜਤਾਲ ਕੀਤੀ ਜਾ ਰਹੀ ਸੀ ਤਾਂ ਬਾਹਰ ਸੜਕ ਉਤੇ ਧਰਨੇ ’ਤੇ ਬੈਠੇ ‘ਆਪ’ ਦੇ ਕਈ ਆਗੂਆਂ ਨੂੰ ਦਿੱਲੀ ਪੁਲੀਸ ਨੇ ‘ਹਿਰਾਸਤ’ ਵਿਚ ਲੈ ਲਿਆ। ਹਿਰਾਸਤ ਵਿਚ ਲਏ ਜਾਣ ਵਾਲਿਆਂ ਵਿਚ ਰਾਜ ਸਭਾ ਮੈਂਬਰ ਸੰਜੇ ਸਿੰਘ ਤੇ ਰਾਘਵ ਚੱਢਾ, ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ, ਆਤਿਸ਼ੀ ਤੇ ਕੈਲਾਸ਼ ਗਹਿਲੋਤ, ‘ਆਪ’ ਦੇ ਬੁਲਾਰੇ ਆਦਿਲ ਅਹਿਮਦ ਖਾਨ, ਪਾਰਟੀ ਜਨਰਲ ਸਕੱਤਰ ਪੰਕਜ ਗੁਪਤਾ ਤੇ ਪੰਜਾਬ ਸਰਕਾਰ ਦੇ ਕਈ ਮੰਤਰੀ ਸ਼ਾਮਲ ਸਨ। ਇਸ ਤੋਂ ਪਹਿਲਾਂ ਇਨ੍ਹਾਂ ਆਗੂਆਂ ਨੇ ਸੀਬੀਆਈ ਦਫ਼ਤਰ ਦੇ ਬਾਹਰ ਪ੍ਰਧਾਨ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਚੱਢਾ ਨੇ ਮਗਰੋਂ ਟਵੀਟ ਕਰ ਕੇ ਕਿਹਾ ਕਿ ਦਿੱਲੀ ਪੁਲੀਸ ਨੇ ਸ਼ਾਂਤੀਪੂਰਨ ਢੰਗ ਨਾਲ ਰੋਸ ਜ਼ਾਹਿਰ ਕਰਨ ਦੇ ਬਾਵਜੂਦ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਤੇ ਕਿਸੇ ਅਣਦੱਸੀ ਥਾਂ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਇਸ ਨੂੰ ਤਾਨਾਸ਼ਾਹੀ ਕਰਾਰ ਦਿੱਤਾ। ਹਾਲਾਂਕਿ ਮਗਰੋਂ ਸ਼ਾਮ ਨੂੰ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਰਿਹਾਅ ਕਰ ਦਿੱਤਾ ਗਿਆ। ਪੁਲੀਸ ਨੇ ਦੱਸਿਆ ਕਿ ‘ਆਪ’ ਆਗੂਆਂ ਸਣੇ ਕਰੀਬ 1350 ਲੋਕਾਂ ਨੂੰ ਛੱਡਿਆ ਗਿਆ ਹੈ। ਪੁਲੀਸ ਸਟੇਸ਼ਨ ਤੋਂ ਰਿਹਾਅ ਹੁੰਦਿਆਂ ਵੀ ‘ਆਪ’ ਆਗੂਆਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਗਵੰਤ ਮਾਨ ਵੀ ਧਰਨੇ ਉਤੇ ਬੈਠੇ ਸਨ ਪਰ ‘ਆਪ’ ਆਗੂਆਂ ਨੂੰ ਹਿਰਾਸਤ ਵਿਚ ਲਏ ਜਾਣ ਤੋਂ ਪਹਿਲਾਂ ਉੱਥੋਂ ਚਲੇ ਗਏ। ਪਾਰਟੀ ਦੇ ਚੋਟੀ ਦੇ ਆਗੂਆਂ ਨੂੰ ‘ਹਿਰਾਸਤ’ ਵਿਚ ਲਏ ਜਾਣ ਤੋਂ ਬਾਅਦ ‘ਆਪ’ ਨੇ ਅੱਜ ਇੱਥੇ ਆਪਣੇ ਅਹੁਦੇਦਾਰਾਂ ਦੀ ਹੰਗਾਮੀ ਮੀਟਿੰਗ ਵੀ ਸੱਦੀ। ਇਸ ਮੌਕੇ ਪਾਰਟੀ ਵੱਲੋਂ ਚੁੱਕੇ ਜਾਣ ਵਾਲੇ ਭਵਿੱਖੀ ਕਦਮਾਂ ਬਾਰੇ ਵਿਚਾਰ-ਚਰਚਾ ਕੀਤੀ ਗਈ। ਦਿੱਲੀ ‘ਆਪ’ ਦੇ ਕਨਵੀਨਰ ਗੋਪਾਲ ਰਾਏ ਨੇ ਮੀਟਿੰਗ ਦੀ ਅਗਵਾਈ ਕੀਤੀ। ਇਸ ਮੌਕੇ ਮੇਅਰ ਸ਼ੈਲੀ ਓਬਰਾਏ ਤੇ ਹੋਰ ਆਗੂ ਹਾਜ਼ਰ ਸਨ। ‘ਆਪ’ ਦੀ ਦਿੱਲੀ ਇਕਾਈ ਦੇ ਕਨਵੀਨਰ ਗੋਪਾਲ ਰਾਏ ਨੇ ਪ੍ਰੈੱਸ ਕਾਨਫਰੰਸ ਵਿਚ ਦਾਅਵਾ ਕੀਤਾ ਕਿ ਪੁਲੀਸ ਨੇ ਰੋਸ ਪ੍ਰਗਟ ਕਰ ਰਹੇ ਕਰੀਬ 1500 ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਜਾਂ ਗ੍ਰਿਫ਼ਤਾਰ ਕਰ ਲਿਆ ਹੈ। ਦਿੱਲੀ ਦੇ 32 ਵਿਧਾਇਕਾਂ ਤੇ 70 ਕੌਂਸਲਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ‘ਆਪ’ ਦੇ 20 ਵਿਧਾਇਕਾਂ ਨੂੰ ਦਿੱਲੀ ਦੀ ਹੱਦ ਉਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ‘ਆਪ’ ਵਰਕਰਾਂ ਵੱਲੋਂ ਕੀਤੇ ਰੋਸ ਮੁਜ਼ਾਹਰਿਆਂ ਕਾਰਨ ਅੱਜ ਦਿੱਲੀ ਦੇ ਕਈ ਇਲਾਕਿਆਂ ਵਿਚ ਟਰੈਫਿਕ ਜਾਮ ਲੱਗ ਗਏ। ਜ਼ਿਕਰਯੋਗ ਹੈ ਕਿ ਆਬਕਾਰੀ ਕੇਸ ਵਿਚ ‘ਆਪ’ ਆਗੂ ਮਨੀਸ਼ ਸਿਸੋਦੀਆ ਨੂੰ 26 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਏਜੰਸੀ ਨੇ ਸਿਸੋਦੀਆ ਤੋਂ 8 ਘੰਟੇ ਤੱਕ ਪੁੱਛਗਿੱਛ ਕੀਤੀ ਸੀ। ਅਧਿਕਾਰੀਆਂ ਨੇ ਕਿਹਾ ਸੀ ਕਿ ਉਹ ‘ਆਪ’ ਆਗੂ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਹਨ।