‘ਆਪ’ ਸੰਸਦ ਮੈਂਬਰ ਰਾਘਵ ਚੱਢਾ ਰਾਜ ਸਭਾ ’ਚੋਂ ਮੁਅੱਤਲ

‘ਆਪ’ ਸੰਸਦ ਮੈਂਬਰ ਰਾਘਵ ਚੱਢਾ ਰਾਜ ਸਭਾ ’ਚੋਂ ਮੁਅੱਤਲ

ਮਰਿਆਦਾ ਕਮੇਟੀ ਦੀ ਰਿਪੋਰਟ ਆਉਣ ਤੱਕ ਮੁਅੱਤਲ ਰਹਿਣਗੇ ਰਾਘਵ ਚੱਢਾ
ਸੰਜੈ ਸਿੰਘ ਦੀ ਮੁਅੱਤਲੀ ਦੀ ਮਿਆਦ ਵੀ ਵਧਾਈ

ਨਵੀਂ ਦਿੱਲੀ- ਸੰਸਦ ਦੇ ਮੌਨਸੂਨ ਸੈਸ਼ਨ ਦੇ ਆਖਰੀ ਦਿਨ ਅੱਜ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੂੰ ਨਿਯਮਾਂ ਦੀ ਉਲੰਘਣਾ ਕਰਨ, ਮਾੜਾ ਵਿਹਾਰ ਕਰਨ, ਗੱਲ ਨਾ ਮੰਨਣ ਅਤੇ ਬੇਇੱਜ਼ਤੀ ਕਰਨ ਦੇ ਦੋਸ਼ ਹੇਠ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਉਹ ਮਰਿਆਦਾ ਕਮੇਟੀ ਦੀ ਰਿਪੋਰਟ ਆਉਣ ਤੱਕ ਮੁਅੱਤਲ ਰਹਿਣਗੇ। ਇਸ ਦੇ ਨਾਲ ਹੀ ਮਾੜੇ ਵਿਹਾਰ ਤੇ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਰਾਜ ਸਭਾ ਤੋਂ ਮੁਅੱਤਲ ‘ਆਪ’ ਦੇ ਮੈਂਬਰ ਸੰਜੈ ਸਿੰਘ ਦੀ ਮੁਅੱਤਲੀ ਦੀ ਮਿਆਦ ਵੀ ਮਰਿਆਦਾ ਕਮੇਟੀ ਦੀ ਰਿਪੋਰਟ ਆਉਣ ਤੱਕ ਵਧਾ ਦਿੱਤੀ ਗਈ ਹੈ। ਮੌਨਸੂਨ ਸੈਸ਼ਨ ਦੇ ਆਖਰੀ ਦਿਨ ਅੱਜ ਸਦਨ ਦੇ ਨੇਤਾ ਪਿਊਸ਼ ਗੋਇਲ ਨੇ ਰਾਘਵ ਚੱਢਾ ਨੂੰ ਮੁਅੱਤਲ ਕੀਤੇ ਜਾਣ ਦਾ ਮਤਾ ਪੇਸ਼ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਸੇਵਾਵਾਂ (ਸੋਧ) ਬਿੱਲ, 2023 ਨੂੰ ਪਾਸ ਕਰਨ ਪ੍ਰਕਿਰਿਆ ਦੌਰਾਨ ਚੋਣ ਕਮੇਟੀ ਕਾਇਮ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ ਸੀ ਅਤੇ ਇਸ ਕਮੇਟੀ ਲਈ ਕੁਝ ਮੈਂਬਰਾਂ ਦੇ ਨਾਂ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਸ਼ਾਮਲ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਨੇ ਸੰਸਦ ਦੇ ਬਾਹਰ ਵੀ ਗਲਤ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਮਰਿਆਦਾ ਕਮੇਟੀ ਕੋਲ ਭੇਜਿਆ ਗਿਆ ਹੈ। ਇਸ ਮਤੇ ਨੂੰ ਜੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਗੋਇਲ ਨੇ ‘ਆਪ’ ਮੈਂਬਰ ਸੰਜੈ ਸਿੰਘ ਦੀ ਮੁਅੱਤਲੀ ਦੀ ਮਿਆਦ ਵੀ ਮਰਿਆਦਾ ਕਮੇਟੀ ਦੀ ਰਿਪੋਰਟ ਆਉਣ ਤੱਕ ਵਧਾਉਣ ਦਾ ਮਤਾ ਪੇਸ਼ ਕੀਤਾ ਤੇ ਇਸ ਮਤੇ ਨੂੰ ਵੀ ਜੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ।