‘ਆਪ’ ਸਰਕਾਰ ਨੂੰ ਨਸ਼ਿਆਂ ਦੀ ਲਪੇਟ ’ਚ ਆਏ ਪੰਜਾਬ ਦੀ ਫ਼ਿਕਰ ਨਹੀਂ: ਜਾਖੜ

‘ਆਪ’ ਸਰਕਾਰ ਨੂੰ ਨਸ਼ਿਆਂ ਦੀ ਲਪੇਟ ’ਚ ਆਏ ਪੰਜਾਬ ਦੀ ਫ਼ਿਕਰ ਨਹੀਂ: ਜਾਖੜ

ਜਲੰਧਰ-
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ’ਤੇ ਸ਼ਬਦੀ ਹਮਲਾ ਸੇਧਦਿਆਂ ਕਿਹਾ ਕਿ ਰਾਜ ਚਲਾਉਣ ਵਾਲੇ ਸਿਰਫ਼ ਸੱਤਾ ਦੇ ਨਸ਼ੇ ’ਚ ਹਨ ਜਦਕਿ ਸੂਬਾ ਨਸ਼ੇ ਦੀ ਲਪੇਟ ਵਿੱਚ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਕਾਂਗਰਸ ਵੀ ਉਨ੍ਹਾਂ ਅੱਗੇ ਸਮਰਪਣ ਕਰ ਚੁੱਕੀ ਹੈ। ਜਾਖੜ ਨੇ ਪੰਜਾਬ ਪੁਲੀਸ ਦੀ ਸਹਾਇਤਾ ਨਾਲ ‘ਆਪ’ ਦੀ ਸਮਗਲਰਾਂ ਨਾਲ ਮਿਲੀਭੁਗਤ ਹੋਣ ਦਾ ਦੋਸ਼ ਲਗਾਇਆ।

ਉਨ੍ਹਾਂ ਕਿਹਾ ਕਿ ਕਾਂਗਰਸ ਵਿਰੋਧੀ ਧਿਰ ਵਜੋਂ ਅਸਫਲ ਰਹੀ ਹੈ ਅਤੇ ਰਾਜ ਸਰਕਾਰ ਅੱਗੇ ਪੂਰੀ ਤਰ੍ਹਾਂ ਸਮਰਪਣ ਕਰ ਚੁੱਕੀ ਹੈ। ਜਾਖੜ ਇੱਥੇ ਭਾਜਪਾ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਜਿਸ ਵਿੱਚ ਪਾਰਟੀ ਦੇ ਸੀਨੀਅਰ ਵਰਕਰਾਂ ਦਾ ਸਨਮਾਨ ਕੀਤਾ ਗਿਆ ਸੀ। ਜਾਖੜ ਨੇ ਜਲੰਧਰ ਪੁਲੀਸ ਦੇ ਅਧਿਕਾਰੀ ਦੇ ਫਿਰੋਜ਼ਪੁਰ ਖੇਤਰ ਵਿੱਚ ਹੈਰੋਇਨ ਸਮੇਤ ‘ਫੜੇ’ ਜਾਣ ਦੀ ਘਟਨਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪੁਲੀਸ ਅਧਿਕਾਰੀਆਂ ਨੂੰ ਇੱਕ ਪਾਰਟੀ ਵਿੱਚ ਇੱਕ ਗੈਂਗਸਟਰ ਨਾਲ ਦੇਖਿਆ ਗਿਆ ਸੀ, ਪਰ ਕੋਈ ਕਾਰਵਾਈ ਨਹੀਂ ਹੋਈ। ਬਾਅਦ ਵਿੱਚ ਇਹ ਮਾਮਲਾ ਪੁਲੀਸ ਅਧਿਕਾਰੀਆਂ ਦੇ ਤਬਾਦਲੇ ਤੱਕ ਸੀਮਤ ਹੋ ਕੇ ਰਹਿ ਗਿਆ।

ਪੰਜਾਬ ਭਾਜਪਾ ਪ੍ਰਧਾਨ ਨੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਇਸ ਬਿਆਨ ਦਾ ਮਜ਼ਾਕ ਉਡਾਇਆ ਕਿ ਭਗਵੰਤ ਮਾਨ ਨਾਲੋਂ ਪੰਜਾਬ ਦਾ ਬਿਹਤਰ ਮੁੱਖ ਮੰਤਰੀ ਕਦੇ ਨਹੀਂ ਹੋਇਆ। ਜਾਖੜ ਨੇ ਕਿਹਾ ਕਿ ਸ਼ਾਇਦ ਉਹ ਕਾਂਗਰਸ ਦੇ ਉਸ ਮੁੱਖ ਮੰਤਰੀ ਨਾਲ ਤੁਲਨਾ ਕਰ ਰਹੇ ਹਨ ਜਿਸ ਨੇ ਛੇ ਮਹੀਨਿਆਂ ਲਈ ਚਾਰਜ ਸੰਭਾਲਿਆ ਸੀ। ਉਨ੍ਹਾਂ ਕਿਹਾ ਕਿ ਸਿਆਸੀ ਸਟੇਜਾਂ ਹੁਣ ਕਾਮੇਡੀ ਸ਼ੋਅ ਵਾਂਗ ਦਿਖਾਈ ਦਿੰਦੀਆਂ ਹਨ। ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹਾਲ ਹੀ ਵਿੱਚ ਹੋਏ ਸਮਾਗਮ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੀ ਕੀ ਲੋੜ ਸੀ ਜਦੋਂਕਿ ਭਗਵੰਤ ਮਾਨ ਉੱਥੇ ਮੌਜੂਦ ਸਨ।

ਸਾਬਕਾ ਗੱਠਜੋੜ ਭਾਈਵਾਲ (ਸ਼੍ਰੋਮਣੀ ਅਕਾਲੀ ਦਲ) ’ਤੇ ਪੰਜਾਬ ਦੇ ਲੋਕਾਂ ਵਿਚ ਭਾਜਪਾ ਬਾਰੇ ਗ਼ਲਤ ਧਾਰਨਾ ਪੈਦਾ ਕਰਨ ਦਾ ਦੋਸ਼ ਲਾਉਂਦਿਆਂ ਜਾਖੜ ਨੇ ਕਿਹਾ ਕਿ ਹੁਣ ਪਾਰਟੀ ਕਾਰਕੁਨਾਂ ਨੂੰ ਇਨ੍ਹਾਂ ਨੂੰ ਦੂਰ ਕਰਨ ਲਈ ਕੰਮ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਸਭ ਤੋਂ ਧਰਮ ਨਿਰਪੱਖ ਸੂਬਾ ਹੈ। ਜੇਕਰ ਕੋਈ ਇਸ ਨੂੰ ਜਾਤ-ਪਾਤ, ਧਾਰਮਿਕ ਜਾਂ ਹੋਰ ਆਬਾਦੀ ਦੇ ਨਜ਼ਰੀਏ ਨਾਲ ਦੇਖਦਾ ਹੈ ਤਾਂ ਉਹ ਇੱਥੇ ਕਾਮਯਾਬ ਨਹੀਂ ਹੋਵੇਗਾ।