‘ਆਪ’ ਵੱਲੋਂ ਸੰਜੈ ਸਿੰਘ ਦੀ ਗ੍ਰਿਫ਼ਤਾਰੀ ਖ਼ਿਲਾਫ਼ ਮੁਜ਼ਾਹਰਾ

‘ਆਪ’ ਵੱਲੋਂ ਸੰਜੈ ਸਿੰਘ ਦੀ ਗ੍ਰਿਫ਼ਤਾਰੀ ਖ਼ਿਲਾਫ਼ ਮੁਜ਼ਾਹਰਾ

ਨਵੀਂ ਦਿੱਲੀ, 5 ਅਕਤੂਬਰ

ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਤੇ ਵਰਕਰਾਂ ਨੇ ਅੱਜ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਪਾਰਟੀ ਦੇ ਸੰਸਦ ਮੈਂਬਰ ਸੰਜੈ ਸਿੰਘ ਦੀ ਈਡੀ ਦੁਆਰਾ ਗ੍ਰਿਫ਼ਤਾਰੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਕੇਂਦਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਸੰਜੈ ਸਿੰਘ ਦੀ ਰਿਹਾਈ ਮੰਗੀ। ਜਾਣਕਾਰੀ ਅਨੁਸਾਰ ਦਿੱਲੀ ਦੇ ਦੀਨ ਦਿਆਲ ਉਪਾਧਿਆਏ ਮਾਰਗ ਉਪਰ ‘ਆਪ’ ਦੇ ਕੌਮੀ ਦਫ਼ਤਰ ਕੋਲ ਪਾਰਟੀ ਵਰਕਰ ਇੱਕਠੇ ਹੋਏ ਤੇ ਭਾਜਪਾ ਦੇ ਇਸੇ ਮਾਰਗ ’ਤੇ ਕਰੀਬ 400 ਮੀਟਰ ਦੂਰ ਬਣੇ ਹੈੱਡਕੁਆਟਰ ਵੱਲ ਮਾਰਚ ਸ਼ੁਰੂ ਕੀਤਾ। ਉਨ੍ਹਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਨਿ੍ਹਾਂ ’ਤੇ ਭਾਜਪਾ ਅਤੇ ਕੇਂਦਰ ਸਰਕਾਰ ਨੂੰ ਈਡੀ ਸੀਬੀਆਈ ਦੀ ਦੁਰਵਰਤੋਂ ਕਰਨ ਤੋਂ ਵਰਜਿਆ ਹੋਇਆ ਸੀ। ‘ਆਪ’ ਨੇ ਈਡੀ ਵੱਲੋਂ ਗ੍ਰਿਫ਼ਤਾਰ ਸੰਜੈ ਸਿੰਘ ਨਾਲ ਇਕਜੁੱਟਤਾ ਪ੍ਰਗਟਾਈ ਗਈ ਤੇ ਡਟ ਕੇ ਮੋਦੀ ਸਰਕਾਰ ਦੀਆਂ ਵਧੀਕੀਆਂ ਦਾ ਟਾਕਰਾ ਕਰਨ ਦਾ ਇਰਾਦਾ ਦੁਹਰਾਇਆ। ਦਿੱਲੀ ‘ਆਪ’ ਦੇ ਕਨਵੀਨਰ ਗੋਪਾਲ ਰਾਏ ਨੇ ਕਿਹਾ ਕਿ ਭਾਜਪਾ ਚਾਹੁੰਦੀ ਹੈ ਕਿ ਵਿਰੋਧੀ ਧਿਰਾਂ ਦੇ ਆਗੂ ਅਗਲੀਆਂ ਲੋਕ ਸਭਾ ਚੋਣਾਂ ਜੇਲ੍ਹਾਂ ਵਿੱਚੋਂ ਹੀ ਜਿੱਤ ਕੇ ਬਾਹਰ ਆਉਣ। ਆਗੂਆਂ ਨੇ ਕਿਹਾ ਕਿ ‘ਆਪ’ ਸੰਘਰਸ਼ ਵਿੱਚੋਂ ਨਿਕਲੀ ਪਾਰਟੀ ਹੈ ਜੋ ਕਿਸੇ ਵੀ ਧੱਕੇ ਤੋਂ ਹੀਂ ਡਰਦੀ। ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੀ ਤਾਨਾਸ਼ਾਹੀ ਨਹੀਂ ਚਲੇਗੀ। ਕੇਂਦਰ-ਸੱਤਾਧਾਰੀ ਪਾਰਟੀ ’ਤੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਲਈ ਜਾਂਚ ਏਜੰਸੀਆਂ ਦੀ ‘ਦੁਰਵਰਤੋਂ’ ਕਰਨ ਦਾ ਦੋਸ਼ ਲਗਾਇਆ। ਵਰਕਰਾਂ ਵੱਲੋਂ ਦਿੱਲੀ ਪੁਲੀਸ ਦੀਆਂ ਰੋਕਾਂ ਟੱਪ ਕੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦੋਵੇਂ ਧਿਰਾਂ ਵਿਚਾਲੇ ਧੱਕਾ ਮੁੱਕੀ ਹੋਈ। ਇਸ ਦੌਰਾਨ ਪੁਲੀਸ ਨੇ ਕਈ ਕਾਰਕੁਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਜਨਿ੍ਹਾਂ ਨੂੰ ਸ਼ਾਮ ਨੂੰ ਛੱਡ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਜਾਂਚ ਏਜੰਸੀਆਂ ਦੇ ਰਡਾਰ ਦੇ ਅਧੀਨ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਨੂੰ ਸਤੰਬਰ 2022 ਵਿੱਚ ਬੰਦ ਕਰ ਦਿੱਤਾ ਗਿਆ ਸੀ।