‘ਆਪ’ ਨੇ ਸਿੱਖਿਆ ਖੇਤਰ ਵਿੱਚ ਅਮੀਰ-ਗਰੀਬ ਦਾ ਪਾੜਾ ਖਤਮ ਕੀਤਾ: ਕੇਜਰੀਵਾਲ

‘ਆਪ’ ਨੇ ਸਿੱਖਿਆ ਖੇਤਰ ਵਿੱਚ ਅਮੀਰ-ਗਰੀਬ ਦਾ ਪਾੜਾ ਖਤਮ ਕੀਤਾ: ਕੇਜਰੀਵਾਲ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਬਾਦਲੀ ਵਿਧਾਨ ਸਭਾ ਹਲਕੇ ਦੇ ਲਿਬਾਸਪੁਰ ਵਿੱਚ ਸਰਵੋਦਿਆ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਸੁਧਾਰ ਕਰ ਕੇ ਸ਼ਹਿਰ ਦੀ ਸਿੱਖਿਆ ਪ੍ਰਣਾਲੀ ਵਿੱਚ ਅਮੀਰ-ਗਰੀਬ ਦਾ ਪਾੜਾ ਪੂਰਾ ਦਿੱਤਾ ਹੈ। ਉਨ੍ਹਾਂ ਕਿਹਾ, “ਪਹਿਲਾਂ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਖਰਾਬ ਹੁੰਦੀ ਸੀ। ਕਲਾਸਾਂ ਟੈਂਟਾਂ ਵਿੱਚ ਚਲਾਈਆਂ ਜਾਂਦੀਆਂ ਸਨ, ਸਕੂਲਾਂ ਦੀਆਂ ਛੱਤਾਂ ਟੁੱਟੀਆਂ ਹੁੰਦੀਆਂ ਸਨ। ਪਖਾਨੇ ਜਾਂ ਪੀਣ ਵਾਲੇ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ। ਗਰੀਬ ਪਰਿਵਾਰ ਆਪਣੇ ਬੱਚਿਆਂ ਨੂੰ ਅਜਿਹੇ ਸਕੂਲਾਂ ਵਿੱਚ ਭੇਜਣ ਲਈ ਮਜ਼ਬੂਰ ਸਨ ਪਰ ‘ਆਪ’ ਸਰਕਾਰ ਨੇ ਦਿੱਲੀ ਦੀ ਸਿੱਖਿਆ ਪ੍ਰਣਾਲੀ ਵਿੱਚ ਅਮੀਰ ਅਤੇ ਗਰੀਬ ਵਿਚਾਲੇ ਪਾੜਾ ਖ਼ਤਮ ਕਰ ਦਿੱਤਾ ਹੈ।’’ ਕੇਜਰੀਵਾਲ ਨੇ ਕਿਹਾ ਕਿ ਲਿਬਾਸਪੁਰ ਦਾ ਸਰਕਾਰੀ ਸਕੂਲ ਕਿਸੇ ਵੀ ਪ੍ਰਾਈਵੇਟ ਸਕੂਲ ਨਾਲੋਂ ਵਧੀਆ ਹੈ। ਇਸ ਵਿੱਚ ਆਧੂਨਿਕ ਕਲਾਸ ਰੂਮ ਤੋਂ ਲੈ ਕੇ ਲਾਇਬ੍ਰੇਰੀ ਤੱਕ ਵਿਸ਼ਵ ਪੱਧਰੀ ਸਹੂਲਤਾਂ ਹੋਣਗੀਆਂ। ਉਨ੍ਹਾਂ ਕਿਹਾ, ‘‘ਅਸੀਂ ਸਾਫ਼ ਇਰਾਦੇ ਅਤੇ ਤਨਦੇਹੀ ਨਾਲ ਜਨਤਾ ਲਈ ਕੰਮ ਕਰਦੇ ਹਾਂ, ਇਸੇ ਲਈ ਅਸੀਂ ਤਮਾਮ ਰੁਕਾਵਟਾਂ ਦੇ ਬਾਵਜੂਦ ਲੋਕਾਂ ਲਈ ਇਹ ਸਭ ਕੁਝ ਕਰਨ ਦੇ ਸਮਰੱਥ ਹਾਂ। ਉਹ ਦਿੱਲੀ ਨੂੰ ਰੋਕਦੇ ਰਹੇ ਤੇ ਅਸੀਂ ਦਿੱਲੀ ਵਾਲਿਆਂ ਲਈ ਕੰਮ ਕਰਦੇ ਰਹੇ।’’

ਉਨ੍ਹਾਂ ਕਿਹਾ ਕਿ ਦਿੱਲੀ ਦੇ 80 ਫੀਸਦੀ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਹੋ ਗਏ ਹਨ। ਐੱਮਸੀਡੀ ਸਕੂਲਾਂ ਦੇ ਅਧਿਆਪਕਾਂ ਨੂੰ ਆਈਆਈਐਮ ਅਹਿਮਦਾਬਾਦ ਵਿੱਚ ਸਿਖਲਾਈ ਲਈ ਭੇਜਿਆ ਜਾ ਰਿਹਾ ਹੈ। ਇਹ ਸਕੂਲ ਵੀ 5-7 ਸਾਲਾਂ ਵਿੱਚ ਸ਼ਾਨਦਾਰ ਬਣ ਜਾਣਗੇ। ਸਕੂਲ ਦੀ ਇਸ ਚਾਰ ਮੰਜ਼ਿਲਾ ਇਮਾਰਤ ਵਿੱਚ 60 ਕਲਾਸ ਰੂਮ, 8 ਲੈਬ, 2 ਲਾਇਬ੍ਰੇਰੀਆਂ ਅਤੇ ਲਿਫਟ ਸਮੇਤ ਸਾਰੀਆਂ ਅਤਿਆਧੁਨਿਕ ਸਹੂਲਤਾਂ ਹਨ। ਇੱਥੇ ਦੋ ਹਜ਼ਾਰ ਬੱਚੇ ਸਿੱਖਿਆ ਪ੍ਰਾਪਤ ਕਰ ਸਕਣਗੇ। ਸਿੱਖਿਆ ਮੰਤਰੀ ਆਤਿਸ਼ੀ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਆਪਣੇ ਬਜਟ ਦਾ 25 ਫੀਸਦੀ ਹਿੱਸਾ ਸਿੱਖਿਆ ’ਤੇ ਖਰਚ ਕਰਦੀ ਹੈ।