ਆਨੰਦਪੁਰ ਸਾਹਿਬ ਹਲਕੇ ਨੂੰ ਸਿੱਖਿਆ ਪੱਖੋ ਮੋਹਰੀ ਬਣਾਵਾਂਗੇ: ਬੈਂਸ

ਆਨੰਦਪੁਰ ਸਾਹਿਬ ਹਲਕੇ ਨੂੰ ਸਿੱਖਿਆ ਪੱਖੋ ਮੋਹਰੀ ਬਣਾਵਾਂਗੇ: ਬੈਂਸ

ਸ੍ਰੀ ਆਨੰਦਪੁਰ ਸਾਹਿਬ- ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਨੂੰ ਮਿਆਰੀ ਸਿੱਖਿਆ ਦੀ ਰਾਜਧਾਨੀ ਵਜੋਂ ਵਿਕਸਿਤ ਕੀਤਾ ਜਾਵੇਗਾ ਜਿੱਥੇ ਦੂਰ-ਦੂਰਾਡੇ ਤੋਂ ਲੋਕ ਸੂਬੇ ਵਿੱਚ ਹੋਏ ਸਿੱਖਿਆ ਸੁਧਾਰ ਦਾ ਨਮੂਨਾ ਦੇਖਣ ਲਈ ਆਉਣਗੇ। ਉਨ੍ਹਾਂ ਕਿਹਾ ਕਿ ਗੰਭੀਰਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਨਮੂਨੇ ਦਾ ਸਕੂਲ ਬਣਾਇਆ ਜਾਵੇਗਾ।

ਸਿੱਖਿਆ ਮੰਤਰੀ ਅੱਜ ਸ੍ਰੀ ਆਨੰਦਪੁਰ ਸਾਹਿਬ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਾਲਾਨਾ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਸਨ। ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰੀ ਸਕੂਲਾਂ ਦੀ ਤਰਸਯੋਗ ਹਾਲਤ ਦਾ ਅਕਸ ਹੁਣ ਬਦਲ ਰਿਹਾ ਹੈ। 14 ਮਹੀਨਿਆਂ ਦੀ ਮਿਹਨਤ ਤੋਂ ਬਾਅਦ ਸਾਡੇ ਸਰਕਾਰੀ ਸਕੂਲ ਹੁਣ ਨਵੀ ਦਿੱਖ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰੀ-ਪ੍ਰਾਇਮਰੀ ਕਲਾਸਾਂ ਵਿੱਚ 21 ਪ੍ਰਤੀਸ਼ਤ ਦਾਖਲੇ ਵਧੇ ਹਨ। ਬੈਂਸ ਨੇ ਕਿਹਾ ਕਿ ਨੰਗਲ ਅਤੇ ਕੀਰਤਪੁਰ ਸਾਹਿਬ ਵਿਖੇ ਸਕੂਲ ਆਫ ਐਮੀਨੈਂਸ ਲਈ 7-7 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਵੱਲੋਂ ਵਿਦਿਅਕ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ। ਸਕੂਲ ਪਹੁੰਚਣ ’ਤੇ ਪ੍ਰਿੰ. ਨੀਰਜ ਕੁਮਾਰ ਵਰਮਾ, ਲੈਕ.ਦਇਆ ਸਿੰਘ ਅਤੇ ਸਮੂਹ ਸਟਾਫ ਵੱਲੋਂ ਮੰਤਰੀ ਹਰਜੋਤ ਬੈਂਸ ਦਾ ਸਵਾਗਤ ਕੀਤਾ ਗਿਆ।