ਆਧੁਨਿਕ ਮਸ਼ੀਨਾਂ ਨਾਲ ਹੋਵੇਗਾ ਦਿਲ ਦੇ ਮਰੀਜ਼ਾਂ ਦਾ ਇਲਾਜ: ਧਾਮੀ

ਆਧੁਨਿਕ ਮਸ਼ੀਨਾਂ ਨਾਲ ਹੋਵੇਗਾ ਦਿਲ ਦੇ ਮਰੀਜ਼ਾਂ ਦਾ ਇਲਾਜ: ਧਾਮੀ

ਕੁਰੂਕਸ਼ੇਤਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਚਲਾਏ ਜਾ ਰਹੇ ਮੀਰੀ-ਪੀਰੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ (ਚੈਰੀਟੇਬਲ ਟਰੱਸਟ) ਹੁਣ ਆਧੁਨਿਕ ਮਸ਼ੀਨਾਂ ਨਾਲ ਦਿਲ ਦੇ ਮਰੀਜ਼ਾਂ ਦਾ ਇਲਾਜ ਕਰੇਗਾ। ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦਿਆਂ ਸ਼੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਲਦੀ ਹੀ ਇਸ ਹਸਪਤਾਲ ਵਿੱਚ ਆਧੁਨਿਕ ਲੈਬ ਸਥਾਪਿਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਮਸ਼ੀਨਾਂ ਜਾਪਾਨ ਤੋਂ ਆਉਣਗੀਆਂ ਅਤੇ ਇਸ ਕੰਮ ਲਈ ਸਾਰੀਆਂ ਪ੍ਰਕਿਰਿਆਵਾਂ ਮੁਕੰਮਲ ਕਰ ਲਈਆਂ ਗਈਆਂ ਹਨ। ਧਾਮੀ ਨੇ ਦੱਸਿਆ ਕਿ ਹੁਣ ਪੀੜਤ ਮਰੀਜ਼ਾਂ ਨੂੰ ਚੈਰੀਟੇਬਲ ਰੇਟ ਦੇ ਕੇ ਵਧੀਆ ਸਹੂਲਤਾਂ ਮਿਲਣਗੀਆਂ। ਧਾਮੀ ਨੇ ਕਿਹਾ ਕਿ ਇਹ ਚੈਰੀਟੇਬਲ ਹਸਪਤਾਲ ਕੁਰੂਕਸ਼ੇਤਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਮਲਟੀ ਸਪੈਸ਼ਲਿਟੀ ਹਸਪਤਾਲ ਹੈ, ਜਿਸ ਕੋਲ ਭਾਰਤ ਦੇ ਕੁਆਲਿਟੀ ਕੰਟਰੋਲ ਤੋਂ ਨੈਬ ਸਰਟੀਫਿਕੇਟ ਹੈ। ਮੀਰੀ ਪੀਰੀ ਟਰੱਸਟ ਦੇ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਸ਼ੀਨ ’ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕੈਮਪੁਰ ਨੇ ਕੰਪਨੀ ਦੇ ਨੁਮਾਇੰਦਿਆਂ ਨੂੰ ਮਸ਼ੀਨ ਦੀ ਲਾਗਤ ਦਾ ਚੈੱਕ ਦਿੱਤਾ। ਸ੍ਰੀ ਧਾਮੀ ਨੇ ਦੱਸਿਆ ਕਿ ਆਯੂਸ਼ਮਾਨ ਭਾਰਤ ਯੋਜਨਾ ਦੇ ਦਿਲ ਦੇ ਮਰੀਜ਼, ਹਰਿਆਣਾ ਸਰਕਾਰ ਦੇ ਕਰਮਚਾਰੀ ਅਤੇ ਵੱਖ-ਵੱਖ ਬੀਮਾ ਕੰਪਨੀਆਂ ਦੇ ਕਾਰਡ ਧਾਰਕ ਵੀ ਇਸ ਹਸਪਤਾਲ ਵਿੱਚ ਮੁਫ਼ਤ ਇਲਾਜ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਈਸੀਐੱਚਐੱਸ (ਸਾਬਕਾ ਸੈਨਿਕ), ਸੀਜੀਐਚਐਸ (ਕੇਂਦਰੀ ਸਰਕਾਰ) ਅਤੇ ਈਐੱਸਆਈ ਕਾਰਡ ਧਾਰਕਾਂ ਦੇ ਸੇਵਾਮੁਕਤ ਕਰਮਚਾਰੀਆਂ ਨੂੰ ਵੀ ਜਲਦੀ ਹੀ ਸਿਹਤ ਸਹੂਲਤ ਮੁਹੱਈਆ ਕਰਵਾਈ ਜਾਵੇਗੀ।