ਆਦਿਵਾਸੀ ਹੋਣ ਕਾਰਨ ਮੁਰਮੂ ਨੂੰ ਰਾਮ ਮੰਦਰ ਸਮਾਗਮ ’ਚ ਆਉਣ ਤੋਂ ਰੋਕਿਆ: ਰਾਹੁਲ

ਆਦਿਵਾਸੀ ਹੋਣ ਕਾਰਨ ਮੁਰਮੂ ਨੂੰ ਰਾਮ ਮੰਦਰ ਸਮਾਗਮ ’ਚ ਆਉਣ ਤੋਂ ਰੋਕਿਆ: ਰਾਹੁਲ

ਅਮੇਠੀ- ਭਾਜਪਾ ’ਤੇ ਜ਼ੋਰਦਾਰ ਹਮਲਾ ਕਰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਆਦਿਵਾਸੀ ਹੋਣ ਕਾਰਨ ਉਨ੍ਹਾਂ ਨੂੰ ਅਯੁੱਧਿਆ ’ਚ ਰਾਮ ਮੰਦਰ ਦੇ ਸਮਾਗਮ ’ਚ ਆਉਣ ਤੋਂ ਰੋਕਿਆ ਗਿਆ ਸੀ। ਅਮੇਠੀ ’ਚ ਭਾਰਤ ਜੋੜੋ ਨਿਆਏ ਯਾਤਰਾ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਰਾਮ ਮੰਦਰ ਦੇ ਸਮਾਗਮ ਦੌਰਾਨ ਕੋਈ ਵੀ ਦਲਿਤ, ਕਿਸਾਨ ਜਾਂ ਮਜ਼ਦੂਰ ਚਿਹਰਾ ਨਜ਼ਰ ਨਹੀਂ ਆਇਆ ਪਰ ਤੁਸੀਂ ਅਡਾਨੀ, ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜ਼ਰੂਰ ਦੇਖਿਆ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰੇ ਵੱਡੇ ਕਾਰੋਬਾਰੀਆਂ ਦੇ ਨਾਲ ਅਮਿਤਾਭ ਬੱਚਨ, ਐਸ਼ਵਰਿਆ ਰਾਏ ਅਤੇ ਨਰਿੰਦਰ ਮੋਦੀ ਵੀ ਉਥੇ ਮੌਜੂਦ ਸਨ। ‘ਇਹ ਉਨ੍ਹਾਂ ਦਾ ਭਾਰਤ ਹੈ। ਇਹ ਤੁਹਾਡਾ ਨਹੀਂ ਹੈ। ਤੁਸੀਂ ਸਿਰਫ਼ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਉਂਦੇ ਹੋ ਜਦਕਿ ਉਹ ਸਾਰੇ ਹੈਲੀਕਾਪਟਰਾਂ ’ਚ ਸਫ਼ਰ ਕਰਦੇ ਹਨ ਅਤੇ ਪੈਸੇ ਬਣਾਉਂਦੇ ਹਨ।’ ਕਿਸਾਨਾਂ ਨੂੰ ਫ਼ਸਲਾਂ ’ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੇਣ ਦਾ ਵਾਅਦਾ ਕਰਦਿਆਂ ਰਾਹੁਲ ਨੇ ਕਿਹਾ, ‘‘ਕਿਸਾਨਾਂ ਨੂੰ ਦਿੱਲੀ ’ਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ ਹੈ। ਉਹ ਫ਼ਸਲਾਂ ’ਤੇ ਐੱਮਐੱਸਪੀ ਦੀ ਮੰਗ ਕਰ ਰਹੇ ਹਨ ਜੋ ਕੋਈ ਵੱਡੀ ਗੱਲ ਨਹੀਂ ਹੈ। ਸਾਡੀ ਸਰਕਾਰ ਜੇਕਰ ਸੱਤਾ ’ਚ ਆਈ ਤਾਂ ਕਾਂਗਰਸ ਪਾਰਟੀ ਕਿਸਾਨਾਂ ਨੂੰ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦੇਵੇਗੀ।’’ ਜਾਤੀ ਜਨਗਣਨਾ ਕਰਾਉਣ ਦੇ ਵਾਅਦੇ ਬਾਰੇ ਰਾਹੁਲ ਨੇ ਕਿਹਾ ਕਿ ਇਸ ਨਾਲ ਓਬੀਸੀਜ਼, ਦਲਿਤਾਂ ਅਤੇ ਪੱਛੜੇ ਵਰਗਾਂ ਦੀ ਫ਼ੀਸਦ ਦਾ ਪਤਾ ਲੱਗੇਗਾ। ਇਸ ਤੋਂ ਪਹਿਲਾਂ ਕਾਂਗਰਸ ਆਗੂ ਨੇ ਅੱਜ ਅਮੇਠੀ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਜਿਸ ਨੂੰ ਲੋਕਾਂ ਦਾ ਭਰਵਾਂ ਪਿਆਰ ਮਿਲਿਆ।