ਆਖ਼ਿਰਕਾਰ ਮੀਟਰ ਰੀਡਰਾਂ ਦੇ ਸੰਘਰਸ਼ ਨੂੰ ਬੂਰ ਪਿਆ

ਆਖ਼ਿਰਕਾਰ ਮੀਟਰ ਰੀਡਰਾਂ ਦੇ ਸੰਘਰਸ਼ ਨੂੰ ਬੂਰ ਪਿਆ

ਬਿਜਲੀ ਮੰਤਰੀ ਨੇ ਦਿੱਤਾ ਮੰਗਾਂ ਮੰਨਣ ਦਾ ਭਰੋਸਾ; ਯੂਨੀਅਨ ਵੱਲੋਂ ਨਿਯੁਕਤੀ ਪੱਤਰ ਮਿਲਣ ਤਕ ਧਰਨਾ ਸਥਾਨ ’ਤੇ ਹੀ ਬੈਠਣ ਦਾ ਐਲਾਨ
ਜੰਡਿਆਲਾ ਗੁਰੂ – ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਜੰਡਿਆਲਾ ਗੁਰੂ ਦਫ਼ਤਰ ਬਾਹਰ ਪਿਛਲੇ ਡੇਢ ਮਹੀਨੇ ਤੋਂ ਸੰਘਰਸ਼ ’ਤੇ ਡਟੀ ਪਾਵਰਕੌਮ ਮੀਟਰ ਰੀਡਰ ਯੂਨੀਅਨ (ਆਜ਼ਾਦ) ਨਾਲ ਅੱਜ ਮੰਤਰੀ ਵੱਲੋਂ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਦੀਆਂ ਮੰਗਾਂ ਉੱਪਰ ਵਿਚਾਰ-ਵਟਾਂਦਰਾ ਕੀਤਾ ਗਿਆ। ਬਿਜਲੀ ਮੰਤਰੀ ਨੇ ਆਗੂਆਂ ਨੂੰ ਜਲਦੀ ਉਨ੍ਹਾਂ ਦੀਆਂ ਮੰਗਾਂ ਮੰਨੇ ਜਾਣ ਦਾ ਭਰੋਸਾ ਦਿੱਤਾ।

ਇਸ ਮੌਕੇ ਬਿਜਲੀ ਮੰਤਰੀ ਹਰਭਜਨ ਸਿੰਘ ਡੀਟੀਓ ਨੇ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਧਰਨੇ ਵਾਲੀ ਜਗ੍ਹਾ ਉੱਪਰ ਮੀਟਰ ਰੀਡਰ ਯੂਨੀਅਨ ਨਾਲ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਮੀਟਰ ਰੀਡਰਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਉਨ੍ਹਾਂ ਨੂੰ ਇੱਕ-ਦੋ ਦਿਨਾਂ ਵਿੱਚ ਹੀ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ ਅਤੇ ਬਕਾਇਆ ਰਾਸ਼ੀ ਦਾ ਵੀ ਮਾਮਲਾ ਹੱਲ ਕਰ ਦਿੱਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਇਸ ਮੌਕੇ ਯੂਨੀਅਨ ਵੱਲੋਂ ਸਰਕਾਰ ਨਾਲ ਸਹਿਮਤੀ ਪ੍ਰਗਟਾਈ ਗਈ ਹੈ ਅਤੇ ਸਰਕਾਰ ਦੇ ਭਰੋਸੇ ਮਗਰੋਂ ਆਪਣਾ ਧਰਨਾ ਸਮਾਪਤ ਕਰ ਰਹੇ ਹਨ। ਇਸ ਸਬੰਧੀ ਯੂਨੀਅਨ ਦੇ ਮੀਤ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਨੇ ਕਿਹਾ ਉਨ੍ਹਾਂ ਵੱਲੋਂ ਪਿਛਲੇ ਡੇਢ ਮਹੀਨੇ ਤੋਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਜੰਡਿਆਲਾ ਗੁਰੂ ਸਥਿਤ ਦਫਤਰ ਦੇ ਸਾਹਮਣੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ। ਅੱਜ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਉਨ੍ਹਾਂ ਨੂੰ ਵਾਪਸ ਨਿੱਜੀ ਕੰਪਨੀਆਂ ਵਿੱਚ ਕੰਮ ਕਰਨ ਦੇ ਨਿਯੁਕਤੀ ਪੱਤਰ ਦੇਣ ਅਤੇ ਮੀਟਰ ਰੀਡਰਾਂ ਦੀ ਕੰਪਨੀਆਂ ਵੱਲ ਬਕਾਇਆ ਰਾਸ਼ੀ ਦਾ ਭੁਗਤਾਨ ਕਰਨ ਦਾ ਵੀ ਭਰੋਸਾ ਦਿੱਤਾ।

ਉਨ੍ਹਾਂ ਕਿਹਾ ਕਿ ਇਸ ਭਰੋਸੇ ਨਾਲ ਉਨ੍ਹਾਂ ਨੂੰ ਮੰਗਾਂ ਹੱਲ ਹੋਣ ਦੀ ਆਸ ਬੱਝ ਗਈ ਹੈ ਪਰ ਧਰਨੇ ਵਾਲੀ ਜਗ੍ਹਾ ਉੱਪਰ ਆ ਕੇ ਨਿਯੁਕਤੀ ਪੱਤਰ ਸੌਂਪਣ ਅਤੇ ਹੋਰ ਬਾਕੀ ਮੰਗਾਂ ਮੰਨੇ ਜਾਣ ਤੱਕ ਉਹ ਧਰਨੇ ਵਾਲੀ ਜਗ੍ਹਾ ਉੱਪਰ ਸ਼ਾਂਤਮਈ ਢੰਗ ਨਾਲ ਬੈਠੇ ਰਹਿਣਗੇ। ਉਨ੍ਹਾਂ ਕਿਹਾ ਬਿਜਲੀ ਮੰਤਰੀ ਵੱਲੋਂ ਉਨ੍ਹਾਂ ਨੂੰ ਇਕ ਦੋ ਦਿਨਾਂ ਦੇ ਅੰਦਰ ਸਾਰੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

ਇਸ ਮੌਕੇ ਈਟੀਓ ਦੀ ਪਤਨੀ ਸੁਹਿੰਦਰ ਕੌਰ, ਚੀਫ ਇੰਜਨੀਅਰ ਬਾਰਡਰ ਜ਼ੋਨ ਬਾਲ ਕ੍ਰਿਸ਼ਨ, ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਸੁਨੈਨਾ ਰੰਧਾਵਾ, ਨਰੇਸ਼ ਪਾਠਕ, ਸੂਬੇਦਾਰ ਛਨਾਖ ਸਿੰਘ, ਸਤਿੰਦਰ ਸਿੰਘ, ਮੀਟਰ ਰੀਡਰਜ਼ ਯੂਨੀਅਨ ਦੇ ਸੁਖਜੀਤ ਸਿੰਘ ਬਾਜ਼, ਜਗਸੀਰ ਸਿੰਘ ਤੇ ਹੋਰ ਸਾਥੀ ਵੀ ਮੌਜੂਦ ਸਨ।