ਆਈਪੀਐੱਲ: ਮੁੰਬਈ ਨੇ ਕੋਲਕਾਤਾ ਨੂੰ ਪੰਜ ਵਿਕਟਾਂ ਨਾਲ ਹਰਾਇਆ

ਆਈਪੀਐੱਲ: ਮੁੰਬਈ ਨੇ ਕੋਲਕਾਤਾ ਨੂੰ ਪੰਜ ਵਿਕਟਾਂ ਨਾਲ ਹਰਾਇਆ

ਮੁੰਬਈ – ਮੁੰਬਈ ਇੰਡੀਅਨਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੂੰ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ ਪੰਜ ਵਿਕਟਾਂ ਨਾਲ ਹਰਾ ਦਿੱਤਾ। ਵੈਂਕਟੇਸ਼ ਅਈਅਰ ਨੇ ਆਈਪੀਐੱਲ ਵਿੱਚ ਸਭ ਤੋਂ ਤੇਜ਼ ਤਰਾਰ ਸੈਂਕੜਾ ਮਾਰਦਿਆਂ 51 ਗੇਂਦਾਂ ਵਿੱਚ ਛੇ ਚੌਕਿਆਂ ਤੇ ਨੌਂ ਛਿੱਕਿਆਂ ਦੀ ਮਦਦ ਨਾਲ 104 ਦੌੜਾਂ ਬਣਾਈਆਂ। ਬਰੈਂਡਨ ਮੈਕੁਲਮ ਨੇ ਸਾਲ 2008 ਵਿੱਚ ਆਈਪੀਐੱਲ ਦੇ ਪਲੇਠੇ ਮੈਚ ਵਿੱਚ ਕੇਕੇਆਰ ਵੱਲੋਂ ਖੇਡਦਿਆਂ 158 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਪਿਛਲੇ 15 ਸਾਲਾਂ ਵਿੱਚ ਕੇਕੇਆਰ ਦਾ ਕੋਈ ਬੱਲੇਬਾਜ਼ ਇਹ ਮੁਕਾਮ ਹਾਸਲ ਨਹੀਂ ਕਰ ਸਕਿਆ ਸੀ। ਅਈਅਰ ਨੇ ਅਖ਼ੀਰ ਇਸ ਮਿਥਕ ਨੂੰ ਤੋੜ ਦਿੱਤਾ। ਉਸ ਦੀ ਇਸ ਪਾਰੀ ਦੀ ਮਦਦ ਨਾਲ ਕੇਕੇਆਰ ਨੇ ਛੇ ਵਿਕਟਾਂ ’ਤੇ 185 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਇਸ ਤੋਂ ਬਾਅਦ ਮੁੰਬਈ ਇੰਡੀਅਨਜ਼ ਨੇ 17.4 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ’ਤੇ 186 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਇਸ਼ਾਨ ਕਿਸ਼ਨ (25 ਗੇਂਦਾਂ ’ਤੇ 58 ਦੌੜਾਂ) ਅਤੇ ਰੋਹਿਤ ਸ਼ਰਮਾ (13 ਗੇਂਦਾਂ ’ਤੇ 20 ਦੌੜਾਂ) ਨੇ ਪਹਿਲੀ ਵਿਕਟ ਲਈ 65 ਦੌੜਾਂ ਜੋੜ ਕੇ ਮੁੰਬਈ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਕਾਰਜਕਾਰੀ ਕਪਤਾਨ ਸੂਰਿਆਕੁਮਾਰ ਯਾਦਵ (25 ਗੇਂਦਾਂ ’ਤੇ 43 ਦੌੜਾਂ) ਤੇ ਤਿਲਕ ਵਰਮਾ (25 ਗੇਂਦਾਂ ’ਤੇ 30 ਦੌੜਾਂ) ਨੇ ਤੀਸਰੀ ਵਿਕਟ ਲਈ 60 ਦੌੜਾਂ ਦੀ ਸਾਂਝੇਦਾਰੀ ਕੀਤੀ। ਟਿਮ ਡੇਵਿਡ 24 ਦੌੜਾਂ ਬਣਾ ਕੇ ਨਾਬਾਦ ਰਿਹਾ। ਮੁੰਬਈ ਦੀ ਚਾਰ ਮੈਚਾਂ ਵਿੱਚ ਇਹ ਦੂਸਰੀ ਜਿੱਤ ਹੈ, ਜਦਕਿ ਕੇਕੇਆਰ ਨੂੰ ਪੰਜ ਮੈਚਾਂ ਵਿੱਚ ਤੀਸਰੀ ਹਾਰ ਦਾ ਸਾਹਮਣਾ ਕਰਨਾ ਪਿਆ। ਰੋਹਿਤ ਬਿਮਾਰ ਹੋਣ ਕਾਰਨ ਟਾਸ ਕਰਨ ਨਹੀਂ ਆਇਆ, ਪਰ ਬਾਅਦ ਵਿੱਚ ਇੰਪੈਕਟ ਪਲੇਅਰ ਵਜੋਂ ਮੁੰਬਈ ਵੱਲੋਂ ਪਾਰੀ ਦਾ ਆਗਾਜ਼ ਕੀਤਾ।