ਆਈਪੀਐੱਲ: ਚਕਰਵਰਤੀ ਅਤੇ ਸਾਲਟ ਨੇ ਨਾਈਟ ਰਾਈਡਰਜ਼ ਨੂੰ ਦਿੱਲੀ ’ਤੇ ਜਿੱਤ ਦਿਵਾਈ

ਆਈਪੀਐੱਲ: ਚਕਰਵਰਤੀ ਅਤੇ ਸਾਲਟ ਨੇ ਨਾਈਟ ਰਾਈਡਰਜ਼ ਨੂੰ ਦਿੱਲੀ ’ਤੇ ਜਿੱਤ ਦਿਵਾਈ

ਦਿੱਲੀ ਕੈਪੀਟਲਜ਼ ਨੂੰ ਸੱਤ ਵਿਕਟਾਂ ਨਾਲ ਹਰਾਇਆ; ਦੂਜੇ ਸਥਾਨ ’ਤੇ ਆਪਣੀ ਸਥਿਤੀ ਮਜ਼ਬੂਤ ਕੀਤੀ

ਕੋਲਕਾਤਾ- ਵਰੁਣ ਚਕਰਵਰਤੀ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਵਧੀਆ ਪ੍ਰਦਰਸ਼ਨ ਤੋਂ ਬਾਅਦ ਸਲਾਮੀ ਬੱਲੇਬਾਜ਼ ਫਿਲ ਸਾਲਟ ਦੇ ਧੂੰਆਂਧਾਰ ਅਰਧ ਸੈਂਕੜੇ ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਅੱਜ ਇੱਥੇ ਦਿੱਲੀ ਕੈਪੀਟਲਜ਼ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਦੂਜੇ ਸਥਾਨ ’ਤੇ ਆਪਣੀ ਸਥਿਤੀ ਮਜ਼ਬੂਤ ਕੀਤੀ। ਦਿੱਲੀ ਦੇ 154 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਨਾਈਟ ਰਾਈਡਰਜ਼ ਨੇ ਸਾਲਟ ਦੀ 33 ਗੇਂਦਾਂ ਵਿੱਚ (ਪੰਜ ਛੱਕੇ ਤੇ ਸੱਤ ਚੌਕੇ) 68 ਦੌੜਾਂ ਦੀ ਪਾਰੀ ਦੀ ਬਦੌਲਤ 16.3 ਓਵਰਾਂ ਵਿੱਚ ਤਿੰਨ ਵਿਕਟ ’ਤੇ 157 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਸਾਲਟ ਨੇ ਸੁਨੀਲ ਨਾਰਾਇਣ (15) ਨਾਲ ਪਹਿਲੇ ਵਿਕਟ ਲਈ 79 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਕਪਤਾਨ ਸ਼੍ਰੇਅਸ ਅਈਅਰ (ਨਾਬਾਦ 33) ਅਤੇ ਵੈਂਕਟੇਸ਼ਨ ਅਈਅਰ (ਨਾਬਾਦ 26) ਨੇ ਚੌਥੇ ਵਿਕਟ ਲਈ 57 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰ ਕੇ ਟੀਮ ਨੂੰ ਟੀਚੇ ਤੱਕ ਪਹੁੰਚਾਇਆ। ਇਸ ਜਿੱਤ ਨਾਲ ਨਾਈਟ ਰਾਈਡਰਜ਼ ਦੇ ਨੌਂ ਮੈਚਾਂ ’ਚ ਛੇ ਜਿੱਤਾਂ ਨਾਲ 12 ਅੰਕ ਹੋ ਗਏ ਹਨ ਅਤੇ ਉਹ ਦੂਜੇ ਸਥਾਨ ’ਤੇ ਹੈ। ਦਿੱਲੀ ਦੀ ਟੀਮ 11 ਮੈਚਾਂ ਵਿੱਚ 10 ਅੰਕਾਂ ਨਾਲ ਛੇਵੇਂ ਸਥਾਨ ’ਤੇ ਹੈ। ਦਿੱਲੀ ਨੇ ਇਸ ਤੋਂ ਪਹਿਲਾਂ ਚਕਰਵਰਤੀ (16 ਦੌੜਾਂ ’ਤੇ ਤਿੰਨ ਵਿਕਟਾਂ), ਹਰਸ਼ਿਤ ਰਾਣਾ (28 ਦੌੜਾਂ ’ਤੇ ਦੋ ਵਿਕਟਾਂ) ਤੇ ਵੈਭਵ ਅਰੋੜਾ (29 ਦੌੜਾਂ ’ਤੇ ਦੋ ਵਿਕਟਾਂ) ਦੀ ਗੇਂਦਬਾਜ਼ੀ ਸਾਹਮਣੇ ਨਿਯਮਤ ਫ਼ਰਕ ’ਤੇ ਵਿਕਟਾਂ ਗੁਆਈਆਂ ਤੇ ਟੀਮ ਨੌਂ ਵਿਕਟਾਂ ਦੇ ਨੁਕਸਾਨ ਨਾਲ 153 ਦੌੜਾਂ ਹੀ ਬਣਾ ਸਕੀ।