ਆਈਪੀਐੱਲ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ ਬਣਿਆ ਸੈਮ ਕਰਨ

ਆਈਪੀਐੱਲ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ ਬਣਿਆ ਸੈਮ ਕਰਨ

ਕੋਚੀ: ਇੰਗਲੈਂਡ ਦਾ ਹਰਫਨਮੌਲਾ ਖਿਡਾਰੀ ਸੈਮ ਕਰਨ ਆਈਪੀਐੱਲ ਨਿਲਾਮੀ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਹੈ। ਪੰਜਾਬ ਕਿੰਗਜ਼ ਨੇ ਉਸ ਨੂੰ 18.50 ਕਰੋੜ ਰੁਪਏ ਵਿੱਚ ਖ਼ਰੀਦਿਆ ਹੈ। ਫਰੈਂਚਾਈਜ਼ੀ ਟੀਮਾਂ ਨੇ ਇਸ ਨਿਲਾਮੀ ਦੌਰਾਨ ਚੋਟੀ ਦੇ ਪੰਜ ਖਿਡਾਰੀਆਂ ’ਤੇ 73.75 ਕਰੋੜ ਰੁਪਏ ਖਰਚ ਕੀਤੇ ਹਨ। ਸੈਮ ਕਰਨ ਨੂੰ ਖ਼ਰੀਦਣ ਲਈ ਮੁੰਬਈ ਇੰਡੀਅਨਜ਼, ਰੌਇਲ ਚੈਲੰਜਰਜ਼ ਬੰਗਲੌਰ, ਰਾਜਸਥਾਨ ਰੌਇਲਜ਼, ਚੇਨੱਈ ਸੁਪਰ ਕਿੰਗਜ਼, ਲਖਨਊ ਸੁਪਰ ਜਾਇੰਟਸ ਅਤੇ ਪੰਜਾਬ ਕਿੰਗਜ਼ ਦਰਮਿਆਨ ਬੋਲੀ ਪ੍ਰਕਿਰਿਆ ਲੰਬੀ ਚੱਲੀ। ਹਾਲ ਹੀ ਵਿੱਚ ਟੀ-20 ਵਿਸ਼ਵ ਕੱਪ ਵਿੱਚ ਸਰਬੋਤਮ ਖਿਡਾਰੀ ਦਾ ਪੁਰਸਕਾਰ ਜਿੱਤਣ ਵਾਲੇ ਕਰਨ ਨੂੰ ਪੰਜਾਬ ਕਿੰਗਜ਼ ਨੇ ਰਿਕਾਰਡ ਵੱਡੀ ਰਕਮ ਦੇ ਕੇ ਖ਼ਰੀਦਿਆ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦਾ ਹਰਫਨਮੌਲਾ ਕ੍ਰਿਸ ਮੌਰਿਸ 2021 ਵਿੱਚ ਆਈਪੀਐੱਲ ਦਾ ਸਭ ਤੋਂ ਮਹਿੰਗਾ ਖਿਡਾਰੀ ਬਣਿਆ ਸੀ। ਉਸ ਸਮੇਂ ਰਾਜਸਥਾਨ ਰੌਇਲਜ਼ ਨੇ ਉਸ ’ਤੇ 16.25 ਕਰੋੜ ਰੁਪਏ ਦੀ ਬੋਲੀ ਲਗਾਈ ਸੀ।

ਆਸਟਰੇਲੀਆ ਦੇ ਹਰਫਨਮੌਲਾ ਕੈਮਰਨ ਗ੍ਰੀਨ ਨੂੰ ਆਈਪੀਐੱਲ ਨਿਲਾਮੀ ਵਿੱਚ ਮੁੰਬਈ ਇੰਡੀਅਨਜ਼ ਨੇ 17.50 ਕਰੋੜ ਰੁਪਏ ਵਿੱਚ ਖ਼ਰੀਦਿਆ ਹੈ। ਉਹ ਇਸ ਲੀਗ ਦੇ ਇਤਿਹਾਸ ਵਿੱਚ ਦੂਸਰਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਹੈ। ਚੇਨੱਈ ਸੁਪਰ ਕਿੰਗਜ਼ ਨੇ ਇੰਗਲੈਂਡ ਦੇ ਟੈਸਟ ਕਪਤਾਨ ਤੇ ਹਰਫਨਮੌਲਾ ਬੇਨ ਸਟੋਕਸ ਨੂੰ 16.25 ਕਰੋੜ ਦੀ ਰਕਮ ਦੇ ਕੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ। ਸਟੋਕਸ ਨੂੰ ਖ਼ਰੀਦਣ ਲਈ ਚੇਨੱਈ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦਰਮਿਆਨ ਬੋਲੀ ਦਾ ਦੌਰ ਲੰਮਾ ਸਮਾਂ ਚੱਲਿਆ। ਅਖ਼ੀਰ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਟੀਮ ਦੇ ਨਾਮ ਬੋਲੀ ਟੁੱਟੀ। ਆਈਪੀਐੱਲ ਦੀ ਇਸ ਛੋਟੀ ਨਿਲਾਮੀ ਵਿੱਚ ਇੰਗਲੈਂਡ ਦੇ ਖਿਡਾਰੀਆਂ ਦਾ ਦਬਦਬਾ ਰਿਹਾ। ਟੀਮ ਦੇ ਬੱਲੇਬਾਜ਼ ਹੈਰੀ ਬਰੁੱਕ ਲਈ ਸਨਰਾਈਜ਼ਰਜ਼ ਹੈਦਰਾਬਾਦ ਨੇ 13.25 ਕਰੋੜ ਰੁਪਏ ਖ਼ਰਚ ਕੀਤੇ। ਹਾਲ ਹੀ ਵਿੱਚ ਪਾਕਿਸਤਾਨ ਦੌਰੇ ’ਤੇ ਲਗਾਤਾਰ ਤਿੰਨ ਸੈਂਕੜਿਆਂ ਦਾ ਰਿਕਾਰਡ ਬਣਾਉਣ ਵਾਲੇ ਬਰੁੱਕ ਦੀ ਆਧਾਰ ਕੀਮਤ ਡੇਢ ਕਰੋੜ ਰੁਪਏ ਸੀ। ਭਾਰਤ ਦੇ ਕੌਮਾਂਤਰੀ ਖਿਡਾਰੀ ਮਾਯੰਕ ਅਗਰਵਾਲ ਨੂੰ ਵੀ ਸਨਰਾਈਜ਼ਰਜ਼ ਹੈਦਰਾਬਾਦ ਨੇ 8.25 ਕਰੋੜ ਰੁਪਏ ਵਿੱਚ ਖ਼ਰੀਦਿਆ। ਉਸ ਦੀ ਆਧਾਰ ਕੀਮਤ ਇੱਕ ਕਰੋੜ ਰੁਪਏ ਸੀ। ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਨੂੰ ਗੁਜਰਾਤ ਟਾਈਟਨਜ਼ ਨੇ ਉਨ੍ਹਾਂ ਦਾ ਆਧਾਰ ਮੁੱਲ ਦੋ ਕਰੋੜ ਰੁਪਏ ਵਿੱਚ ਖ਼ਰੀਦਿਆ। ਭਾਰਤੀ ਟੀਮ ਵਿੱਚੋਂ ਬਾਹਰ ਚੱਲ ਰਹੇ ਅਜਿੰਕਿਆ ਰਹਾਣੇ ਨੂੰ ਉਸ ਦੇ ਆਧਾਰ ਮੁੱਲ 50 ਲੱਖ ਰੁਪਏ ਵਿੱਚ ਚੇਨੱਈ ਸੁਪਰ ਕਿੰਗਜ਼ ਨੇ ਖ਼ਰੀਦਿਆ ਹੈ। ਰਾਜਸਥਾਨ ਰੌਇਲਜ਼ ਨੇ ਵੈਸਟ ਇੰਡੀਜ਼ ਦੇ ਹਰਫਨਮੌਲਾ ਜੇਸਨ ਹੋਲਡਰ ’ਤੇ 5.75 ਕਰੋੜ ਦੀ ਬੋਲੀ ਲਗਾਈ ਹੈ।