ਆਈਟੀ ਵਿਭਾਗ ਨੇ ਕਾਂਗਰਸ ਦੇ ਖ਼ਾਤੇ ਜਾਮ ਕੀਤੇ

ਆਈਟੀ ਵਿਭਾਗ ਨੇ ਕਾਂਗਰਸ ਦੇ ਖ਼ਾਤੇ ਜਾਮ ਕੀਤੇ

ਅਪੀਲੀ ਟੑਿਬਿਊਨਲ ਨੇ ਬੁੱਧਵਾਰ ਤੱਕ ਖ਼ਾਤਿਆਂ ਤੋਂ ਰੋਕ ਹਟਾਈ

  • ਟੈਕਸ ਰਿਟਰਨ ਭਰਨ ’ਚ ਦੇਰੀ ਕਾਰਨ ਹੋਈ ਕਾਰਵਾਈ
  • ਖੜਗੇ ਅਤੇ ਰਾਹੁਲ ਨੇ ਲੋਕਤੰਤਰ ਖ਼ਤਰੇ ’ਚ ਹੋਣ ਦਾ ਕੀਤਾ ਦਾਅਵਾ

ਨਵੀਂ ਦਿੱਲੀ- ਇਨਕਮ ਟੈਕਸ (ਆਈਟੀ) ਵਿਭਾਗ ਨੇ ਕਾਂਗਰਸ ਪਾਰਟੀ ਦੇ ਮੁੱਖ ਬੈਂਕ ਖ਼ਾਤਿਆਂ ਨੂੰ ਜਾਮ (ਫਰੀਜ਼) ਕਰ ਦਿੱਤਾ ਪਰ ਬਾਅਦ ’ਚ ਆਮਦਨ ਕਰ ਅਪੀਲ ਟ੍ਰਿਬਿਊਨਲ ਨੇ ਅਗਲੇ ਹਫ਼ਤੇ ਸੁਣਵਾਈ ਹੋਣ ਤੱਕ ਉਸ ਦੇ ਖ਼ਾਤਿਆਂ ਤੋਂ ਰੋਕ ਹਟਾ ਦਿੱਤੀ। ਕਾਂਗਰਸ ਨੂੰ ਇਸ ਨਾਲ ਵੱਡੀ ਰਾਹਤ ਮਿਲੀ ਅਤੇ ਉਸ ਨੇ ਕਿਹਾ ਕਿ ਰੋਕ ਨਾਲ ਪਾਰਟੀ ਦੀਆਂ ਸਰਗਰਮੀਆਂ ’ਚ ਵਿਘਨ ਪੈ ਗਿਆ ਸੀ। ਕਾਂਗਰਸ ਦੇ ਖ਼ਜ਼ਾਨਚੀ ਅਜੈ ਮਾਕਨ, ਜਿਨ੍ਹਾਂ ਪ੍ਰੈੱਸ ਕਾਨਫਰੰਸ ਕਰਕੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਾਰਟੀ ਦੇ ਖ਼ਾਤੇ ਜਾਮ ਕਰਨ ਦੀ ਜਾਣਕਾਰੀ ਦਿੱਤੀ ਸੀ, ਨੇ ਕਿਹਾ ਕਿ ਟ੍ਰਿਬਿਊਨਲ ਨੇ ਪਾਰਟੀ ਨੂੰ ਖ਼ਾਤਿਆਂ ’ਚ 115 ਕਰੋੜ ਰੁਪਏ ਰੱਖਣ ਲਈ ਆਖਿਆ ਹੈ ਅਤੇ ਪਾਰਟੀ ਉਸ ਤੋਂ ਉਪਰ ਦੀ ਰਕਮ ਖ਼ਰਚ ਕਰ ਸਕਦੀ ਹੈ। ਟ੍ਰਿਬਿਊਨਲ ਅੱਗੇ ਪੇਸ਼ ਹੋਏ ਕਾਂਗਰਸ ਆਗੂ ਅਤੇ ਵਕੀਲ ਵਿਵੇਕ ਤਨਖ਼ਾ ਨੇ ਕਿਹਾ ਕਿ ਉਨ੍ਹਾਂ ਟ੍ਰਿਬਿਊਨਲ ’ਚ ਦਲੀਲ ਦਿੱਤੀ ਕਿ ਜੇਕਰ ਬੈਂਕ ਖ਼ਾਤੇ ਜਾਮ ਰਹੇ ਤਾਂ ਕਾਂਗਰਸ ‘ਚੁਣਾਵੀ ਉਤਸਵ’ ’ਚ ਸ਼ਾਮਲ ਨਹੀਂ ਹੋ ਸਕੇਗੀ। ਟ੍ਰਿਬਿਊਨਲ ਵੱਲੋਂ ਅੰਤਿਮ ਫ਼ੈਸਲਾ ਲਏ ਜਾਣ ਤੋਂ ਪਹਿਲਾਂ ਅਗਲੇ ਬੁੱਧਵਾਰ ਮਾਮਲੇ ’ਤੇ ਸੁਣਵਾਈ ਕੀਤੀ ਜਾਵੇਗੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸਾਬਕਾ ਮੁਖੀ ਰਾਹੁਲ ਗਾਂਧੀ ਸਮੇਤ ਪਾਰਟੀ ਦੇ ਕਈ ਆਗੂਆਂ ਨੇ ਇਸ ਮੁੱਦੇ ’ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ਦਾ ਕਦਮ ਲੋਕਤੰਤਰ ’ਤੇ ਹਮਲਾ ਹੈ।

ਦੇਸ਼ ’ਚ ਲੋਕਤੰਤਰ ਖ਼ਤਰੇ ’ਚ ਹੋਣ ਦਾ ਦਾਅਵਾ ਕਰਦਿਆਂ ਮਾਕਨ ਨੇ ‘ਐਕਸ’ ’ਤੇ ਪੋਸਟ ਕੀਤਾ,‘‘ਸਾਡੀ ਅਰਜ਼ੀ ’ਤੇ ਆਮਦਨ ਕਰ ਵਿਭਾਗ ਅਤੇ ਅਪੀਲੀ ਅਥਾਰਿਟੀ ਨੇ ਕਿਹਾ ਹੈ ਕਿ ਪਾਰਟੀ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ 115 ਕਰੋੜ ਰੁਪਏ ਬੈਂਕ ਖ਼ਾਤਿਆਂ ’ਚ ਰੱਖੇ ਜਾਣ। ਅਸੀਂ ਉਸ ਤੋਂ ਉਪਰ ਦੀ ਰਕਮ ਹੀ ਖ਼ਰਚ ਕਰ ਸਕਦੇ ਹਾਂ। ਇਸ ਦਾ ਮਤਲਬ ਹੈ ਕਿ 115 ਕਰੋੜ ਰੁਪਏ ਫਰੀਜ਼ ਕਰ ਦਿੱਤੇ ਗਏ ਹਨ। ਇਹ 115 ਕਰੋੜ ਰੁਪਏ ਦੀ ਰਕਮ ਸਾਡੇ ਚਾਲੂ ਖ਼ਾਤੇ ਤੋਂ ਕਿਤੇ ਵੱਧ ਹੈ।’’ ਉਨ੍ਹਾਂ ਕਿਹਾ ਕਿ ਆਮ ਚੋਣਾਂ ਦੇ ਐਲਾਨ ਤੋਂ ਮਸਾਂ ਦੋ ਹਫ਼ਤੇ ਪਹਿਲਾਂ ਪਾਰਟੀ ਦੇ ਖ਼ਾਤੇ ‘ਪੇਤਲੇ ਆਧਾਰ’ ’ਤੇ ਜਾਮ ਕਰਨ ਨਾਲ ਸਾਰੀਆਂ ਸਿਆਸੀ ਗਤੀਵਿਧੀਆਂ ’ਤੇ ਅਸਰ ਪੈ ਗਿਆ ਸੀ। ਮਾਕਨ ਨੇ ਕਿਹਾ ਕਿ 2018-19 ਦੀ ਆਮਦਨ ਕਰ ਰਿਟਰਨ ਨੂੰ ਆਧਾਰ ਬਣਾ ਕੇ 210 ਕਰੋੜ ਰੁਪਏ ਰਿਕਵਰੀ ਦੀ ਮੰਗ ਕਰਦਿਆਂ ਯੂਥ ਕਾਂਗਰਸ ਸਮੇਤ ਹੋਰਾਂ ਦੇ ਖ਼ਾਤੇ ਜਾਮ ਕਰ ਦਿੱਤੇ ਗਏ। ਉਨ੍ਹਾਂ ਮੁਤਾਬਕ ਪਾਰਟੀ ਨੇ ਸਬੰਧਤ ਵਰ੍ਹੇ ਦੀ ਆਮਦਨ ਕਰ ਰਿਟਰਨ ਕੁਝ ਦਿਨ ਦੇਰੀ ਨਾਲ ਭਰੀ ਸੀ ਜਿਸ ਕਾਰਨ ਇਹ ਕਾਰਵਾਈ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਵੱਲੋਂ ਆਪਣੀ ਤਨਖ਼ਾਹ ’ਚੋਂ ਪਾਰਟੀ ਨੂੰ ਦਾਨ ਵਜੋਂ ਦਿੱਤੇ ਗਏ 14.4 ਲੱਖ ਰੁਪਏ ਦੀ ਨਕਦ ਰਸੀਦ ’ਚ ਖਾਮੀਆਂ ਨਾਲ ਵੀ ਸਬੰਧਤ ਹੈ। ਮਾਕਨ ਨੇ ਕਿਹਾ ਕਿ ਚਾਰ ਮੁੱਖ ਬੈਂਕ ਖ਼ਾਤੇ ਫਰੀਜ਼ ਕੀਤੇ ਗਏ ਹਨ ਜਦਕਿ ਸੂਤਰਾਂ ਨੇ ਬਾਅਦ ’ਚ ਇਨ੍ਹਾਂ ਦੀ ਗਿਣਤੀ 9 ਦੱਸੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਪਾਰਟੀ ਨੇ ਲੋਕਾਂ ਤੋਂ ਜਿਹੜੇ ਫੰਡ ਇਕੱਤਰ ਕੀਤੇ ਸਨ, ਉਨ੍ਹਾਂ ਦੀ ਵਰਤੋਂ ’ਤੇ ਵੀ ਰੋਕ ਲਗਾ ਦਿੱਤੀ ਗਈ ਸੀ। ਰਾਹੁਲ ਗਾਂਧੀ ਨੇ ‘ਐਕਸ’ ’ਤੇ ਹੈਸ਼ਟੈਗ ‘ਡੈਮੋਕਰੈਸੀ ਅੰਡਰ ਅਟੈਕ’ ਦੀ ਵਰਤੋਂ ਕਰਦਿਆਂ ਕਿਹਾ,‘‘ਮੋਦੀ ਜੀ ਡਰੋ ਨਾ, ਕਾਂਗਰਸ ਧਨ ਸ਼ਕਤੀ ਦਾ ਨਾਮ ਨਹੀਂ ਸਗੋਂ ਲੋਕ ਸ਼ਕਤੀ ਹੈ। ਅਸੀਂ ਤਾਨਾਸ਼ਾਹੀ ਅੱਗੇ ਨਾ ਕਦੇ ਝੁਕੇ ਹਾਂ ਅਤੇ ਨਾ ਹੀ ਹੁਣ ਝੁਕਾਂਗੇ। ਹਰੇਕ ਕਾਂਗਰਸੀ ਵਰਕਰ ਦੇਸ਼ ਦੇ ਲੋਕਤੰਤਰ ਦੀ ਰਾਖੀ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਦੇਵੇਗਾ।’’ ਕਾਂਗਰਸ ਪ੍ਰਧਾਨ ਖੜਗੇ ਨੇ ਆਪਣੀ ਪੋਸਟ ’ਚ ਕਿਹਾ ਕਿ ਸੱਤਾ ਦੇ ਨਸ਼ੇ ’ਚ ਚੂਰ ਮੋਦੀ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਦੇਸ਼ ਦੀ ਸਭ ਤੋਂ ਵੱਡੀ ਵਿਰੋਧੀ ਧਿਰ ਕਾਂਗਰਸ ਦੇ ਖ਼ਾਤੇ ਫਰੀਜ਼ ਕਰ ਦਿੱਤੇ ਹਨ। ‘ਇਹ ਲੋਕਤੰਤਰ ’ਤੇ ਸਖ਼ਤ ਹਮਲਾ ਹੈ। ਭਾਜਪਾ ਨੇ ਜੋ ਗ਼ੈਰਸੰਵਿਧਾਨਕ ਪੈਸਾ ਇਕੱਤਰ ਕੀਤਾ ਹੈ, ਉਸ ਦੀ ਵਰਤੋਂ ਉਹ ਚੋਣਾਂ ’ਚ ਕਰਨਗੇ ਪਰ ਅਸੀਂ ਲੋਕਾਂ ਰਾਹੀਂ ਜੋ ਪੈਸਾ ਇਕੱਠਾ ਕੀਤਾ ਹੈ, ਉਸ ਨੂੰ ਸੀਲ ਕਰ ਦਿੱਤਾ। ਇਸ ਲਈ ਮੈਂ ਆਖਿਆ ਹੈ ਕਿ ਭਵਿੱਖ ’ਚ ਕੋਈ ਚੋਣਾਂ ਨਹੀਂ ਹੋਣਗੀਆਂ। ਅਸੀਂ ਨਿਆਂਪਾਲਿਕਾ ਨੂੰ ਅਪੀਲ ਕਰਦੇ ਹਾਂ ਕਿ ਦੇਸ਼ ’ਚ ਬਹੁ-ਪਾਰਟੀ ਪ੍ਰਣਾਲੀ ਅਤੇ ਲੋਕਤੰਤਰ ਨੂੰ ਬਚਾਇਆ ਜਾਵੇ।’ ਉਨ੍ਹਾਂ ਕਿਹਾ ਕਿ ਪਾਰਟੀ ਸੜਕਾਂ ’ਤੇ ਉਤਰੇਗੀ ਅਤੇ ਇਸ ਅਨਿਆਂ ਤੇ ਤਾਨਾਸ਼ਾਹੀ ਖ਼ਿਲਾਫ਼ ਜ਼ੋਰਦਾਰ ਤਰੀਕੇ ਨਾਲ ਲੜੇਗੀ।