ਅੱਠ ਸਾਬਕਾ ਭਾਰਤੀ ਜਲ ਸੈਨਿਕ ਕਤਰ ਦੀ ਜੇਲ੍ਹ ’ਚੋਂ ਰਿਹਾਅ

ਅੱਠ ਸਾਬਕਾ ਭਾਰਤੀ ਜਲ ਸੈਨਿਕ ਕਤਰ ਦੀ ਜੇਲ੍ਹ ’ਚੋਂ ਰਿਹਾਅ

ਸੱਤ ਜਣੇ ਦੇਸ਼ ਪਰਤੇ; ਪ੍ਰਧਾਨ ਮੰਤਰੀ ਮੋਦੀ ਭਲਕੇ ਜਾਣਗੇ ਦੋਹਾ
ਨਵੀਂ ਦਿੱਲੀ- ਕਤਰ ਨੇ ਕਥਿਤ ਜਾਸੂਸੀ ਦੇ ਦੋਸ਼ ਤਹਿਤ ਜੇਲ੍ਹ ਵਿੱਚ ਬੰਦ ਅੱਠ ਸਾਬਕਾ ਭਾਰਤੀ ਜਲ ਸੈਨਿਕਾਂ ਨੂੰ ਰਿਹਾਅ ਕਰ ਦਿੱਤਾ ਹੈ। ਇਨ੍ਹਾਂ ਜਲ ਸੈਨਿਕਾਂ ਨੂੰ ਪਿਛਲੇ ਸਾਲ ਅਕਤੂਬਰ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਪਰ ਭਾਰਤ ਸਰਕਾਰ ਦੇ ਦਖ਼ਲ ਮਗਰੋਂ ਇਸ ਨੂੰ ਕੈਦ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਰਿਹਾਅ ਕੀਤੇ ਜਲ ਸੈਨਿਕਾਂ ਵਿਚੋਂ ਸੱਤ ਅੱਜ ਦੇਸ਼ ਪਰਤ ਆਏ ਹਨ। ਸਾਬਕਾ ਜਲ ਸੈਨਿਕਾਂ ’ਤੇ ਕਥਿਤ ਜਾਸੂਸੀ ਦਾ ਦੋਸ਼ ਸੀ ਪਰ ਕਤਰੀ ਪ੍ਰਸ਼ਾਸਨ ਜਾਂ ਨਵੀਂ ਦਿੱਲੀ ਵਿਚੋਂ ਕਿਸੇ ਨੇ ਵੀ ਦੋਸ਼ਾਂ ਨੂੰ ਜਨਤਕ ਨਹੀਂ ਕੀਤਾ। ਇਨ੍ਹਾਂ ਸਾਬਕਾ ਜਲ ਸੈਨਿਕਾਂ ਨੂੰ ਅਗਸਤ 2022 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੌਰਾਨ ਵਿਦੇਸ਼ ਸਕੱਤਰ ਵਿਨੈ ਕਵਾਤੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਅਰਬ ਅਮੀਰਾਤ ਦੀ ਆਪਣੀ ਦੋ ਰੋਜ਼ਾ ਫੇਰੀ ਮਗਰੋਂ 14 ਫਰਵਰੀ ਨੂੰ ਦੋਹਾ (ਕਤਰ) ਦੀ ਯਾਤਰਾ ਕਰਨਗੇ।

ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਭਾਰਤ ਕਤਰ ਵੱਲੋਂ ਲਏ ਫੈਸਲੇ ਦੀ ਸ਼ਲਾਘਾ ਕਰਦਾ ਹੈ, ਜਿਸ ਨਾਲ ਭਾਰਤੀਆਂ ਦੀ ਜੇਲ੍ਹ ’ਚੋਂ ਰਿਹਾਈ ਤੇ ਘਰ ਵਾਪਸੀ ਸੰਭਵ ਹੋ ਸਕੀ। ਉਧਰ ਵੱਖ ਵੱਖ ਸਿਆਸੀ ਪਾਰਟੀਆਂ ਨੇ ਭਾਰਤੀਆਂ ਦੀ ਕਤਰ ਦੀ ਜੇਲ੍ਹ ’ਚੋਂ ਰਿਹਾਈ ’ਤੇ ਖੁ਼ਸ਼ੀ ਜ਼ਾਹਿਰ ਕਰਦਿਆਂ ਸਾਬਕਾ ਜਲ ਸੈਨਿਕਾਂ ਦਾ ਘਰ ਵਾਪਸੀ ’ਤੇ ਸਵਾਗਤ ਕੀਤਾ ਹੈ। ਮੰਤਰਾਲੇ ਨੇ ਕਿਹਾ, ‘‘ਭਾਰਤ ਸਰਕਾਰ ਦਾਹਰਾ ਗਲੋਬਲ ਕੰਪਨੀ ਲਈ ਕੰਮ ਕਰਦੇ ਅੱਠ ਭਾਰਤੀ ਨਾਗਰਿਕਾਂ, ਜਿਨ੍ਹਾਂ ਨੂੰ ਕਤਰ ਵਿਚ ਹਿਰਾਸਤ ’ਚ ਲੈ ਲਿਆ ਗਿਆ ਸੀ, ਦੀ ਰਿਹਾਈ ਦਾ ਸਵਾਗਤ ਕਰਦੀ ਹੈ।’’ ਮੰਤਰਾਲੇ ਨੇ ਸੰਖੇਪ ਬਿਆਨ ਵਿਚ ਕਿਹਾ, ‘‘ਇਨ੍ਹਾਂ ਅੱਠ ਭਾਰਤੀਆਂ ਵਿਚੋਂ ਸੱਤ ਜਣੇ ਭਾਰਤ ਪਰਤ ਆਏ ਹਨ। ਅਸੀਂ ਕਤਰ ਵੱਲੋਂ ਲਏ ਫੈਸਲੇ ਦਾ ਸਵਾਗਤ ਕਰਦੇ ਹਾਂ ਜਿਸ ਨਾਲ ਭਾਰਤੀ ਨਾਗਰਿਕਾਂ ਦੀ ਰਿਹਾਈ ਤੇ ਘਰ ਵਾਪਸੀ ਸੰਭਵ ਹੋ ਸਕੀ।’’ ਅੱਠ ਭਾਰਤੀ ਨਾਗਰਿਕਾਂ ਵਿਚ ਕੈਪਟਨ (ਸੇਵਾਮੁਕਤ) ਨਵਤੇਜ ਗਿੱਲ ਤੇ ਸੌਰਭ ਵਸ਼ਿਸ਼ਟ, ਕਮਾਂਡਰਜ਼ (ਸੇਵਾਮੁਕਤ) ਪੁਰਨੇਂਦੂ ਤਿਵਾੜੀ, ਅਮਿਤ ਨਾਗਪਾਲ, ਐੱਸ. ਕੇ. ਗੁਪਤਾ, ਬੀ. ਕੇ. ਵਰਮਾ ਤੇ ਸੁਗੂਨਾਕਰ ਪਕਾਲਾ ਤੇ ਮਲਾਹ ਰਾਗੇਸ਼ ਸ਼ਾਮਲ ਹਨ। ਇਨ੍ਹਾਂ ਵਿਚੋਂ ਕਮਾਂਡਰ ਤਿਵਾੜੀ ਅਜੇ ਦੋਹਾ ਵਿਚ ਹਨ ਤੇ ਉਨ੍ਹਾਂ ਦੇ ਜਲਦੀ ਭਾਰਤ ਪਰਤ ਆਉਣ ਦੀ ਉਮੀਦ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਦਸੰਬਰ ਵਿਚ ਦੁਬਈ ਵਿਚ ਕੋਪ28 ਸਿਖਰ ਸੰਮੇਲਨ ਦੌਰਾਨ ਕਤਰ ਦੇ ਸ਼ਾਸਕ ਸ਼ੇਖ ਤਮੀਮ ਬਿਨ ਹਾਮਦ ਅਲ-ਥਾਨੀ ਨਾਲ ਮੁਲਾਕਾਤ ਕਰਦਿਆਂ ਕਤਰ ਵਿੱਚ ਭਾਰਤੀ ਭਾਈਚਾਰੇ ਦੀ ਸਲਾਮਤੀ ਬਾਰੇ ਚਰਚਾ ਕੀਤੀ ਸੀ।

ਸੂਤਰਾਂ ਮੁਤਾਬਕ ਭਾਰਤੀ ਨਾਗਰਿਕਾਂ ਦੀ ਰਿਹਾਈ ਪਿੱਛੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਅਹਿਮ ਭੂਮਿਕਾ ਰਹੀ, ਜਿਨ੍ਹਾਂ ਕਤਰੀ ਅਥਾਰਿਟੀਜ਼ ਨਾਲ ਗੱਲਬਾਤ ਕੀਤੀ।

ਇਸ ਦੌਰਾਨ ਕਮਾਂਡਰ(ਸੇਵਾ ਮੁਕਤ) ਪੁਰਨੇਂਦੂ ਤਿਵਾੜੀ ਦੀ ਭੈਣ ਡਾ.ਮੀਤੂ ਭਾਰਗਵ ਨੇ ਕਿਹਾ ਕਿ ਉਨ੍ਹਾਂ ਦਾ ਭਰਾ ਭਾਵੇਂ ਅਜੇ ਤੱਕ ਦੇਸ਼ ਨਹੀਂ ਪਰਤਿਆ ਪਰ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਪਰਿਵਾਰ ਬਹੁਤ ਖ਼ੁਸ਼ ਹੈ। ਇਸ ਦੌਰਾਨ ਭਾਰਗਵ ਨੇ ਗਵਾਲੀਅਰ ਵਿੱਚ ਖ਼ਬਰ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਅਤੇ ਸਰਕਾਰ ਦੇ ਨਾਲ ਕਤਰ ਦੇ ਆਮਿਰ ਦਾ ਧੰਨਵਾਦ ਕੀਤਾ ਹੈ। ਭਾਰਗਵ ਨੇ ਕਿਹਾ, ‘‘ਜੇਕਰ ਮੇਰਾ ਭਰਾ ਆ ਗਿਆ ਹੁੰਦਾ ਤਾਂ ਸਾਡੀ ਖ਼ੁਸ਼ੀ ਪੂਰੀ ਹੋ ਜਾਣੀ ਸੀ।’’