ਅੰਮ੍ਰਿਤਸਰ ਧਮਾਕਾ: ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ’ਚ ਸੁਰੱਖਿਆ ਪ੍ਰਬੰਧ ਵਧਾਏ

ਅੰਮ੍ਰਿਤਸਰ ਧਮਾਕਾ: ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ’ਚ ਸੁਰੱਖਿਆ ਪ੍ਰਬੰਧ ਵਧਾਏ

ਪ੍ਰਵੇਸ਼ ਦੁਆਰਾਂ ’ਤੇ ਪਹਿਲੀ ਵਾਰ ਮਹਿਲਾ ਮੁਲਾਜ਼ਮ ਤਾਇਨਾਤ; ਮਹਿਲਾ ਸੈਲਾਨੀਆਂ ਦੀ ਹੋਵੇਗੀ ਜਾਂਚ
ਅੰਮ੍ਰਿਤਸਰ- ਸ੍ਰੀ ਦਰਬਾਰ ਸਾਹਿਬ ਸਮੂਹ ਨੇੜੇ ਧਮਾਕਿਆਂ ਦੀਆਂ ਘਟਨਾਵਾਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਰਬਾਰ ਸਾਹਿਬ ਦੇ ਅੰਦਰ ਅਤੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧਾਂ ਵਿੱਚ ਵਾਧਾ ਕਰ ਦਿੱਤਾ ਹੈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਦੇ ਸਾਰੇ ਪ੍ਰਵੇਸ਼ ਦੁਆਰਾਂ ’ਤੇ ਮਹਿਲਾ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੈ।

ਇਸ ਧਰਮ ਅਸਥਾਨ ’ਤੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ ਜਿਨ੍ਹਾਂ ਦੀ ਆਮਦ ਨੂੰ ਧਿਆਨ ਵਿੱਚ ਰੱਖਦੇ ਹੋੲੇ ਜੋੜਾਘਰ ਨੇੜੇ ਇੱਕ ਵੱਡੇ ਆਕਾਰ ਦੀ ਐੱਲਈਡੀ ਵੀ ਲਗਾਈ ਗਈ ਹੈ, ਜੋ ਬਹੁ-ਭਾਸ਼ਾਈ ਸ਼ਬਦਾਂ ਤੇ ਆਵਾਜ਼ ਵਿੱਚ ‘ਕੀ ਕਰਨਾ ਅਤੇ ਕੀ ਨਾ ਕਰਨਾ’ ਬਾਰੇ ਜਾਣਕਾਰੀ ਦੇਵੇਗੀ। ਇਸ ਤੋਂ ਇਲਾਵਾ ਐੱਲਈਡੀ ਰਾਹੀਂ ਧਾਰਮਿਕ ਮਰਿਆਦਾ ਅਤੇ ਸਿੱਖ ਸਿਧਾਂਤਾਂ ਦੀ ਮਹੱਤਤਾ ਨੂੰ ਦਰਸਾਉਂਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਨਾਲ ਅਕਾਲ ਤਖ਼ਤ, ਇਤਿਹਾਸਕ ‘ਦੁੱਖ ਭੰਜਨੀ ਬੇਰੀ’, ‘ਬੇਰ ਬਾਬਾ ਬੁੱਢਾ ਸਾਹਿਬ’ ਅਤੇ ਲਾਚੀ ਬੇਰ ਵਰਗੇ ਹੋਰ ਮਹੱਤਵਪੂਰਨ ਸਥਾਨਾਂ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਦਰਬਾਰ ਸਾਹਿਬ ਕੰਪਲੈਕਸ ਵਿਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਪਹਿਲਾਂ ਹੀ ਵੱਖਰੇ ਪੱਕੇ ਬੋਰਡ ਲਾੲੇ ਹੋੲੇ ਹਨ, ਜਿਨ੍ਹਾਂ ’ਤੇ ਗੁਰੂ ਘਰ ਵਿਚ ਸਿਗਰਟ, ਤੰਬਾਕੂ ਜਾਂ ਕੋਈ ਵੀ ਨਸ਼ਾ ਕਰਨ ਵਾਲੀ ਵਸਤੂ ਨਾ ਲਿਜਾਣ ਬਾਰੇ ਲਿਖਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਸਾਰੇ ਕਦਮ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਚੁੱਕੇ ਗਏ ਹਨ। ਪਹਿਲੀ ਵਾਰ ਦਾਖਲਾ ਗੇਟਾਂ ‘ਤੇ ਮਹਿਲਾ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਅਤੇ ਐੱਲਈਡੀ ਲਗਾਈ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਦਰਬਾਰ ਸਾਹਿਬ ਦੇ ਪ੍ਰਵੇਸ਼ ਦੁਆਰ ‘ਤੇ ਸਕੈਨਰ ਅਤੇ ਹੋਰ ਸੀਸੀਟੀਵੀ ਲਗਾਉਣ ਦੀ ਵੀ ਯੋਜਨਾ ਹੈ। ਪਹਿਲਾਂ ਵੀ ਇੱਥੇ ਵੱਡੀ ਗਿਣਤੀ ’ਚ ਸੀਸੀਟੀਵੀ ਕੈਮਰੇ ਲੱਗੇ ਹੋੲੇ ਹਨ ਅਤੇ ਹੁਣ ਗਲਿਆਰੇ ਵਿਚ ਵੀ ਸੀਸੀਟੀਵੀ ਕੈਮਰੇ ਲਾੲੇ ਜਾਣਗੇ। ਉਨ੍ਹਾਂ ਦੱਸਿਆ ਕਿ ਮਹਿਲਾ ਮੁਲਾਜ਼ਮ ਪ੍ਰਵੇਸ਼ ਦੁਆਰਾਂ ’ਤੇ ਮਹਿਲਾ ਸੈਲਾਨੀਆਂ ਦੇ ਸਾਮਾਨ ਦੀ ਜਾਂਚ ਕਰਨਗੇ। ਸ਼੍ਰੋਮਣੀ ਕਮੇਟੀ ਵੱਲੋਂ ਦਰਬਾਰ ਸਾਹਿਬ ਤੋਂ ਇਲਾਵਾ ਹੋਰ ਗੁਰੂ ਘਰਾਂ ਵਿੱਚ ਵੀ ਇਹੀ ਸੁਰੱਖਿਆ ਪ੍ਰਕਿਰਿਆ ਅਪਣਾਈ ਜਾਵੇਗੀ।

ਕਾਬਿਲੇਗੌਰ ਹੈ ਕਿ ਹਾਲ ਹੀ ਵਿਚ ਵਾਪਰੀਆਂ ਧਮਾਕੇ ਦੀਆਂ ਘਟਨਾਵਾਂ ਦੇ ਸਬੰਧ ਵਿਚ ਕਾਬੂ ਕੀਤੇ ਗੲੇ ਮੁਲਜ਼ਮਾਂ ਦੇ ਨਾਲ ਇੱਕ ਔਰਤ ਵੀ ਸ਼ਾਮਲ ਸੀ। ਉਹ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਸ੍ਰੀ ਗੁਰੂ ਰਾਮ ਦਾਸ ਸਰਾਂ ਵਿੱਚ ਠਹਿਰੇ ਅਤੇ ਸਰਾਵਾਂ ਦੇ ਅੰਦਰ ਧਮਾਕਾ ਸਮੱਗਰੀ ਤੋਂ ਆਸਾਨੀ ਨਾਲ ਦੇਸੀ ਬੰਬ ਤਿਆਰ ਕੀਤਾ। ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ‘ਚੋਂ ਇਕ ਬੈਗ ਬਰਾਮਦ ਕੀਤਾ ਸੀ, ਜਿਸ ’ਚ ਧਮਾਕਾ ਸਮੱਗਰੀ ਸੀ। ਉਸ ਵੇਲੇ ਅਜਿਹੀ ਸੁਰੱਖਿਆ ਅਤੇ ਚੌਕਸੀ ਨਾ ਹੋਣ ਕਾਰਨ ਹੀ ਉਹ ਸਾਰੇ ਇਹ ਸਮੱਗਰੀ ਲੈ ਕੇ ਸਰਾਂ ਵਿਚ ਪੁੱਜ ਗੲੇ ਸਨ।